ਚੰਡੀਗੜ੍ਹ : ਸ਼ਹਿਰ ’ਚ ਕਰੀਬ ਇਕ ਘੰਟੇ ਤੱਕ ਵਰ੍ਹੇ ਮੀਂਹ ਨੇ ਨਿਕਾਸੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ। ਮੰਗਲਵਾਰ ਦੁਪਹਿਰ ਬਾਅਦ ਅਚਾਨਕ ਆਈ ਬਾਰਸ਼ ਕਾਰਨ ਜਗ੍ਹਾ-ਜਗ੍ਹਾ ਪਾਣੀ ਭਰ ਗਿਆ ਅਤੇ ਕਈ ਪਾਸੇ ਵਾਹਨ ਬੰਦ ਹੋ ਗਏ। ਚੌਂਕਾਂ ’ਤੇ ਜਾਮ ਦੀ ਸਥਿਤੀ ਪੈਦਾ ਹੋ ਗਈ ਅਤੇ ਪਰੇਸ਼ਾਨ ਲੋਕ ਭਿੱਜਦੇ ਹੋਏ ਨਜ਼ਰ ਆਏ। ਹਾਲਾਤ ਉਦੋਂ ਜ਼ਿਆਦਾ ਖ਼ਰਾਬ ਹੋ ਗਏ, ਜਦੋਂ ਪੀ. ਜੀ. ਆਈ. ਵਿਖੇ ਨਹਿਰੂ ਹਸਪਤਾਲ ’ਚ ਪਾਣੀ ਭਰ ਗਿਆ, ਜਿਸ ਕਾਰਨ ਮਰੀਜ਼ਾ ਨੂੰ ਔਂਕੜਾ ਦਾ ਸਾਹਮਣਾ ਕਰਨਾ ਪਿਆ।
ਪੰਜਾਬ-ਹਰਿਆਣਾ ਸਕੱਤਰੇਤ ਦੀ ਪਾਰਕਿੰਗ ਵੀ ਓਵਰਫਲੋ ਹੋ ਗਈ। ਸੈਕਟਰ-11 ਤੇ 15 ਦਰਮਿਆਨ ਅੰਡਰਪਾਸ ਡੁੱਬ ਗਿਆ। ਸੈਕਟਰ-16 ਸਥਿਤ ਰੋਜ਼ ਗਾਰਡਨ ’ਚ ਬਰਸਾਤੀ ਨਦੀ ਚੱਲ ਪਈ। ਜ਼ਿਆਦਾਤਰ ਬਦਤਰ ਸਥਿਤੀ ਉੱਤਰੀ ਹਿੱਸੇ ਦੀਆਂ ਸੜਕਾਂ, ਲਾਈਟ ਪੁਆਇੰਟਾਂ ਤੇ ਚੌਰਾਹਿਆਂ ਦੀ ਰਹੀ ਜਿੱਥੇ 2 ਤੋਂ 3 ਫੁੱਟ ਪਾਣੀ ਇਕੱਠਾ ਹੋ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਪਾਰਕਿੰਗ ’ਚ ਗੱਡੀਆਂ ਡੁੱਬ ਗਈਆਂ। ਮੱਧ ਮਾਰਗ ਤੇ ਝੀਲ ਵੱਲ ਜਾਣ ਵਾਲੀਆਂ ਸੜਕਾਂ ’ਤੇ ਜਾਮ ਸਾਹਮਣੇ ਪੁਲਸ ਮੁਲਾਜ਼ਮ ਬੇਵੱਸ ਰਹੇ। ਸਿਗਨਲਾਂ ਦੀਆਂ ਲਾਈਟਾਂ ਬੰਦ ਹੋਈਆਂ ਤਾਂ ਮੁਲਾਜ਼ਮ ਜਾਮ ਖੁੱਲ੍ਹਵਾਉਣ ’ਚ ਜੁੱਟ ਗਏ, ਪਰ 2 ਘੰਟੇ ਤੱਕ ਕਤਾਰਾਂ ਲੱਗ ਗਈਆਂ। ਲੋਕਾਂ ਨੂੰ 10 ਮਿੰਟ ਦਾ ਰਸਤਾ ਪਾਰ ਕਰਨ ’ਚ ਅੱਧੇ ਤੋਂ ਪੌਣਾ ਘੰਟਾ ਲੱਗਿਆ।
ਸੈਕਟਰ-26 ਪੁਲਸ ਲਾਈਨ ਪਿੱਛੇ ਸੁਖਨਾ ਚੌਂਕ ਦੇ ਨਾਲੇ ’ਤੋਂ ਪਾਣੀ ਵਹਿਣ ਲੱਗ ਪਿਆ। ਪੁਲਸ ਨੇ ਮਨੀਮਾਜਰਾ ਜਾਣ ਵਾਲੇ ਪੁਲ ਨੂੰ ਦੋਵੇਂ ਪਾਸਿਆਂ ਤੋਂ ਬੰਦ ਕਰ ਦਿੱਤਾ। ਤੇਜ਼ ਵਹਾਅ ਕਾਰਨ ਪੰਜਾਬ ਕਲਾ ਭਵਨ ਦੀ ਪਾਰਕਿੰਗ ਡੁੱਬ ਗਈ। ਸੈਕਟਰ-17 ਤੇ 18 ਦੀਆਂ ਸੜਕਾਂ ’ਤੇ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿ ਜਾਮ ਲੱਗ ਗਿਆ। ਸਭ ਤੋਂ ਜ਼ਿਆਦਾ ਜਾਮ ਦਫ਼ਤਰਾਂ ਦੀ ਛੁੱਟੀ ਦੌਰਾਨ ਲੱਗਾ। ਮਟਕਾ ਚੌਂਕ ਤੋਂ ਕਿਸਾਨ ਭਵਨ ਤੇ ਸੈਕਟਰ-43 ਜ਼ਿਲ੍ਹਾ ਅਦਾਲਤ ਤੱਕ ਲੰਮਾ ਜਾਮ ਰਿਹਾ। ਫਰਨੀਚਰ ਮਾਰਕੀਟ ਚੌਕ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਅੰਡਰਪਾਸ ਤੇ ਵਿਕਾਸ ਨਗਰ ’ਚ ਬਣੇ ਰੇਲਵੇ ਪੁਲ ਦੇ ਹੇਠਾਂ ਪਾਣੀ ਭਰ ਗਿਆ। ਪੁਲਸ ਨੇ ਦੋਹਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਧਾਈ ਗਈ ਸੁਰੱਖਿਆ
NEXT STORY