ਮਹਿਲ ਕਲਾਂ (ਹਮੀਦੀ): ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਮਹਿਲ ਕਲਾਂ ਦੇ ਇਕ ਸ਼ਰਧਾਲੂ ਨੇ ਇਮਾਨਦਾਰੀ ਦੀ ਕਾਬਿਲ-ਏ-ਤਾਰੀਫ਼ ਮਿਸਾਲ ਕਾਇਮ ਕੀਤੀ ਹੈ। ਉਸ ਨੇ ਰਾਹ ਵਿਚ ਡਿੱਗਿਆ ਮਿਲਿਆ ਲਗਭਗ 40 ਹਜ਼ਾਰ ਰੁਪਏ ਕੀਮਤ ਦਾ ਸੋਨੇ ਦਾ ਟੌਪਸ ਉਸ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਕ੍ਰਿਸ਼ਨ ਇੰਸਾਂ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਰੋਹਿਤ ਕੁਮਾਰ ਇੰਸਾਂ ਅਤੇ ਇਕ ਮੁਲਾਜ਼ਮ ਸ਼ਨੀਵਾਰ ਨੂੰ ਸਥਾਨਕ ਬੱਸ ਸਟੈਂਡ ਨੇੜੇ ਮੁੱਖ ਮਾਰਗ ‘ਤੇ ਸਥਿਤ ਆਪਣੇ ਕਰਿਆਨਾ ਸਟੋਰ ‘ਚ ਮੌਜੂਦ ਸਨ। ਇਸ ਦੌਰਾਨ ਜਦੋਂ ਉਹ ਇੱਕ ਗਾਹਕ ਦੀ ਗੱਡੀ ਵਿੱਚ ਸਮਾਨ ਰੱਖ ਰਹੇ ਸਨ ਤਾਂ ਉਨ੍ਹਾਂ ਨੂੰ ਸੜਕ ‘ਤੇ ਡਿੱਗਿਆ ਇਕ ਗਹਿਣਾ ਨਜ਼ਰ ਆਇਆ। ਸ਼ੁਰੂ ਵਿਚ ਉਹ ਨਕਲੀ ਜਾਪਿਆ ਪਰ ਫਿਰ ਵੀ ਉਨ੍ਹਾਂ ਉਸ ਨੂੰ ਸੰਭਾਲ ਕੇ ਰੱਖ ਲਿਆ।ਕੁਝ ਸਮੇਂ ਬਾਅਦ ਗੋਲਡੀ ਨਾਂ ਦਾ ਵਿਅਕਤੀ ਦੁਕਾਨ ‘ਤੇ ਆਇਆ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਬਾਰੇ ਪੁੱਛਣ ਲੱਗਾ। ਪੁੱਛਗਿੱਛ ਕਰਨ ‘ਤੇ ਉਸ ਨੇ ਦੱਸਿਆ ਕਿ ਉਸ ਦੇ ਗੁਆਂਢੀ ਹਰਜੀਤ ਸਿੰਘ ਵਾਸੀ ਕੁਰੜ ਦੇ ਪਰਿਵਾਰਕ ਮੈਂਬਰ ਦਾ ਸੋਨੇ ਦਾ ਟੌਪਸ ਇੱਥੋਂ ਲੰਘਦਿਆਂ ਗੁੰਮ ਹੋ ਗਿਆ ਹੈ। ਪੁਸ਼ਟੀ ਹੋਣ ‘ਤੇ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ ਦੀ ਮੌਜੂਦਗੀ ਵਿਚ ਬਲਦੇਵ ਕ੍ਰਿਸ਼ਨ ਇੰਸਾਂ ਨੇ ਟੌਪਸ ਗੋਲਡੀ ਨੂੰ ਸੌਂਪ ਦਿੱਤਾ।
ਗੋਲਡੀ ਨੇ ਟੌਪਸ ਵਾਪਸ ਮਿਲਣ ‘ਤੇ ਬਲਦੇਵ ਕ੍ਰਿਸ਼ਨ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਕਲਯੁੱਗ ਵਿਚ ਵੀ ਕੁਝ ਲੋਕਾਂ ਦੇ ਮਨਾਂ ਵਿਚ ਇਮਾਨਦਾਰੀ ਜ਼ਿੰਦਾ ਹੈ ਅਤੇ ਇਹ ਕਦਮ ਸਮਾਜ ਲਈ ਪ੍ਰੇਰਣਾਦਾਇਕ ਹੈ।
ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਕੁਰੜ ਨੇ ਕਿਹਾ ਕਿ ਬਲਦੇਵ ਕ੍ਰਿਸ਼ਨ ਇੰਸਾਂ ਦਾ ਜਜ਼ਬਾ ਕਾਬਿਲ-ਏ-ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਥੋੜੇ ਜਿਹੇ ਪੈਸੇ ਲਈ ਵੈਰ ਵਿਰੋਧ ਕਰ ਲੈਂਦੇ ਹਨ, ਉੱਥੇ ਲਗਭਗ 40 ਹਜ਼ਾਰ ਰੁਪਏ ਦਾ ਗਹਿਣਾ ਵਾਪਸ ਕਰਨਾ ਵੱਡੀ ਇਮਾਨਦਾਰੀ ਦੀ ਮਿਸਾਲ ਹੈ।
ਲੁਧਿਆਣਾ 'ਚ ਸ਼ਰਮਨਾਕ ਘਟਨਾ! 7 ਸਾਲਾ ਮਾਸੂਮ ਬੱਚੇ ਨਾਲ ਦਰਿੰਦਗੀ
NEXT STORY