ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਮੰਡੀ ਲੱਖੇਵਾਲੀ ਨੂੰ ਮਿੰਨੀ ਚੰਡੀਗਡ਼੍ਹ ਬਣਾਉਣ ਦੇ ਲਾਰੇ ਕਈ ਵਾਰ ਲਾਏ ਹਨ ਪਰ ਅਸਲ ਸੱਚਾਈ ਇਹ ਹੈ ਕਿ ਅਾਜ਼ਾਦੀ ਦੇ 70 ਸਾਲ ਬੀਤਣ ਦੇ ਬਾਵਜੂਦ ਮੰਡੀ ਲੱਖੇਵਾਲੀ ਵਿਕਾਸ ਕਾਰਜਾਂ ਤੋਂ ਅਜੇ ਤੱਕ ਵਾਂਝੀ ਪਈ ਹੈ। ਮੰਡੀ ਵਾਸੀ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਰਹਿੰਦੇ ਹਨ ਕਿ ਸ਼ਾਇਦ ਸਾਡੀ ਫਰਿਆਦ ਸੁਣੀ ਜਾਵੇ ਪਰ ਸਿਆਸੀ ਆਗੂਆਂ ਦੀ ਮਿਹਰ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਬਣੀ ਇਸ ਮੰਡੀ ’ਤੇ ਨਹੀਂ ਪਈ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ।
ਭਾਵੇਂ ਮੰਡੀ ਲੱਖੇਵਾਲੀ ਨੂੰ ਸਬ-ਤਹਿਸੀਲ ਦਾ ਦਰਜਾ ਤਾਂ ਦਿੱਤਾ ਗਿਆ ਹੈ ਪਰ ਇੱਥੋਂ ਦੇ ਵਸਨੀਕਾਂ ਨੂੰ ਸਹੂਲਤ ਕੋਈ ਨਹੀਂ ਮਿਲ ਰਹੀ, ਜੇਕਰ ਵੇਖਿਆ ਜਾਵੇ ਤਾਂ ਸੁੰਦਰਤਾ ਪੱਖੋਂ ਵੀ ਮੰਡੀ ਦੀ ਦਿੱਖ ਕੋਈ ਬਹੁਤੀ ਚੰਗੀ ਨਹੀਂ ਲੱਗਦੀ। ਸਵੱਛ ਭਾਰਤ ਮੁਹਿੰਮ ਦੀ ਲਹਿਰ ਕਿਧਰੇ ਵੀ ਦਿਖਾਈ ਨਹੀਂ ਦੇ ਰਹੀ। ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਮੰਡੀ ਵਾਸੀਆਂ ਵਾਸਤੇ ਗੰਭੀਰ ਬਣੀ ਹੋਈ ਹੈ। ਨਿਕਾਸੀ ਨਾ ਹੋਣ ਕਾਰਨ ਨਾਲੀਆਂ ਵਿਚ ਗੰਦਾ ਪਾਣੀ ਖਡ਼੍ਹਾ ਰਹਿੰਦਾ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਕਤ ਮੰਡੀ ਦੀਆਂ ਸਮੱਸਿਆਵਾਂ ਸਬੰਧੀ ‘ਜ ਗਬਾਣੀ’ ਵੱਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਮੰਡੀ ਲੱਖੇਵਾਲੀ ਵਿਖੇ ਨਹੀਂ ਹੈ ਸਰਕਾਰੀ ਹਸਪਤਾਲ
