ਖੰਨਾ - ਥਾਣਾ ਸਦਰ ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ 15 ਸਾਲਾ ਲੜਕੀ ਦੀ ਮੌਤ ਹੋਣ ਕਾਰਨ ਹੰਗਾਮਾ ਹੋ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਇਲਾਜ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾ ਲਿਆ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਲੜਕੀ ਸਰੂਚੀ ਕੁਮਾਰੀ 10ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਸੀਤਾਰਾਮ ਨੇ ਦੱਸਿਆ ਕਿ 30 ਸਤੰਬਰ ਨੂੰ ਬੇਟੀ ਨੂੰ ਤੇਜ਼ ਬੁਖਾਰ ਹੋਣ ’ਤੇ ਉਹ ਉਸ ਨੂੰ ਨਰਸਿੰਗ ਹੋਮ ਲੈ ਗਏ। ਉਸ ਦੀ ਧੀ ਨੂੰ ਉੱਥੇ ਦਾਖਲ ਕਰਵਾਇਆ ਗਿਆ। ਡਾਕਟਰ ਨੇ ਘੱਟ ਪਲੇਟਲੈਟਸ ਅਤੇ ਪੀਲੀਆ ਦੱਸਿਆ।
2 ਅਕਤੂਬਰ ਦੀ ਸਵੇਰ ਨੂੰ ਕਿਹਾ ਗਿਆ ਕਿ ਪਲੇਟਲੈਟਸ ਲਗਾਤਾਰ ਘਟ ਰਹੇ ਹਨ। ਬਿੱਲ ਦਾ ਭੁਗਤਾਨ ਕਰੋ ਅਤੇ ਲੜਕੀ ਨੂੰ ਦੂਜੇ ਹਸਪਤਾਲ ਲੈ ਜਾਓ। ਉਸ ਕੋਲ ਪੈਸੇ ਘੱਟ ਸਨ। ਬੇਟੀ ਨੂੰ ਡਿਸਚਾਰਜ ਕਰਨ ਵਿਚ ਦੇਰੀ ਹੋਈ ਅਤੇ ਉਸ ਦੀ ਮੌਤ ਹੋ ਗਈ। ਇਹ ਡਾਕਟਰਾਂ ਦੀ ਲਾਪ੍ਰਵਾਹੀ ਹੈ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਕੀ ਕਹਿਣਾ ਹੈ ਡਾਕਟਰ ਦਾ
ਨਰਸਿੰਗ ਹੋਮ ਦੇ ਡਾਕਟਰ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਸਵੇਰੇ ਹੀ ਦੱਸਿਆ ਗਿਆ ਸੀ ਕਿ ਬੱਚੀ ਨੂੰ ਪਲੇਟਲੇਟ ਟਰਾਂਸਫਿਊਜ਼ਨ ਕਰਵਾਉਣਾ ਪਵੇਗਾ ਅਤੇ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੀ ਇੱਛਾ ਅਨੁਸਾਰ ਪਰਿਵਾਰ ਵਾਲੇ ਲੜਕੀ ਨੂੰ ਦੂਜੇ ਹਸਪਤਾਲ ਲੈ ਗਏ ਅਤੇ ਉਥੇ ਬੱਚੀ ਦੀ ਮੌਤ ਹੋ ਗਈ। ਇਸ ਵਿਚ ਉਸਦੇ ਹਸਪਤਾਲ ਦਾ ਕੋਈ ਕਸੂਰ ਨਹੀਂ ਹੈ।
ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਵਿਚ ਹੀ ਲੱਗੇਗਾ।
ਲੁੱਟਾਂ-ਖੋਹਾਂ ਕਰਨ ਵਾਲੇ 3 ਵਿਅਕਤੀ ਨਕਦੀ, ਮੋਬਾਈਲ ਤੇ ਮੋਟਰਸਾਈਕਲ ਸਣੇ ਕਾਬੂ
NEXT STORY