ਧਨੌਲਾ, (ਰਵਿੰਦਰ)- ਝੋਨੇ ’ਚ ਆ ਰਹੀ ਵੱਧ ਨਮੀ ਕਾਰਨ ਖਰੀਦ ’ਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਕਿਸਾਨ ਯੂਨੀਅਨ ਅਤੇ ਆਡ਼੍ਹਤੀ ਐਸੋਸੀਏਸ਼ਨ ਨੇ ਕੌਮੀ ਮੁੱਖ ਮਾਰਗ ਜਾਮ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਚੰਡੀਗਡ਼੍ਹ-ਬਠਿੰਡਾ ਕੌਮੀ ਮੁੱਖ ਮਾਰਗ ਉੱਪਰ ਲਗਾਏ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਥੇ ਕਿਸਾਨ ਝੋਨੇ ’ਚ ਵੱਧ ਆ ਰਹੀ ਨਮੀ ਕਾਰਨ ਖਰੀਦ ਨਾ ਹੋਣ ਤੋਂ ਲਗਾਤਾਰ ਪ੍ਰੇਸ਼ਾਨ ਹਨ। ਹਰ ਰੋਜ਼ ਰੋਸ ਪ੍ਰਦਰਸ਼ਨ ਕਰ ਖਰੀਦ ਪ੍ਰਬੰਧਾਂ ਵਿਚ ਤੇਜ਼ੀ ਲਿਆਉਣ ਦੀ ਮੰਗ ਕਰ ਰਹੇ ਹਨ ਕਿਉਂਕਿ ਕਣਕ ਦੀ ਬੀਜਾਈ ਦਾ ਸੀਜ਼ਨ ਵੀ ਸਿਰ ’ਤੇ ਆ ਗਿਆ ਹੈ। ਉਥੇ ਹੀ ਆਡ਼੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀ ਮੰਗ ਹੈ ਕਿ ਸਰਕਾਰ ਨਮੀ ’ਚ ਛੋਟ ਦੇਵੇ ਕਿਉਂਕਿ ਸ਼ੈਲਰ ਮਾਲਕਾਂ ਦਾ ਤਰਕ ਹੈ ਕਿ ਵੱਧ ਨਮੀ ਕਰਕੇ ਅਸੀਂ ਵੀ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਇਕ ਕੁਇੰਟਲ ਪਿੱਛੇ 67 ਕਿਲੋ ਚਾਵਲ ਕਿਸੇ ਤਰੀਕੇ ਵੀ ਨਹੀਂ ਦੇ ਸਕਦੇ। ਮੌਕੇ ਉੱਪਰ ਪਹੁੰਚੇ ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਨੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਬੁਲਾ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੱਲ ਤੋਂ ਬੋਲੀ ਚਾਲੂ ਕਰਵਾਕੇ ਝੋਨਾ ਖਰੀਦਿਆ ਜਾਵੇਗਾ ਅਤੇ ਲਿਫਟਿੰਗ ਵਿਚ ਵੀ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ।
ਐੱਸ. ਟੀ. ਐੱਫ. ਵਲੋਂ ਹੈਰੋਇਨ ਸਮੇਤ ਦੋ ਕਾਬੂ
NEXT STORY