ਸਰਕਾਰ ਸ਼ਹਿਰਾਂ ਤੋਂ ਦੂਰ-ਦੁਰਾਡੇ ਵਾਲੇ ਖੇਤਰਾਂ ਵਿਚ ਭਾਵੇਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਮੰਡੀ ਲੱਖੇਵਾਲੀ ਅਜੇ ਤੱਕ ਸਿਹਤ ਸਹੂਲਤਾਂ ਤੋਂ ਵੀ ਸੱਖਣੀ ਹੈ ਕਿਉਂਕਿ ਇੱਥੇ ਸਰਕਾਰੀ ਹਸਪਤਾਲ ਹੀ ਨਹੀਂ ਹੈ। ਮੰਡੀ ਵਾਸੀ ਪਿਛਲੇ ਲੰਮੇ ਸਮੇਂ ਤੋਂ ਇੱਥੇ ਸਰਕਾਰੀ ਹਸਪਤਾਲ ਬਣਾਉਣÎ ਦੀ ਮੰਗ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ।
ਦਾਣਾ ਮੰਡੀ ਬਾਹਰ ਲਿਜਾਣ ਦੀ ਮੰਗ
ਮੰਡੀ ਵਾਸੀ ਕੇਵਲ ਕ੍ਰਿਸ਼ਨ ਨਾਗਪਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀ ਵਿਚ, ਜੋ ਕਿਸਾਨਾਂ ਦੀਆਂ ਫ਼ਸਲਾਂ ਖਰੀਦਣ ਲਈ ਦਾਣਾ ਮੰਡੀ ਬਣਾਈ ਗਈ ਹੈ, ਉਸ ਨੂੰ ਬਾਹਰ ਪਈ ਖਾਲੀ ਪੰਚਾਇਤੀ ਜ਼ਮੀਨ ਵਿਚ ਬਣਾਇਆ ਜਾਵੇ ਕਿਉਂਕਿ ਮੰਡੀ ਵਾਲਾ ਥਾਂ ਬਹੁਤ ਘੱਟ ਹੈ। ਸੀਜ਼ਨ ਵੇਲੇ ਸਾਰਾ ਥਾਂ ਭਰ ਜਾਂਦਾ ਹੈ। ਧੂੜ-ਮਿੱਟੀ ਉੱਡਣ ਕਰ ਕੇ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਬੀਮਾਰੀਆਂ ਲੱਗਣ ਦਾ ਖਤਰਾ ਹੈ।
ਨਹੀਂ ਬਣਾਈ ਗਈ ਮਾਰਕੀਟ ਕਮੇਟੀ
ਜ਼ਿਕਰਯੋਗ ਹੈ ਕਿ ਉਕਤ ਮੰਡੀ ਵਿਚ ਅਜੇ ਤੱਕ ਗ੍ਰਾਮ ਪੰਚਾਇਤ ਹੀ ਕੰਮ ਕਰ ਰਹੀ ਹੈ, ਜਦਕਿ ਮੰਡੀ ਵਾਸੀਆਂ ਦੀ ਮੰਗ ਹੈ ਕਿ ਇੱਥੇ ਮਾਰੀਕਟ ਕਮੇਟੀ ਬਣਾਈ ਜਾਵੇ ਅਤੇ ਜੋ ਪੈਸਾ ਮਾਰਕੀਟ ਕਮੇਟੀ ਦਾ ਇਕੱਠਾ ਹੋਵੇਗਾ, ਉਹ ਮੰਡੀ ਦੇ ਵਿਕਾਸ ’ਤੇ ਲਾਇਆ ਜਾਵੇ।
ਬੱਸ ਸਟਾਪ ਬਣਾਉਣ ਦੀ ਲੋਡ਼
