ਸਮਰਾਲਾ, (ਬੰਗਡ਼, ਗਰਗ)- ਫਰਾਡ ਕਰਨ ਵਾਲੀ ਕੰਪਨੀ ਵਲੋਂ ਗਰੀਬ ਲੋਕਾਂ ਨੂੰ ਬਹੁਤਾ ਲੋਨ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਥੋਡ਼੍ਹਾ ਵੀ ਖੋਹਣ ਦਾ ਧੰਦਾ ਅੱਜਕੱਲ ਜ਼ੋਰਾਂ-ਸ਼ੋਰਾਂ ’ਤੇ ਚਲਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਕੰਪਨੀ ਵਲੋਂ ਸਮਰਾਲਾ ਦੇ ਬਹਿਲੋਲਪੁਰ ਰੋਡ ’ਤੇ ਦਫ਼ਤਰ ਖੋਲ੍ਹ ਕੇ ਦਰਜਨਾਂ ਪਿੰਡਾਂ ਦੇ ਸੈਂਕਡ਼ੇ ਲੋਕਾਂ ਨੂੰ ਲੋਨ ਦੇਣ ਦਾ ਸਬਜ਼ਬਾਗ ਦਿਖਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਇਕੱਤਰ ਕਰਕੇ ਹੁਣ ਰੂਹ ਪੋਸ਼ ਹੋ ਜਾਣ ਦਾ ਪਤਾ ਲੱਗਾ ਹੈ।
ਕੰਪਨੀ ਦੇ ਫਰਾਰ ਹੋਏ ਸਟਾਫ਼ ਵਿਚੋਂ ਇਕ ਕੈਸ਼ੀਅਰ ਨੂੰ ਲੋਕਾਂ ਨੇ ਮੌਕੇ ’ਤੇ ਦਬੋਚ ਲਿਆ ਤੇ ਥਾਣਾ ਸਮਰਾਲਾ ਵਿਖੇ ਲਿਆਂਦਾ। ਠੱਗੀ ਦਾ ਸ਼ਿਕਾਰ ਹੋਏ ਲੋਕ ਥਾਣਾ ਸਰਮਾਲਾ ਵਿਖੇ ਇਨਸਾਫ਼ ਦੀ ਮੰਗ ਕਰਦੇ ਹੋਏ ਆਪਣੇ ਪੈਸੇ ਠੱਗਾਂ ਦੇ ਟੋਲੇ ਤੋਂ ਵਾਪਸ ਦਿਵਾਉਣ ਦੀ ਮੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਇਸ ਕੰਪਨੀ ਵਲੋਂ ਪਿੰਡਾਂ ਵਿਚ ਜਾ ਕੇ ਗਰੀਬ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ 50 ਹਜ਼ਾਰ ਦਾ ਲੋਨ ਲੈਣਾ ਚਾਹੁੰਦੇ ਹੋ ਤਾਂ 1630 ਰੁਪਏ ਫ਼ਾਈਲ ਖਰਚਾ ਜਮ੍ਹਾ ਕਰਵਾਉਣਾ ਹੋਵੇਗਾ ਤੇ ਇਹ ਲੋਨ 2 ਸਾਲਾਂ ਵਿਚ ਸਮੇਤ ਵਿਆਜ ਅਦਾ ਕਰਨਾ ਹੋਵੇਗਾ। ਇਸ ਅਖੌਤੀ ਕੰਪਨੀ ਨੇ 25-25 ਲੋਕਾਂ ਦਾ ਇਕ-ਇਕ ਗਰੁੱਪ ਤਿਆਰ ਕੀਤਾ। ਅਜਿਹੇ 12 ਗਰੁੱਪ ਸਾਹਮਣੇ ਆਏ, ਜਿਨ੍ਹਾਂ ਦੇ ਥਾਪੇ ਗਏ ਲੀਡਰ ਹਾਲ ਦੁਹਾਈ ਪਾ ਰਹੇ ਸਨ ਕਿ ਸਾਡੇ ਨਾਲ ਸਾਰੇ ਲੋਕ ਦਿਹਾਡ਼ੀ ਜਾਂ ਮਜ਼ਦੂਰੀ ਕਰਨ ਵਾਲੇ ਲੋਕ ਹਨ, ਜਿਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਇਨ੍ਹਾਂ ਠੱਗਾਂ ਨੇ ਲੋਨ ਦਾ ਲਾਲਚ ਦੇ ਕੇ ਠੱਗੀ ਲਈ।
