ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਦਨਾਮ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧਤ ਇੱਕ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੁਲਸ ਨੇ ਗੋਲਡੀ ਬਰਾੜ ਦੇ ਮਾਪਿਆਂ ਨੂੰ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ 2024 ਵਿੱਚ ਥਾਣਾ ਸਦਰ, ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਐੱਫਆਈਆਰ ਦੇ ਆਧਾਰ 'ਤੇ ਕੀਤੀ ਗਈ ਹੈ।
ਪੁਲਸ ਅਨੁਸਾਰ, ਦੋਸ਼ੀ ਸ਼ਮਸ਼ੇਰ ਸਿੰਘ (ਪੁੱਤਰ ਗੁਰਬਖਸ਼ ਸਿੰਘ) ਅਤੇ ਉਸਦੀ ਪਤਨੀ ਪ੍ਰੀਤਪਾਲ ਕੌਰ ਨੂੰ 3 ਦਸੰਬਰ, 2024 ਨੂੰ ਦਰਜ ਐੱਫਆਈਆਰ ਨੰਬਰ 233 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਆਦੇਸ਼ ਨਗਰ, ਗਲੀ ਨੰਬਰ 1, ਸੈਕਟਰ ਨੰਬਰ 1, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਹਨ। ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ 308(4), 351(1), ਅਤੇ 351(3) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚਾਈਨਾ ਡੋਰ ਵਿਰੁੱਧ ਕੱਢਿਆ ਰੋਸ ਮਾਰਚ, ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਕੀ ਹੈ ਪੂਰਾ ਮਾਮਲਾ?
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸਤਨਾਮ ਸਿੰਘ ਹੈ, ਜੋ ਕਿ ਉਦੇਕਰਨ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿਛਲੇ 33 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਿਹਾ ਹੈ। ਉਹ ਇਸ ਵੇਲੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਰਾਟ ਸਕੂਲ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਐਸਐਲਏ ਵਜੋਂ ਤਾਇਨਾਤ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਸਤਨਾਮ ਸਿੰਘ ਨੇ ਦੱਸਿਆ ਕਿ 27 ਨਵੰਬਰ, 2024 ਨੂੰ ਸਵੇਰੇ 10:30 ਤੋਂ 11:00 ਵਜੇ ਦੇ ਵਿਚਕਾਰ ਡਿਊਟੀ 'ਤੇ ਹੁੰਦੇ ਹੋਏ ਉਸ ਨੂੰ ਇੱਕ ਵਿਦੇਸ਼ੀ ਵ੍ਹਟਸਐਪ ਨੰਬਰ ਤੋਂ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਬੰਬੀਹਾ ਗਰੁੱਪ ਦੇ ਮੈਂਬਰ ਵਜੋਂ ਕੀਤੀ ਅਤੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਤੋਂ ਬਾਅਦ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਦੋਸ਼ੀ ਨੇ ਪੈਸੇ ਨਾ ਦੇਣ 'ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕਾਲ ਕਰਨ ਵਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਉਸਦੇ ਪਰਿਵਾਰ ਅਤੇ ਕੋਟਕਪੂਰਾ ਰੋਡ 'ਤੇ ਸਥਿਤ ਉਸਦੇ ਘਰ ਬਾਰੇ ਪੂਰੀ ਜਾਣਕਾਰੀ ਹੈ।
