ਗੁਰੂਹਰਸਹਾਏ, (ਵਿਪਨ)- ਕਿਸਾਨਾਂ ਵੱਲੋਂ 1121 ਬਾਸਮਤੀ ਦੀ ਬੀਜਾਈ ਧਡ਼ਾਧਡ਼ ਕੀਤੀ ਗਈ, ਜਿਸ ਕਾਰਣ ਪਿਛਲੇ ਸੀਜ਼ਨ ’ਚ ਕਿਸਾਨਾਂ ਨੂੰ ਚੰਗਾ ਮੁਨਾਫਾ ਮਿਲਿਆ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 1121 ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਘੱਟ ਹੋਣ ਦੇ ਨਾਲ-ਨਾਲ ਝਾਡ਼ ਵੀ 15 ਤੋਂ 20 ਮਣ ਪ੍ਰਤੀ ਕਿੱਲਾ ਘੱਟ ਹੈ, ਜਿਸ ਕਾਰਣ ਕਿਸਾਨਾਂ ਨੂੰ ਦੋਹਰੀ ਮਾਰ ਝਲਣੀ ਪੈ ਰਹੀ ਹੈ।
ਬਾਸਮਤੀ ਨੇ ਮੁਰਝਾਏ ਕਿਸਾਨਾਂ ਅਤੇ ਆਡ਼੍ਹਤੀਆਂ ਦੇ ਚਿਹਰੇ
‘ਜਗ ਬਾਣੀ’ ਦੀ ਟੀਮ ਨੇ ਮੰਡੀ ਪੰਜੇ ਕੇ ਦੌਰਾ ਕਰ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫਸਲ ਦੇ ਨਿਸਰਣ ਸਮੇਂ ਵਧ ਗਰਮੀ ਪੈਣ ਨਾਲ ਦਾਣਿਆਂ ’ਚ ਪੱਕਣ ਸਮੇਂ ਦੋਧਾ ਸੁੱਕਣ ਅਤੇ ਬਾਅਦ ’ਚ ਫਸਲ ਦੇ ਡਿੱਗ ਜਾਣ ਕਾਰਣ ਇਸ ਵਾਰ ਬਾਸਮਤੀ ਦੇ ਝਾਡ਼ ਦੀ ਪ੍ਰਤੀ ਕਿੱਲਾ 30 ਤੋਂ 40 ਮਣ ਪ੍ਰਤੀ ਔਸਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਮੀਦ ਸੀ ਕਿ ਬਾਸਮਤੀ ਪ੍ਰਤੀ ਕੁਇੰਟਲ 4000 ਰੁਪਏ ਤੱਕ ਵਿਕੇਗੀ ਪਰ ਹਾਲਾਤ ਇਹ ਹਨ ਕਿ ੳੁਪਰਲਾ ਰੇਟ 2700 ਰੁਪਏ ਪਤੀ ਕੁਇੰਟਲ ਅਤੇ 2400 ਰੁਪਏ ਪ੍ਰਤੀ ਕੁਇੰਟਲ ਆਮ ਰੇਟ ਲਾਇਆ ਜਾ ਰਿਹਾ ਹੈ, ਜਿਸ ਕਾਰਣ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਉਧਰ ਆਡ਼੍ਹਤੀਆ ਐਸੋਸੀਏਸ਼ਨ ਮੰਡੀ ਪੰਜੇ ਕੇ ਦੇ ਪ੍ਰਧਾਨ ਮਨੋਹਰ ਲਾਲ ਕੁੱਕਡ਼ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ੁਰੂਆਤੀ ਰੇਟ 3300 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਸੀ ਅਤੇ ਕਿਸਾਨ ਦੇ ਇਕ ਕਿੱਲੇ ’ਚ ਕਰੀਬ 70 ਹਜ਼ਾਰ ਰੁਪਏ ਤੱਕ ਦੀ ਵੱਟਕ ਆਈ, ਜੋ ਕਿ ਹੁਣ ਭਾਅ ਅਤੇ ਝਾਡ਼ ਘੱਟ ਹੋਣ ਕਾਰਣ ਅੱਧੀ ਰਹਿ ਗਈ ਹੈ, ਜਿਸ ਦਾ ਰਗਡ਼ਾ ਕਿਸਾਨਾਂ ਦੇ ਨਾਲ-ਨਾਲ ਆਡ਼੍ਹਤੀਆਂ ਨੂੰ ਵੀ ਲੱਗਾ ਹੈ। ਉਨ੍ਹਾਂ ਕਿਹਾ ਕਿ ਖਬਰਾਂ ਮੁਤਾਬਕ ਭਾਅ ’ਚ ਮੰਦੀ ਆਉਣ ਦਾ ਮੁੱਖ ਕਾਰਣ ਈਰਾਨ ਹੈ ਕਿਉਂਕਿ ਭਾਰਤ ਵੱਲੋਂ ਬਾਸਮਤੀ ਈਰਾਨ ਨੂੰ ਵੱਡੇ ਪੱਧਰ ’ਤੇ ਭੇਜੀ ਜਾਂਦੀ ਹੈ, ਜੋ ਕਿ ਪਾਬੰਦੀਆਂ ਕਾਰਣ ਨਹੀਂ ਜਾ ਰਹੀ।
ਜ਼ਮੀਨ ਮਾਲਕਾਂ ਅਤੇ ਠੇਕੇ ’ਤੇ ਲੈਣ ਵਾਲੇ ਕਾਸ਼ਤਕਾਰਾਂ ਦੇ ਸਬੰਧ ਤਿਡ਼ਕਣ ਲੱਗੇ
ਬਾਸਮਤੀ ਦੇ ਚੰਗੇ ਭਾਅ ਨੂੰ ਲੈ ਕੇ ਇਸ ਦੇ ਲਾਲਚ ’ਚ ਆ ਕੇ ਜ਼ਮੀਨ ਠੇਕੇ ’ਤੇ ਲੈਣ ਵਾਲੇ ਕਾਸ਼ਤਕਾਰਾਂ ਨੇ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਕਿੱਲਾ ਜ਼ਮੀਨ ਠੇਕੇ ’ਤੇ ਲੈ ਕੇ ਝੋਨੇ ਦੀ ਬੀਜਾਈ ਕੀਤੀ ਸੀ ਪਰ ਇਸ ਵਾਰ ਕੁਦਰਤ ਦੀ ਮਾਰ ਕਾਰਣ ਕਿਸਾਨਾਂ ਨੂੰ ਇਹ ਸੌਦਾ ਰਾਸ ਨਹੀਂ ਆ ਰਿਹਾ ਹੈ ਅਤੇ ਫਸਲ ਦਾ ਝਾਡ਼ ਘੱਟ ਨਿਕਲਣ ਕਾਰਣ ਕਿਸਾਨਾਂ ਨੂੰ ਆਰਥਕ ਮੰਦੀ ਦੀ ਮਾਰ ਦਾ ਸ਼ਿਕਾਰ ਹੋਣ ਪੈ ਰਿਹਾ ਹੈ। ਜ਼ਮੀਨ ਠੇਕੇ ’ਤੇ ਲੈਣ ਵਾਲੇ ਕਾਸ਼ਤਕਾਰਾਂ ਨੇ ਕਿਹਾ ਕਿ ਜ਼ਮੀਨ ਮਾਲਕਾਂ ਨੇ ਬਾਸਮਤੀ ਕੱਟਣ ਤੋਂ ਪਹਿਲਾਂ ਹੀ ਬਾਕੀ ਰਹਿੰਦਾ ਠੇਕਾ ਅੈਡਵਾਂਸ ਵਿਚ ਲੈ ਲਿਆ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਠੇਕੇਦਾਰ ਬਗੈਰ ਠੇਕਾ ਦਿੱਤੇ ਤੋਂ ਕਣਕ ਬੀਜਣÎ ਤੋਂ ਇਨਕਾਰੀ ਕਰ ਸਕਦਾ ਹੈ।
ਪਿੰਡ ਵਾਪਸ ਲੈ ਜਾਵਾਂਗੇ ਝੋਨਾ