ਗਰੁੱਪ ਲੀਡਰ ਜਸਵੀਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਰਿਆ, ਨੇਹਾ ਪਤਨੀ ਜਸਵੰਤ ਸਿੰਘ ਵਾਸੀ ਹੇਡੋਂ ਬੇਟ, ਛਿੰਦਰਪਾਲ ਕੌਰ ਪਤਨੀ ਸਵਰਨ ਸਿੰਘ, ਹਰਪਾਲ ਕੌਰ ਵਾਸੀ ਮਾਛੀਵਾਡ਼ਾ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੋਡ਼ਵੰਦ ਪਰਿਵਾਰਾਂ ਤੋਂ ਫ਼ਾਈਲ ਚਾਰਜਿਜ਼ ਦੇ ਨਾਂ ’ਤੇ ਲੱਖਾਂ ਰੁਪਏ ਇਸ ਕੰਪਨੀ ਨੂੰ ਜਮ੍ਹਾ ਕਰਵਾਏ ਗਏ ਤੇ ਅੱਜ ਦੁਪਹਿਰ ਮੌਕੇ ਜਦੋਂ ਦੇਖਿਆ ਗਿਆ ਤਾਂ ਇਸ ਕੰਪਨੀ ਦੇ ਕਰਮਚਾਰੀ ਲਾਪਤਾ ਹੋ ਚੁੱਕੇ ਸਨ ਤੇ ਇਨ੍ਹਾਂ ਵਿਚੋਂ ਇਕ ਖਜ਼ਾਨਚੀ ਦੀ ਪੋਸਟ ’ਤੇ ਕੰਮ ਕਰਦੇ ਵਿਅਕਤੀ ਨੂੰ ਫਡ਼ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਠੱਗੀ ਦਾ ਸ਼ਿਕਾਰ ਹੋਏ ਜਸਵੰਤ ਸਿੰਘ, ਫ਼ੌਜੀ ਭਜਨ ਚੰਦ, ਮੱਖਣ ਸਿੰਘ, ਦਲੀਪ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਕੌਰ, ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਨਾਲ ਜੁਡ਼ੇ ਹੋਏ ਲੋਕ ਹਨ, ਜਿਨ੍ਹਾਂ ਨੇ ਆਪਣੀਅਾਂ ਲੋਡ਼ਾਂ ਪੂਰੀਆਂ ਕਰਨ ਲਈ ਲੋਨ ਲੈਣ ਦਾ ਲਾਲਚ ਤੱਕਿਆ ਤੇ ਉਲਟਾ ਇਸ ਕੰਪਨੀ ਵਲੋਂ ਉਨ੍ਹਾਂ ਦੀ ਥੋਡ਼੍ਹੀ ਰਾਸ਼ੀ ਵੀ ਠੱਗੀ ਰਾਹੀਂ ਲੁੱਟ ਲਈ ਗਈ। ਇਸ ਸਬੰਧੀ ਤਫਤੀਸ਼ ਅਧਿਕਾਰੀ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੰਪਨੀ ਦੇ ਕਾਬੂ ਕੀਤੇ ਗਏ ਵਿਅਕਤੀ ਵਲੋਂ ਵਾਅਦਾ ਕੀਤਾ ਗਿਆ ਹੈ ਕਿ ਉਹ ਇਨ੍ਹਾਂ ਲੋਕਾਂ ਦੇ ਪੈਸੇ ਵਾਪਸ ਕਰਵਾ ਦੇਣਗੇ। ਇਸ ਲਈ ਉਨ੍ਹਾਂ ਨੂੰ ਇਕ ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ।