ਇੱਥੋਂ ਦੇ ਵਸਨੀਕਾਂ ਲਾਲ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਅਤੇ ਧਨਵੰਤ ਸਿੰਘ ਬਰਾਡ਼ ਨੇ ਮੰਗ ਕੀਤੀ ਹੈ ਕਿ ਮੰਡੀ ਲੱਖੇਵਾਲੀ ਵਿਖੇ ਬੱਸਾਂ ਦੇ ਖਡ਼੍ਹਨ ਲਈ ਬੱਸ ਸਟਾਪ ਬਣਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਉਕਤ ਮੰਡੀ ਨੂੰ ਬੱਸਾਂ ਦੇ ਕਰੀਬ 70 ਟਾਈਮ ਆਉਂਦੇ-ਜਾਂਦੇ ਹਨ ਪਰ ਬੱਸਾਂ ਦੇ ਖਡ਼੍ਹਨ ਲਈ ਕੋਈ ਬੱਸ ਸਟਾਪ ਹੀ ਨਹੀਂ ਹੈ ਅਤੇ ਬੱਸਾਂ ਸਡ਼ਕ ’ਤੇ ਉਂਝ ਹੀ ਖਡ਼੍ਹਦੀਆਂ ਹਨ, ਜਿਸ ਨਾਲ ਟਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ।
ਸਬ-ਤਹਿਸੀਲ ’ਚ ਨਹੀਂ ਮਿਲਦੇ ਅਸ਼ਟਾਮ ਤੇ ਟਿਕਟਾਂ
ਭਾਵੇਂ ਸਬ-ਤਹਿਸੀਲ ਤਾਂ ਇੱਥੇ ਮੌਜੂਦ ਹੈ ਪਰ ਇੱਥੇ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਬਹੁਤ ਘੱਟ ਮਿਲਦੀਆਂ ਹਨ ਕਿਉਂਕਿ ਇੱਥੇ ਨਾ ਤਾਂ ਕੋਈ ਅਸ਼ਟਾਮ ਮਿਲਦਾ ਹੈ ਅਤੇ ਨਾ ਕੋਈ ਟਿਕਟ ਮਿਲਦੀ ਹੈ। ਮੰਡੀ ਤੋਂ ਬਾਹਰ ਨੰਦਗਡ਼੍ਹ ਰੋਡ ’ਤੇ ਬਣੀ ਸਬ-ਤਹਿਸੀਲ ’ਚੋਂ ਫਿਰ ਵਾਪਸ ਲੋਕ ਮੰਡੀ ਵਿਚ ਆਉਂਦੇ ਹਨ, ਜਿੱਥੋਂ ਟਿਕਟ ਤਾਂ ਮਹਿੰਗੀ ਮਿਲ ਜਾਂਦੀ ਹੈ ਪਰ ਅਸ਼ਟਾਮ ਲੈਣ ਲਈ ਫਿਰ ਇੱਥੋਂ 20 ਕਿਲੋਮੀਟਰ ਦੂਰ ਸ੍ਰੀ ਮੁਕਤਸਰ ਸਾਹਿਬ ਜਾਣਾ ਪੈਂਦਾ ਹੈ ਅਤੇ ਵਾਪਸ ਆਉਂਦਿਆਂ ਦੇਰੀ ਹੋ ਜਾਂਦੀ ਹੈ।
ਖਸਤਾ ਹੋ ਚੁੱਕੀ ਹੈ ਥਾਣੇ ਦੀ ਇਮਾਰਤ
ਇੱਥੇ ਪੁਲਸ ਥਾਣਾ ਪਿਛਲੇ ਕਰੀਬ 4 ਦਹਾਕਿਆਂ ਤੋਂ ਇਕ ਘਰ ਵਿਚ ਹੀ ਚੱਲ ਰਿਹਾ ਹੈ ਅਤੇ ਥਾਣੇ ਦੀ ਇਹ ਇਮਾਰਤ ਖਸਤਾ ਬਣ ਚੁੱਕੀ ਹੈ। ਥਾਂ ਵੀ ਬਹੁਤ ਨੀਵਾਂ ਹੈ ਤੇ ਮੀਂਹ ਪੈਣ ਤੋਂ ਬਾਅਦ ਪਾਣੀ ਭਰ ਜਾਂਦਾ ਹੈ। ਲੋਕਾਂ ਦੀ ਸੁਰੱਖਿਆ ਕਰਨ ਵਾਲੇ ਪੁਲਸ ਮੁਲਾਜ਼ਮ ਇੱਥੇ ਖੁਦ ਵੀ ਸੁਰੱਖਿਅਤ ਨਹੀਂ। ਪੁਲਸ ਥਾਣੇ ਦੀ ਆਧੁਨਿਕ ਸਹੂਲਤਾਂ ਵਾਲੀ ਸਰਕਾਰੀ ਇਮਾਰਤ ਬਣਾਉਣ ਦੀ ਲੋਡ਼ ਹੈ।
