ਚੰਡੀਗੜ੍ਹ,(ਅਸ਼ਵਨੀ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ 'ਚ ਕਣਕ ਦੀ ਖਰੀਦ ਦੇ ਕਾਰਜ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਤੇ ਮੰਡੀਆਂ 'ਚ ਪਹੁੰਚ ਰਹੀ ਕਣਕ ਨੂੰ 24 ਘੰਟੇ 'ਚ ਖਰੀਦਣ ਨੂੰ ਯਕੀਨੀ ਬਣਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ ਕਣਕ ਦੀ ਚੁਕਾਈ 'ਚ ਤੇਜ਼ੀ ਲਿਆਉਣ ਲਈ ਵੀ ਵਿਭਾਗ ਨੂੰ ਨਿਰਦੇਸ਼ ਦਿੱਤੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 60 ਫੀਸਦੀ ਤੋਂ ਵੱਧ ਫਸਲ ਪਹਿਲਾਂ ਹੀ ਮੰਡੀਆਂ 'ਚ ਪਹੁੰਚ ਚੁੱਕੀਆਂ ਹਨ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੰਡੀਆਂ 'ਚ ਕਣਕ ਪਹੁੰਚਾਉਣ 'ਚ ਤੇਜ਼ੀ ਆਈ ਹੈ ਤੇ ਰੋਜ਼ਾਨਾ 10 ਲੱਖ ਮੀਟਰਕ ਟਨ ਤੋਂ ਵੱਧ ਕਣਕ ਮੰਡੀਆਂ 'ਚ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਉਤਪਾਦਨ 'ਚ ਤਿੰਨ ਤੋਂ ਪੰਜ ਫੀਸਦੀ ਵਾਧਾ ਹੋਇਆ ਹੈ, ਜਿਸ ਕਰਕੇ ਸੂਬਾ 132 ਲੱਖ ਮੀਟਰਕ ਟਨ ਤੋਂ ਵੱਧ ਕਣਕ ਖਰੀਦ ਕੇ ਰਿਕਾਰਡ ਨੂੰ ਤੋੜਨ ਵੱਲ ਵੱਧ ਰਿਹਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਰਾਹੀਂ ਕਣਕ ਦੀ ਖਰੀਦ ਲਈ ਪਹਿਲਾਂ ਹੀ ਵਿਸ਼ਾਲ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬੇ-ਮੌਸਮੀ ਮੀਂਹ ਅਤੇ ਮੌਸਮ ਦੇ ਉਲਟ ਹਾਲਤਾਂ ਦੇ ਬਾਵਜੂਦ ਵਿਭਾਗ ਨੇ 29 ਅਪ੍ਰੈਲ ਤੱਕ 79.66 ਲੱਖ ਮੀਟਰਕ ਟਨ ਕਣਕ ਖਰੀਦ ਲਈ ਹੈ। ਬੁਲਾਰੇ ਅਨੁਸਾਰ ਸੂਬਾ ਪੱਧਰ 'ਤੇ ਕਣਕ ਦੀ ਚੁਕਾਈ ਸੀਮਤ ਹੈ। ਰੋਜ਼ਾਨਾ ਕਰੀਬ 5.5 ਲੱਖ ਮੀਟਰਕ ਟਨ ਕਣਕ ਦੀ ਚੁਕਾਈ ਹੋ ਰਹੀ ਹੈ ਜਦਕਿ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 10 ਲੱਖ ਮੀਟਰਕ ਟਨ ਕਣਕ ਮੰਡੀਆਂ 'ਚ ਪਹੁੰਚ ਰਹੀ ਹੈ। ਇਸ ਦੇ ਕਾਰਨ ਕੁੱਝ ਮੰਡੀਆਂ 'ਚ ਕਣਕ ਦੇ ਵੱਡੇ ਭੰਡਾਰ ਲੱਗੇ ਹੋਏ ਹਨ। ਖਰੀਦ ਦੇ ਸਮੇਂ ਦੌਰਾਨ ਹਰੇਕ ਸਾਲ ਕਰੀਬ 6 ਤੋਂ 7 ਦਿਨ ਇਸ ਤਰ੍ਹਾਂ ਦੀ ਹਾਲਤ ਰਹਿੰਦੀ ਹੈ। ਖਰੀਦ ਦੇ ਅੰਤਿਮ ਪੜਾਅ 'ਤੇ ਪਹੁੰਚਣ ਕਾਰਨ ਅਗਲੇ ਤਿੰਨ-ਚਾਰ ਦਿਨਾਂ 'ਚ ਸਥਿਤੀ 'ਚ ਕੁਝ ਸੁਖਾਲਾਪਨ ਆਉਣ ਦੀ ਉਮੀਦ ਹੈ। ਖਰਾਮ ਮੌਸਮ ਕਾਰਨ ਮੰਡੀਆਂ 'ਚ ਕਣਕ ਦੇਰੀ ਨਾਲ ਆਉਣ ਅਤੇ ਅਚਾਨਕ ਵੱਡੀ ਪੱਧਰ 'ਤੇ ਆਉਣੀ ਸ਼ੁਰੂ ਹੋਣ ਕਾਰਨ ਮੰਡੀਆਂ 'ਚ ਕਣਕ ਦੇ ਢੇਰ ਲੱਗੇ ਹਨ। ਹਾਲਾਂਕਿ ਬੇ-ਮੌਸਮੀ ਮੀਂਹ ਅਤੇ ਮੌਸਮ ਦੀਆਂ ਵਿਪਰੀਤ ਹਾਲਤਾਂ ਕਾਰਨ ਕਣਕ ਨੂੰ ਹੋਏ ਨੁਕਸਾਨ ਦੇ ਬਾਵਜੂਦ ਸੂਬੇ ਦੀਆਂ ਏਜੰਸੀਆਂ ਤੇਜ਼ੀ ਨਾਲ ਖਰੀਦ ਕਰ ਰਹੀਆਂ ਹਨ। ਇਸ ਦੀ ਗਵਾਈ ਇਹ ਤੱਥ ਵੀ ਭਰਦੇ ਹਨ ਕਿ ਇਕਲੇ 29 ਅਪ੍ਰੈਲ ਨੂੰ 10.8 ਮੀਟਰਕ ਟਨ ਕਣਕ ਮੰਡੀਆਂ ਦੇ 'ਚ ਆਉਣ ਦੇ ਬਾਵਜੂਦ ਸਿਰਫ 3.6 ਲੱਖ ਮੀਟਰਕ ਟਨ ਕਣਕ ਦਿਨ ਦੀ ਖਰੀਦ ਬੰਦ ਹੋਣ ਤੱਕ ਅਣਵਿਕੀ ਰਹੀ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਸ ਦਿਨ ਮੰਡੀ 'ਚ ਪਹੁੰਚਣ ਵਾਲੀ ਕਣਕ ਦਾ 70 ਫੀਸਦੀ ਤੋਂ ਵੱਧ ਖਰੀਦੀਆ ਗਿਆ।
ਲਾਪਤਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਲਾਸ਼ ਮਿਲੀ
NEXT STORY