ਸੰਗਰੂਰ, (ਬੇਦੀ, ਹਰਜਿੰਦਰ)- ਖੇਡ਼ੀ ਦੇ ਦਲਿਤਾਂ ਦੇ ਪਲਾਟਾਂ ’ਚੋਂ ਇੱਟਾਂ ਚੁੱਕਣ ਖਿਲਾਫ ਦਲਿਤ ਪਰਿਵਾਰਾਂ ਨੇ ਥਾਣਾ ਸਦਰ ਸੰਗਰੂਰ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਧੱਕੇ ਨਾਲ ਇੱਟਾਂ ਚੁੱਕਣ ਵਾਲੇ ਉਚ ਜਾਤੀ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿੰਡ ਖੇਡ਼ੀ ਇਕਾਈ ਦੇ ਆਗੂ ਦਰਸ਼ਨ ਸਿੰਘ ਅਤੇ ਜੰਗੀਰ ਸਿੰਘ ਨੇ ਦੱਸਿਆ ਕਿ ਕੱਲ ਅਸੀਂ ਆਪਣੀਆਂ ਕਾਲੋਨੀਆਂ ਵਿਚ ਕਈ ਮਕਾਨਾਂ ਦੀ ਉਸਾਰੀ ਲਈ ਕਰੀਬ 10,000 ਇੱਟਾਂ ਮੰਗਵਾਈਆਂ ਸਨ ਤੇ ਦਿਨ ਸਮੇਂ ਆਪਣੇ ਮਕਾਨਾਂ ਦੀਆਂ ਨੀਹਾਂ ਵਗੈਰਾ ਪੁੱਟ ਕੇ ਅਸੀਂ ਸ਼ਾਮ ਨੂੰ ਆਪਣੇ ਘਰ ਚਲੇ ਗਏ। ਰਾਤ ਨੂੰ ਕਰੀਬ 8 ਵਜੇ ਸਾਨੂੰ ਪਤਾ ਲੱਗਾ ਕਿ ਕੁਝ ਲੋਕ ਸਾਡੀਆਂ ਇੱਟਾਂ ਚੁੱਕ ਰਹੇ ਸਨ। ਸਾਡੇ ਕੁਝ ਵਿਅਕਤੀ ਜਦੋਂ ਮੌਕੇ ’ਤੇ ਗਏ ਤਾਂ ਉੱਥੇ ਕੁੱਝ ਲੋਕ 3 ਟਰੈਕਟਰ-ਟਰਾਲੀਆਂ ’ਚ ਇੱਟਾਂ ਲੱਦ ਰਹੇ ਸਨ, ਸਾਡੇ ਰੋਕਣ ’ਤੇ ਉਹ ਸਾਨੂੰ ਮਾਰਨ ਪੈ ਗਏ। ਸਾਡੇ ਬੰਦੇ ਅਪਾਹਜ ਅਤੇ ਬਜ਼ੁਰਗ ਹੋਣ ਕਾਰਨ ਡਰ ਗਏ ਤੇ ਉਹ ਧੱਕੇ ਨਾਲ ਸਾਡੀਆਂ ਕਰੀਬ 9000 ਇੱਟਾਂ ਟਰਾਲੀਆਂ ’ਚ ਪਾ ਕੇ ਲੈ ਗਏ। ਇਸੇ ਦੌਰਾਨ ਸਾਨੂੰ ਪਤਾ ਲੱਗਾ ਕਿ ਉਕਤ ਦੋਸ਼ੀਆਂ ਨੇ ਸਾਡੇ ਖਿਲਾਫ ਥਾਣਾ ਸਦਰ ਵਿਖੇ ਝੂਠੀ ਦਰਖਾਸਤ ਦਿੱਤੀ ਹੋਈ ਹੈ। ਰਾਤ ਪੁਲਸ ਸਾਡੇ ਕੁਝ ਬੰਦਿਆਂ ਨੂੰ ਥਾਣੇ ਵੀ ਲੈ ਆਈ ਅਤੇ ਕਿਹਾ ਕਿ ਤੁਹਾਡੇ ਖਿਲਾਫ ਬੀ. ਡੀ. ਪੀ. ਓ. ਨੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਦਰਖਾਸਤ ਦਿੱਤੀ ਹੈ। ਜਦੋਂ ਅੱਜ ਅਸੀਂ ਥਾਣੇ ਆ ਕੇ ਪਤਾ ਕੀਤਾ ਤਾਂ ਉਪਰੋਕਤ ਦਰਖਾਸਤ ਸਾਡੀਆਂ ਇੱਟਾਂ ਚੁੱਕਣ ਵਾਲੇ ਦੋਸ਼ੀਆਂ ਨੇ ਹੀ ਦਿੱਤੀ ਹੈ, ਜਿੰਨਾ ਦਾ ਸਾਡੀਆਂ ਕਾਲੋਨੀਆਂ ਨਾਲ ਕੋਈ ਵਾਹ ਵਾਸਤਾ ਨਹੀ ਹੈ।
®ਹੁਣ ਅਸੀਂ ਐੱਸ.ਐੱਚ. ਓ. ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਖਿਲਾਫ ਇੱਟਾਂ ਧੱਕੇ ਨਾਲ ਖੋਹਣ ਅਤੇ ਡਰਾਉਣ ਧਮਕਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਮਜ਼ਦੂਰਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੀਆਂ ਇੱਟਾਂ ਵਾਪਸ ਦਿਵਾਈਆਂ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਅਤੇ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ’ਤੇ ਆਪਣੇ ਮਕਾਨ ਉਸਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ ਅਤੇ ਅਜਿਹਾ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਜਾਵੇਗੀ।
ਇਸ ਮੌਕੇ ਇਕਾਈ ਆਗੂ ਅਮਰੀਕ ਸਿੰਘ, ਜੰਗ ਸਿੰਘ, ਬਾਬੂ ਸਿੰਘ, ਸਾਧੂ ਸਿੰਘ, ਸਰਬਜੀਤ ਕੌਰ ਅਤੇ ਸੰਘਰਸ਼ ਕਮੇਟੀ ਆਗੂ ਜਗਰੂਪ ਸਿੰਘ ਘਾਬਦਾਂ, ਗੁਰਦੇਵ ਸਿੰਘ ਘਾਬਦਾਂ ਵੀ ਹਾਜ਼ਰ ਸਨ।
ਜ਼ੀਰਕਪੁਰ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ
NEXT STORY