ਪਾਵਰਕਾਮ ਦੇ ਸਬ-ਦਫ਼ਤਰ ਨੂੰ ਡਵੀਜ਼ਨ ਦਾ ਦਰਜਾ ਦੇਣ ਦੀ ਮੰਗ
ਪੰਜਾਬ ’ਚ ਪਾਵਰਕਾਮ ਵਿਭਾਗ ਦਾ ਮੰਡੀ ਲੱਖੇਵਾਲੀ ਤੋਂ ਸਿਵਾਏ ਹੋਰ ਕਿਤੇ ਵੀ ਸਬ-ਦਫ਼ਤਰ ਨਹੀਂ ਹੈ ਅਤੇ ਸਾਰੇ ਥਾਵਾਂ ਉੱਪਰ ਡਵੀਜ਼ਨਾਂ ਹੀ ਹਨ। ਦਫ਼ਤਰ ਦੀ ਜੋ ਇਮਾਰਤ ਹੈ, ਉਹ ਬੇਹੱਦ ਖਸਤਾ ਹਾਲਤ ਵਿਚ ਹੈ ਅਤੇ ਨਵੀਂ ਇਮਾਰਤ ਬਣਾਉਣ ਦੀ ਲੋਡ਼ ਹੈ। ਇਹ ਵੀ ਮੰਗ ਹੈ ਕਿ ਸਬ-ਦਫ਼ਤਰ ਨੂੰ ਡਵੀਜ਼ਨ ਦਾ ਦਰਜਾ ਦਿੱਤਾ ਜਾਵੇ।
ਨਹੀਂ ਹੈ ਲਡ਼ਕੀਆਂ ਦਾ ਕਾਲਜ
ਇਸ ਖੇਤਰ ਦੇ ਸਾਰੇ ਪਿੰਡਾਂ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਲਡ਼ਕੀਆਂ ਦੇ ਪਡ਼੍ਹਨ ਲਈ ਮੰਡੀ ਲੱਖੇਵਾਲੀ ਵਿਖੇ ਕਾਲਜ ਬਣਾਇਆ ਜਾਵੇ ਤਾਂ ਕਿ ਉਹ ਲਡ਼ਕੀਆਂ ਵੀ ਪਡ਼੍ਹ-ਲਿਖ ਸਕਣ, ਜਿਨ੍ਹਾਂ ਦੇ ਗਰੀਬ ਮਾਪੇ ਆਪਣੀਆਂ ਧੀਆਂ ਨੂੰ ਬਾਹਰਲੇ ਕਾਲਜਾਂ ਵਿਚ ਪੈਸੇ ਦੀ ਘਾਟ ਕਾਰਨ ਨਹੀਂ ਪਡ਼੍ਹਾ ਸਕਦੇ।
ਪੀਣ ਵਾਲੇ ਪਾਣੀ ਦੀ ਘਾਟ
ਮੰਡੀ ਲੱਖੇਵਾਲੀ ਦੇ ਜ਼ਿਆਦਾਤਰ ਖੇਤਰ ਵਿਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰ ਕੇ ਪੀਣ ਯੋਗ ਨਹੀਂ ਹੈ। ਇਸ ਵਿਚ ਤੇਜ਼ਾਬ ਅਤੇ ਸ਼ੋਰੇ ਦੇ ਤੱਤ ਬਹੁਤ ਜ਼ਿਆਦਾ ਹਨ। ਪੀਣ ਲਈ ਲੋਕ ਜਾਂ ਤਾਂ ਆਰ. ਓ. ਸਿਸਟਮ ਵਾਲਿਆਂ ਤੋਂ ਪਾਣੀ ਮੁੱਲ ਲੈਂਦੇ ਹਨ ਜਾਂ ਮੰਡੀ ਤੋਂ ਬਾਹਰ ਵਾਲੇ ਇਲਾਕੇ ’ਚੋਂ ਪਾਣੀ ਭਰ ਕੇ ਲਿਆਉਂਦੇ ਹਨ।
ਦੇਸ਼ ’ਚ ਹਰ ਸਾਲ 12,000 ਕਿਸਾਨ ਖੁਦਕੁਸ਼ੀਅਾਂ ਕਰ ਕੇ ਪਾ ਜਾਂਦੇ ਹਨ ਪਰਿਵਾਰਕ ਵਿਛੋਡ਼ੇ
NEXT STORY