ਮੰਡੀ ’ਚ ਬਾਸਮਤੀ ਝੋਨਾ ਲੈ ਕੇ ਆਏ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਭਾਅ ’ਚ ਤੇਜ਼ੀ ਨਾ ਆਈ ਤਾਂ ਮਜਬੂਰਨ ਉਨ੍ਹਾਂ ਨੂੰ ਆਪਣਾ ਝੋਨਾ ਘਰ ਵਿਚ ਲੈ ਕੇ ਜਾਣਾ ਪਵੇਗਾ ਅਤੇ ਕਿਹਾ ਕਿ ਉਮੀਦ ਨਹੀਂ ਸੀ ਕਿ ਬਾਸਮਤੀ ਦੇ ਭਾਅ ਇੰਨੇ ਜ਼ਿਆਦਾ ਘੱਟ ਜਾਣਗੇ। ਇਸ ਵਾਰ ਕਈ ਕਿਸਾਨਾਂ ਨੇ ਝੋਨੇ ਦਾ ਰੇਟ ਵਧਣ ਦੇ ਅਾਸਾਰ ਕਾਰਣ ਘਰਾਂ ਵਿਚ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਕਾਰਣ ਪਿਛਲੇ ਸਾਲ ਝੋਨੇ ’ਚ ਕੁਝ ਕੁ ਮਹੀਨਿਆਂ ’ਚ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੀ ਤੇਜ਼ੀ ਦਾ ਆਉਣਾ ਸੀ। ਵੀਰਵਾਰ ਤੱਕ 1121 ਬਾਸਮਤੀ ਦੇ ਭਾਅ 2700 ਰੁਪਏ ਪ੍ਰਤੀ ਕੁਇੰਟਲ ਤੱਕ ਸੀ।
ਕੀ ਕਹਿਣੈ ਪਰਚੇਜ਼ਰਾਂ ਦਾ
ਮੰਡੀ ’ਚ ਬਾਸਮਤੀ ਝੋਨੇ ਦੀ ਖਰੀਦ ਕਰ ਰਹੇ ਪਰਚੇਜ਼ਰ ਹਰਬੰਸ ਸਿੰਘ ਕੇ. ਸੀ. ਸੋਲਵੈਂਟ ਅਤੇ ਸੋਨੂੰ ਮੁਟਨੇਜਾ ਅਤੇ ਜਨਕ ਰਾਜ ਐੱਸ. ਐੱਸ. ਇੰਡਸਟਰੀ ਨੇ ਕਿਹਾ ਕਿ ਝੋਨੇ ਦਾ ਰੇਟ ਚੌਲ ਦੇ ਰੇਟ ’ਤੇ ਨਿਰਭਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੌਲ ਦੇ ਰੇਟਾਂ ’ਚ ਵਾਧਾ ਹੋਵੇ ਤਾਂ ਝੋਨੇ ਦੇ ਰੇਟ ’ਚ ਵੀ ਵਾਧਾ ਹੁੰਦਾ ਹੈ, ਵਪਾਰੀ ਉਸ ’ਚ ਮਨਮਰਜ਼ੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਭਾਅ ਦੀ ਗੱਲ ਕਰੀਏ ਤਾਂ ਜੋ ਚੌਲ ਅੱਜ ਕਰੀਬ 56 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਹੀ ਚੌਲ ਈਰਾਨ ਦੀ ਪਾਬੰਦੀ ਤੋਂ ਪਹਿਲਾਂ 75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਹੈ।
ਲੜਕੀ ਦਾ ਵਿਆਹ ਕਰਨ ਗਏ ਪਰਿਵਾਰ ਦੇ ਘਰੋਂ ਹੋਈ ਲੱਖਾਂ ਦੀ ਚੋਰੀ
NEXT STORY