ਵਿਦੇਸ਼ੀ ਨੰਬਰ ਤੋਂ ਆਈ ਕਾਲ
ਪੀੜਤ ਅਨੁਸਾਰ ਉਸ ਨੂੰ ਉਸੇ ਦਿਨ ਤਿੰਨ ਹੋਰ ਧਮਕੀ ਭਰੇ ਫੋਨ ਆਏ, ਜਿਸ ਨਾਲ ਉਹ ਡਰ ਗਿਆ ਅਤੇ ਉਸਨੇ ਕਿਸੇ ਨੂੰ ਵੀ ਇਸਦੀ ਰਿਪੋਰਟ ਨਹੀਂ ਕੀਤੀ। 3 ਦਸੰਬਰ, 2024 ਨੂੰ ਉਸ ਨੂੰ ਉਸੇ ਵਿਦੇਸ਼ੀ ਨੰਬਰ ਤੋਂ ਇੱਕ ਹੋਰ ਫੋਨ ਆਇਆ, ਜਿਸਦਾ ਉਸਨੇ ਡਰ ਕਾਰਨ ਜਵਾਬ ਨਹੀਂ ਦਿੱਤਾ। ਉਹ ਸਾਰਾ ਦਿਨ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਸਤਨਾਮ ਸਿੰਘ ਆਪਣੇ ਭਰਾ ਗੁਰਸੇਵਕ ਸਿੰਘ ਦੇ ਨਾਲ ਸਦਰ ਪੁਲਸ ਸਟੇਸ਼ਨ ਗਿਆ ਅਤੇ ਪੁਲਸ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਨਾਲ ਗੋਲਡੀ ਬਰਾੜ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਲਹਾਲ, ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀਆਂ ਅਤੇ ਫਿਰੌਤੀ ਮੰਗਣ ਦੀ ਸਾਜ਼ਿਸ਼ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।
ਇਹ ਵੀ ਪੜ੍ਹੋ : ਚਾਈਨਾ ਡੋਰ ਨੇ ਉਜਾੜ 'ਤਾ ਘਰ, ਇਕ ਮਾਂ ਦਾ ਵੱਢਿਆ ਗਿਆ ਗਲਾ; ਹੋਈ ਦਰਦਨਾਕ ਮੌਤ
ਫਿਰੌਤੀ ਦੇ ਪੈਸੇ ਨਾਲ ਗੁਜ਼ਾਰਾ ਕਰਨ ਦੀ ਗੱਲ
ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਗੋਲਡੀ ਬਰਾੜ ਦੇ ਮਾਪਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੱਲ੍ਹ ਸਵੇਰੇ ਮੁਕਤਸਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਹ ਦਰਬਾਰ ਸਾਹਿਬ (ਗੋਲਡਨ ਟੈਂਪਲ) ਕੋਲ ਇਕ ਹੋਟਲ ਵਿੱਚ ਠਹਿਰੇ ਹੋਏ ਸਨ। ਜਿਸ ਸਮੇਂ ਐੱਫਆਈਆਰ ਦਰਜ ਕੀਤੀ ਗਈ ਸੀ, ਉਸ ਸਮੇਂ ਬੰਬੀਹਾ ਗੈਂਗ ਅਤੇ ਗੋਲਡੀ ਬਰਾੜ ਇਕੱਠੇ ਕੰਮ ਕਰ ਰਹੇ ਸਨ। ਉਸਦੇ ਮਾਤਾ-ਪਿਤਾ ਇਸ ਵਿੱਚ ਸ਼ਾਮਲ ਹਨ, ਕਿਉਂਕਿ ਉਨ੍ਹਾਂ ਕੋਲ ਆਮਦਨ ਦਾ ਕੋਈ ਵੱਡਾ ਸਰੋਤ ਨਹੀਂ ਹੈ ਅਤੇ ਫਿਰੌਤੀ ਦੇ ਪੈਸੇ 'ਤੇ ਗੁਜ਼ਾਰਾ ਕਰਦੇ ਹਨ, ਇਸ ਲਈ ਅਸੀਂ ਕਾਰਵਾਈ ਕੀਤੀ। ਐੱਸਐੱਸਪੀ ਨੇ ਕਿਹਾ ਕਿ ਗੋਲਡੀ ਬਰਾੜ ਦੇ ਪਿਤਾ ਖੁਦ ਨੌਕਰੀ ਤੋਂ ਬਰਖਾਸਤ ਹਨ।
ਮੌੜ ਮੰਡੀ ਵਿੱਚ 'ਆਪ' ਲੀਡਰਾਂ ਦੇ ਆਪਸੀ ਕਲੇਸ਼ ਨੇ ਖੋਲ੍ਹੀ ਭ੍ਰਿਸ਼ਟਾਚਾਰ ਦੀ ਪੋਲ, ਕਾਂਗਰਸੀ ਆਗੂ ਨੇ ਘੇਰੀ ਮਾਨ ਸਰਕਾਰ
NEXT STORY