ਪਟਿਆਲਾ, (ਬਲਜਿੰਦਰ, ਪਰਮੀਤ)— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਯੂਥ ਵਿੰਗ ਦੇ ਇੰਚਾਰਜ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਿਜਲੀ ਬਿੱਲ ਲਗਾ ਕੇ ਕਿਸਾਨਾਂ ਦਾ ਲਹੂ ਨਿਚੋੜਨ ਦੀਆਂ ਕਾਂਗਰਸ ਪਾਰਟੀ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਦੇਵੇਗਾ। ਇਥੇ ਜਾਰੀ ਕੀਤੇ ਇਕ ਬਿਆਨ 'ਚ ਮਜੀਠੀਆ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੇ ਉਲਟ ਫੈਸਲੇ ਲਏ ਹਨ। ਪਹਿਲਾਂ ਵੀ 2002 ਤੋਂ 2007 ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਬੰਬੀਆਂ ਦੇ ਬਿੱਲ ਲਗਾ ਕੇ ਕਿਸਾਨਾਂ ਦਾ ਕਚੂਮਰ ਕੱਢਿਆ ਸੀ, ਜਦਕਿ ਦਰਵੇਸ਼ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੰਬੀਆਂ ਦੇ ਬਿੱਲ ਮੁਆਫ ਕਰ ਕੇ ਕਿਸਾਨਾਂ ਦੀ ਜਾਨ 'ਚ ਜਾਨ ਪਾਈ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਮੇਸ਼ਾ ਤੋਂ ਇਤਿਹਾਸ ਰਿਹਾ ਹੈ ਕਿ ਇਹ ਸਿਰਫ ਕਿਸਾਨਾਂ ਹੀ ਨਹੀਂ ਬਲਕਿ ਕਿਰਤੀ ਵਰਗ ਤੇ ਮਜ਼ਦੂਰਾਂ ਦੀ ਵੀ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਪਿਛਲੀ ਕਾਂਗਰਸ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੋਕ ਵਿਰੋਧੀ ਫੈਸਲੇ ਲਏ ਗਏ ਤੇ ਲਾਗੂ ਕੀਤੇ ਗਏ ਸਨ, ਹੁਣ ਵੀ ਉਸੇ ਤਰੀਕੇ ਸਰਕਾਰ ਲੋਕਾਂ ਦਾ ਕਚੂਮਰ ਕੱਢਣਾ ਚਾਹੁੰਦੀ ਹੈ। ਮਜੀਠੀਆ ਨੇ ਕਿਹਾ ਕਿ ਸੂਬੇ 'ਚ ਇਕ ਪਾਸੇ ਤਾਂ ਕਾਂਗਰਸ ਸਰਕਾਰ ਬੀਜ ਘੁਟਾਲਾ ਕਰ ਕੇ ਕਿਸਾਨਾਂ ਨੂੰ ਤਬਾਹ ਕਰ ਰਹੀ ਹੈ ਜਦਕਿ ਦੂਜੇ ਪਾਸੇ ਬੰਬੀਆਂ ਦੇ ਬਿੱਲ ਲਗਾ ਕੇ ਕਿਸਾਨਾਂ ਦੀ ਜਾਨ ਕੱਢਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਇਹ ਸਾਜ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਤੇ ਇਸ ਮਾਮਲੇ 'ਤੇ ਲੋਕ ਲਹਿਰ ਬਣਾ ਕੇ ਕਾਂਗਰਸ ਸਰਕਾਰ ਨੂੰ ਕਿਸਾਨ ਹਿਤੈਸ਼ੀ ਤੇ ਲੋਕ ਹਿਤੈਸ਼ੀ ਫੈਸਲੇ ਲੈਣ ਲਈ ਮਜਬੂਰ ਕਰ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕਾਂ ਦੇ ਹਿਤਾਂ ਵਾਸਤੇ ਡਟਿਆ ਹੈ ਤੇ ਹਮੇਸ਼ਾ ਡਟਿਆ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਜ਼ਬਰ ਤੇ ਜ਼ੁਲਮ ਤੋਂ ਅਕਾਲੀ ਨਾ ਕਦੇ ਡਰੇ ਹਨ ਤੇ ਨਾ ਹੀ ਡਰਨਗੇ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ 5600 ਕਰੋੜ ਦਾ ਸ਼ਰਾਬ ਘੁਟਾਲਾ ਕੀਤਾ, ਸ਼ਰਾਬ ਦੇ ਠੇਕੇਦਾਰਾਂ ਦੇ ਪੈਸੇ ਮੁਆਫ ਕੀਤੇ ਅਤੇ ਬੀਜ ਘੁਟਾਲਾ ਕਰਕੇ ਕਿਸਾਨੀ ਦਾ ਲੱਕ ਤੋੜਿਆ ਅਤੇ ਹੁਣ ਚੁਪ ਚਪੀਤੇ ਬਿਜਲੀ ਦੇ ਬਿਲ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਦੇ ਕਿਸੇ ਵੀ ਕੀਮਤ 'ਤੇ ਸਹਿਨ ਨਹੀਂ ਕਰੇਗਾ।
ਨਸ਼ਾ ਕਰ ਕੇ ਵਿਅਕਤੀ ਨੇ ਭਾਖੜਾ ਨਹਿਰ 'ਚ ਮਾਰੀ ਛਾਲ
NEXT STORY