ਗਰੀਬਾਂ ਨੂੰ ਇਨਸਾਫ਼ ਦਿਵਾਉਣ ਲਈ ਕਾਰਵਾਈ ਕਰਵਾਵਾਂਗੇ : ਜਥੇ. ਰਿਆ
ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਮਰਾਲਾ ਪੁੱਜੇ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਅਵਤਾਰ ਸਿੰਘ ਰਿਆ ਨੇ ਕਿਹਾ ਕਿ ਗਰੀਬ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈਂਦੇ ਹੋਏ ਜਾਅਲੀ ਕੰਪਨੀਆਂ ਵਲੋਂ ਕੀਤੀਆਂ ਜਾ ਰਹੀਆਂ ਨੌਸਰਬਾਜ਼ੀਆਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਉਹ ਸਮਰਾਲਾ ਪੁਲਸ ਨਾਲ ਲਗਾਤਾਰ ਸੰਪਰਕ ਵਿਚ ਹਨ ਤੇ ਇਨ੍ਹਾਂ ਸੈਂਕਡ਼ੇ ਪਰਿਵਾਰਾਂ ਨਾਲ ਠੱਗੀ ਕਰਨ ਵਾਲੀ ਕੰਪਨੀ ਵਿਰੁੱਧ ਕਾਰਵਾਈ ਕਰਵਾ ਕੇ ਇਨ੍ਹਾਂ ਪਰਿਵਾਰਾਂ ਦੇ ਪੈਸੇ ਵਾਪਸ ਦਿਵਾਉਣ ’ਚ ਉਹ ਕੋਈ ਕਸਰ ਨਹੀਂ ਛੱਡਣਗੇ।
ਇਹੋ ਜਿਹੇ ਹੋਰ ਵੀ ਠੱਗ ਘੁੰਮ ਰਹੇ ਨੇ ਪਿੰਡਾਂ ’ਚ
ਪਿੰਡਾਂ ਵਿਚ ਅਗਿਆਨਤਾ ਤੇ ਅਨਪਡ਼੍ਹਤਾ ਦਾ ਫ਼ਾਇਦਾ ਚੁੱਕਦੇ ਹੋਏ ਅਖੌਤੀ ਲੋਨ ਕੰਪਨੀਆਂ ਦੇ ਕਾਰਕੁੰਨ ਇਸ ਤਰ੍ਹਾਂ ਹੀ ਬਾਕੀ ਪਿੰਡਾਂ ਵਿਚ ਵੀ ਘੁੰਮ ਰਹੇ ਹਨ। ਥਾਣਾ ਸਮਰਾਲਾ ਵਿਚ ਕੁਝ ਪਿੰਡਾਂ ਦਾ ਮਸਲਾ ਸਾਹਮਣੇ ਆਇਆ ਹੈ, ਜਦਕਿ ਅਜਿਹੇ ਮਸਲੇ ਕਈ ਹੋਰ ਪਿੰਡਾਂ ਵਿਚੋਂ ਵੀ ਉੱਠਣੇ ਬਾਕੀ ਹਨ। ਮੁੰਡੇ-ਕੁਡ਼ੀਆਂ ਦੇ ਟੋਲੇ ਪਿੰਡਾਂ ਵਿਚ ਜਾ ਕੇ ਗਰੀਬ ਪਰਿਵਾਰਾਂ ਨੂੰ ਲੋਨ ਲੈਣ ਲਈ ਉਕਸਾ ਰਹੇ ਹਨ ਤੇ ਉਨ੍ਹਾਂ ਦੀਆਂ ਫ਼ਾਈਲਾਂ ਭਰ ਕੇ ਉਨ੍ਹਾਂ ਤੋਂ ਫ਼ਾਈਲ ਚਾਰਜਿਜ਼ ਵਸੂਲ ਵੀ ਕਰ ਰਹੇ ਹਨ। ਇਨ੍ਹਾਂ ਪਿੰਡਾਂ ਵਿਚ ਪਪਡ਼ੌਦੀ, ਸਮਸ਼ਪੁਰ, ਢੀਂਡਸਾ, ਨਾਗਰਾ, ਦੀਵਾਲਾ ਸਮੇਤ ਦਰਜਨਾਂ ਪਿੰਡਾਂ ਦੇ ਨਾਂ ਸ਼ਾਮਲ ਹਨ।
ਨਾ ਪਿਛਲੀ ਦੀਵਾਲੀ ’ਤੇ, ਨਾ ਇਸ ਦੀਵਾਲੀ ਤਕ ਰੌਸ਼ਨ ਹੋਏ ਸ਼ਹਿਰ ਦੇ ‘ਡਾਰਕ ਸਪਾਟ’
NEXT STORY