ਪਟਿਆਲਾ,(ਪਰਮੀਤ) : ਪੰਜਾਬ ਪੁਲਸ ਦੇ ਇਕ ਸਬ ਇੰਸਪੈਕਟਰ ਨੇ ਕੋਰੋਨਾ ਵਾਇਰਸ ਬਿਮਾਰੀ ਦੇ ਇਲਾਜ ਲਈ ਕੀਤੀ ਜਾਣ ਵਾਲੀ ਖੋਜ ਵਾਸਤੇ ਆਪਣਾ ਸਰੀਰ ਦੇਣ ਦੀ ਪੇਸ਼ਕਸ਼ ਕੀਤੀ ਹੈ। 52 ਸਾਲਾ ਦੇ ਇਸ ਸਬ ਇੰਸਪੈਕਟਰ ਬਲਜੀਤ ਸਿੰਘ ਨੇ 'ਜਗਬਾਣੀ' ਨੂੰ ਦੱਸਿਆ ਕਿ ਉਹ ਜਿਥੇ ਬਿਮਾਰੀ ਦੇ ਇਲਾਜ ਵਾਸਤੇ ਸਰੀਰ ਦੇਣ ਲਈ ਤਿਆਰ ਹੈ, ਉਥੇ ਹੀ ਬਿਮਾਰੀ ਦੇ ਇਲਾਜ ਵਾਸਤੇ ਤਿਆਰ ਕੀਤੀ ਗਈ ਕਿਸੇ ਵੀ ਦਵਾਈ ਦਾ ਟਰਾਇਲ ਦੇਣ ਵਾਸਤੇ ਵੀ ਆਪਣਾ ਸਰੀਰ ਦੇਣ ਲਈ ਤਿਆਰ ਹੈ।
ਮੂਲ ਰੂਪ 'ਚ ਜਲੰਧਰ ਦੇ ਰਹਿਣ ਵਾਲਾ ਸਬ ਇੰਸਪੈਕਟਰ ਬਲਜੀਤ ਸਿੰਘ 35 ਸਾਲਾਂ ਤੋਂ ਪੰਜਾਬ ਪੁਲਸ 'ਚ ਨੌਕਰੀ ਕਰ ਰਿਹਾ ਹੈ। ਉਸ ਦੀ ਡਿਊਟੀ ਪਹਿਲਾਂ ਚੰਡੀਗੜ੍ਹ ਸੀ ਤੇ ਹੁਣ ਕਰਫਿਊ ਕਾਰਨ ਪਟਿਆਲਾ 'ਚ ਲਗਾਈ ਗਈ ਹੈ ਤੇ ਉਹ ਇਥੇ ਪੰਜਾਬੀ ਯੂਨੀਵਰਸਿਟੀ 'ਚ ਰਹਿ ਰਿਹਾ ਹੈ। ਇਕ ਲੜਕੇ ਤੇ ਦੋ ਲੜਕੀਆਂ ਦੇ ਪਿਤਾ ਬਲਜੀਤ ਸਿੰਘ ਨੇ ਕਿਹਾ ਕਿ ਉਹ ਸਮਝਦਾ ਹੈ ਕਿ ਜਾਨ ਤਾਂ ਇਕ ਦਿਨ ਜਾਣੀ ਹੀ ਹੈ ਕਿਉਂ ਨਾ ਇਸ ਬਿਮਾਰੀ ਦੇ ਇਲਾਜ ਲੱਭਣ ਵਾਸਤੇ ਆਪਣੇ ਸਰੀਰ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ ਜਾਵੇ। ਉਸ ਨੇ ਕਿਹਾ ਕਿ ਜੇਕਰ ਬਿਮਾਰੀ ਦੇ ਇਲਾਜ ਲਈ ਦਵਾਈਆਂ ਵਾਸਤੇ ਕੋਈ ਟਰਾਇਲ ਕੀਤਾ ਜਾਣਾ ਹੈ ਤਾਂ ਵੀ ਉਹ ਆਪਣਾ ਸਰੀਰ ਦੇਣ ਵਾਸਤੇ ਖੁਸ਼ੀ-ਖੁਸ਼ੀ ਰਾਜ਼ੀ ਹੈ।
ਦੱਸਣਯੋਗ ਹੈ ਕਿ ਕੋਰੋਨਾਵਾਇਰਸ ਬਿਮਾਰੀ ਦੇ ਇਲਾਜ ਦੀ ਦਵਾਈ 'ਤੇ ਇਸ ਵੇਲੇ ਦੁਨੀਆਂ ਭਰ 'ਚ ਖੋਜ ਹੋ ਰਹੀ ਹੈ ਤੇ ਕੁਝ ਦੇਸ਼ਾਂ ਦੀਆਂ ਏਜੰਸੀਆਂ ਮਨੁੱਖੀ ਸਰੀਰ 'ਤੇ ਤਜਰਬਾ ਕਰਨ ਦੀ ਤਲਾਸ਼ ਵਿਚ ਹਨ। ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਕ ਕੌਮਾਂਤਰੀ ਨਿਊਜ਼ ਚੈਨਲ 'ਤੇ ਇਸ ਬਾਰੇ ਵੇਖਿਆ ਸੀ ਕਿ ਮਨੁੱਖੀ ਸਰੀਰ ਦੀ ਲੋੜ ਹੈ, ਇਸੇ ਨੂੰ ਵੇਖ ਕੇ ਉਸ ਦੇ ਮਨ 'ਚ ਸਰੀਰ ਦੇਣ ਦੀ ਪੇਸ਼ਕਸ਼ ਕਰਨ ਦਾ ਵਿਚਾਰ ਆਇਆ।
ਪੁਲਸ ਨੇ ਕਰਵਾਇਆ 6 ਪ੍ਰਵਾਸੀ ਮਜ਼ਦੂਰਾਂ ਦਾ ਕੋਰੋਨਾ ਟੈਸਟ
NEXT STORY