ਫਰੀਦਕੋਟ (ਜਗਦੀਸ਼): 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ ਤੀਜੇ ਦਿਨ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਸੀਆ ਅੱਤਿਆਚਾਰ ਵਾਲੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਕਿ ਟੀਮ ਨੇ ਪੜਤਾਲ ਮੁਕੰਮਲ ਕਰ ਲਈ ਹੈ ਅਤੇ ਹੁਣ ਤੱਕ 9 ਚਲਾਨ ਅਦਾਲਤ ’ਚ ਪੇਸ਼ ਕੀਤੇ ਜਾ ਚੁੱਕੇ ਹਨ ਜਦਕਿ ਇਕ ਚਲਾਨ ਆਉਣਾ ਅਜੇ ਬਾਕੀ ਹੈ, ਜੋ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਚਲਾਨ ਕਿਸੇ ਵੀ ਦਿਨ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਅਤੇ ਉਪ ਜ਼ਿਲ੍ਹਾ ਅਟਾਰਨੀ ਪੰਕਜ ਤਨੇਜਾ ਦੀ ਹਾਜ਼ਰੀ ਵਿਚ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲਗਭਗ 2 ਸਾਲ ਚੱਲੀ ਪੜਤਾਲ ਦੌਰਾਨ ਜੋ ਵੀ ਸਬੂਤ ਅਤੇ ਗਵਾਹ ਜਾਂਚ ਟੀਮ ਨੂੰ ਮਿਲੇ, ਉਹ ਅਦਾਲਤ ’ਚ ਪੇਸ਼ ਕਰ ਦਿੱਤੇ ਹਨ।
ਆਈ.ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਉਸ ਨੂੰ ਡਰਾਇਆ-ਧਮਕਾਇਆ ਗਿਆ, ਜਲੀਲ ਕੀਤਾ ਗਿਆ ਪਰ ਤਫਤੀਸ਼ ਨਹੀ ਛੱਡੀ, ਮਾਨਸਿਕ ਤੌਰ ’ਤੇ ਐਨਾ ਕੁ ਪ੍ਰੇਸ਼ਾਨ ਕੀਤਾ ਗਿਆ, ਭਾਵੇਂ ਉਸਦਾ ਖੁਲਾਸਾ ਅਗਾਮੀ ਦਿਨਾਂ ਵਿਚ ਕੀਤਾ ਜਾਵੇਗਾ ਪਰ ਇਸ ਦੇ ਬਾਵਜੂਦ ਉਸ ਨੇ ਨਿਰਪੱਖ ਪੜਤਾਲ ਕਰ ਕੇ ਪੀਡ਼ਤਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਕੇਸ ਵਿਚ ਮੁਆਫੀ ਦੇਣ ਮਗਰੋਂ ਪੈਦਾ ਹੋਏ ਹਾਲਾਤਾਂ ਨੂੰ ਨਜਿੱਠਣ ਲਈ ਗੋਲੀਕਾਂਡ ਕਰਵਾਇਆ ਗਿਆ। ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀਕਾਂਡ ਦੀ ਸਾਜਿਸ਼ ’ਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿੰਨਾ ਕੋਲ ਗ੍ਰਹਿ ਵਿਭਾਗ ਵੀ ਸੀ, ਉਹ ਵੀ ਉਕਤ ਕੇਸ ਵਿਚ ਸ਼ਾਮਲ ਸਨ। ਹਾਲਾਂਕਿ ਜਾਂਚ ਟੀਮ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਅਦਾਲਤ ’ਚ ਕੋਈ ਚਲਾਨ ਪੇਸ਼ ਨਹੀਂ ਕੀਤਾ। ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਾਂਚ ਟੀਮ ਨੇ ਪਡ਼ਤਾਲ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਬਕਾ ਡੀ.ਜੀ.ਪੀ. ਅਤੇ ਉੱਚ ਪੁਲਸ ਅਧਿਕਾਰੀਆਂ ਸਮੇਤ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛ-ਪੜਤਾਲ ਕੀਤੀ ਸੀ।
ਨਸ਼ੇ ’ਚ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਮੌਤ
NEXT STORY