ਭਵਾਨੀਗੜ੍ਹ (ਕਾਂਸਲ) : ਸਿਵਲ ਸਰਜਨ ਦਫ਼ਤਰ ਸੰਗਰੂਰ ਤੇ ਐੱਸ.ਐੱਮ.ਓ. ਭਵਾਨੀਗੜ੍ਹ ਡਾ. ਮਹੇਸ਼ ਆਹੂਜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਭਵਾਨੀਗੜ੍ਹ ਦੇ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਸਾਂਝੀ ਟੀਮ ਵੱਲੋਂ ਡੇਂਗੂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਚੈਕਿੰਗ ਦੌਰਾਨ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਡੇਂਗੂ ਦਾ ਲਾਰਵਾ ਮਿਲਣ ’ਤੇ ਚਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਆਤਮਹੱਤਿਆ ਲਈ ਮਜਬੂਰ ਕਰਨ 'ਤੇ 5 ਖ਼ਿਲਾਫ਼ ਮਾਮਲਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾ. ਮਹੇਸ਼ ਆਹੂਜਾ ਅਤੇ ਸਿਹਤ ਇੰਸਪੈਕਟਰ ਕਾਕਾ ਰਾਮ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਗੁਰਜਿੰਦਰ ਸਿੰਘ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਡੇਂਗੂ ਦੇ ਖਾਤਮੇ ਲਈ ਸ਼ਹਿਰ ’ਚ ਵੱਖ-ਵੱਖ ਸਥਾਨਾਂ ਉਪਰ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ 2 ਹੋਰ ਘਰਾਂ ’ਚੋਂ ਡੇਂਗੂ ਦਾ ਲਾਰਵਾ ਮਿਲਣ ’ਤੇ ਇਨ੍ਹਾਂ ਦੇ ਚਲਾਨ ਕੀਤੇ ਗਏ ਅਤੇ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਨੂੰ ਅਮਲ ’ਚ ਲਿਆਉਂਦਿਆਂ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਸਥਿਤ ਡਾਕਘਰ ਅਤੇ ਮੇਨ ਬੱਸ ਸਟੈਂਡ 'ਤੇ ਤੰਬਾਕੂਨੋਸ਼ੀ ਕਰਨ ਵਾਲੇ 3 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ : ਡਿਪੂ ਹੋਲਡਰਾਂ ਨੂੰ ਆਮਦਨ ਵਧਾਉਣ ਲਈ ਮਾਰਕਫੈੱਡ ਦੇ ਕੁਝ ਉਤਪਾਦ ਵੇਚਣ ਦੀ ਇਜਾਜ਼ਤ ਦੇਣ 'ਤੇ ਵਿਚਾਰ : ਕਟਾਰੂਚੱਕ
ਇਸ ਤੋਂ ਇਲਾਵਾ ਟੀਮ ਵੱਲੋਂ ਬਾਜ਼ਾਰ ’ਚ ਖਾਣ-ਪੀਣ ਵਾਲੀਆਂ ਵਸਤੂਆਂ ਤੇ ਫਰੂਟ ਵੇਚਣ ਵਾਲੀਆਂ ਰੇਹੜੀਆਂ ਦੀ ਚੈਕਿੰਗ ਕਰਕੇ ਗਲ਼ੇ-ਸੜੇ ਫਲਾਂ ਨੂੰ ਨਸ਼ਟ ਕਰਵਾਇਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ’ਚ ਸਾਨੂੰ ਜ਼ਿਆਦਾ ਪੱਕੇ ਫਲ-ਫਰੂਟ ਨਹੀਂ ਖਾਣੇ ਚਾਹੀਦੇ ਤੇ ਘਰਾਂ ਅਤੇ ਦੁਕਾਨਾਂ ਦੇ ਅੰਦਰ ਅਤੇ ਬਾਹਰ ਗਮਲਿਆਂ, ਕੂਲਰਾਂ ਅਤੇ ਹੋਰ ਖਾਲੀ ਬਰਤਨਾਂ ’ਚ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਇਸ ਨਾਲ ਡੇਂਗੂ, ਮਲੇਰੀਆ ਅਤੇ ਦਸਤ ਰੋਗ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਇਸ ਮੌਕੇ ਨਵਦੀਪ ਕਾਂਸਲ ਤੇ ਕਈ ਹੋਰ ਕਰਮਚਾਰੀ ਵੀ ਮੌਜੂਦ ਸਨ।
ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ’ਚ ਬਿਜਲੀ ਦੀ ਮੰਗ ਵਿਚ ਲਗਾਤਾਰ ਹੋ ਰਿਹੈ ਵਾਧਾ : PSPCL ਬੁਲਾਰਾ
NEXT STORY