ਭਵਾਨੀਗੜ੍ਹ(ਕਾਂਸਲ) - ਨੋਬਲ ਕੋਰੋਨਾ ਮਹਾਮਾਰੀ ਦੇ ਸੰਕਟ ਨਾਲ ਨਜਿੱਠਣ 'ਚ ਫ਼ੇਲ ਹੋਣ ਦੇ ਰੋਸ ਵੱਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਵਿਖੇ ਇਕੱਠੀਆਂ ਹੋਈਆਂ ਵੱਖ-ਵੱਖ ਹੋਰ ਭਰਾਤਰੀ ਸੰਘਰਸ਼ਸ਼ੀਲ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਦੋਵੇਂ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਆਪਣੇ ਸੰਬੋਧਨ ਵਿਚ ਬੀ.ਕੇ.ਯੂ ਏਕਤਾ ਉਗਰਾਹਾ ਦੇ ਜਗਤਾਰ ਸਿੰਘ ਕਾਲਾਝਾੜ ਜ਼ਿਲ੍ਹਾ ਪ੍ਰਚਾਰ ਸਕੱਤਰ, ਮਨਜੀਤ ਸਿੰਘ ਘਰਾਚੋਂ ਬਲਾਕ ਸੀਨੀਅਰ ਮੀਤ ਪ੍ਰਧਾਨ, ਜਿੰਦਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ ਬਲਿਆਲ, ਰਮਨ ਕਾਲਾਝਾੜ ਆਗੂ ਪੀ.ਐਸ.ਯੂ ਰੰਧਾਵਾ, ਹਰਜੀਤ ਸਿੰਘ ਮਹਿਲਾ, ਜਗਤਾਰ ਸਿੰਘ ਲੱਡੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਨੇ ਇਸ ਮਹਾਮਾਰੀ ਦੇ ਸਾਰੇ ਅਰਸੇ ਦੌਰਾਨ ਕੋਈ ਠੋਸ ਅਤੇ ਅਸਰਦਾਰ ਇੰਤਜ਼ਾਮ ਕਰਨ ਦੀ ਥਾਂ ਸਿਰਫ਼ ਜਬਰੀ ਲਾਕਡਾਊਨ ਮੜ•ਕੇ, ਕਰੋੜਾਂ ਕਿਰਤੀ ਲੋਕਾਂ ਨੂੰ ਡੁੰਘੇ ਸੰਕਟ 'ਚ ਧੱਕ ਦਿੱਤਾ ਹੈ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਕੋਰੋਨਾ ਦੇ ਪਾਜ਼ੇਟਿਵ ਮਰੀਜਾਂ ਦਾ ਪੂਰਾ ਇਲਾਜ਼ ਕਰਨ ਅਤੇ ਉਨ੍ਹਾਂ ਨੂੰ ਲੱਖਾਂ ਰੁਪਏ ਖਰਚ ਕਰਕੇ ਬਣਾਏ ਸੈਂਟਰਾਂ ਵਿਚ ਰੱਖਕੇ ਉਨ੍ਹਾਂ ਦੀ ਪੂਰੀ ਦੇਖ ਭਾਲ ਕਰਨ ਦੀ ਥਾਂ ਉਨ੍ਹਾਂ ਦੇ ਠੀਕ ਹੋਣ ਦਾ ਝੂਠਾ ਦਾਅਵਾ ਕਰਕੇ ਪਾਜ਼ੇਟਿਵ ਹੋਣ ਦੇ ਬਾਵਜੂਦ ਆਪੋ-ਆਪਣੇ ਘਰਾਂ ਨੂੰ ਭੇਜ ਕੇ ਆਪਣੇ ਹਾਲ ਉਪਰ ਮਰਨ ਅਤੇ ਸਮਾਜ ਵਿਚ ਕੋਰੋਨਾ ਮਹਾਮਾਰੀ ਨੂੰ ਫਲਾਉਣ ਲਈ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਰਾਹਤ ਪੈਕੇਜ ਦੇ ਨਾਮ 'ਤੇ ਲੋਕਾਂ ਅੱਗੇ ਜੋ 20 ਲੱਖ ਕਰੋੜ ਦੀ ਵੱਡੀ ਰਕਮ ਨੂੰ ਵਾਰ-ਵਾਰ ਘੁੰਮਾਇਆ ਗਿਆ ਹੈ। ਉਹ ਵੀ ਸਰਕਾਰ ਦਾ ਲੋਕਾਂ ਨਾਲ ਵੱਡਾ ਧੋਖਾ ਅਤੇ ਕੌਝਾ ਮਜਾਕ ਸਿੱਧ ਹੋਇਆ ਕਿਉਂਕਿ ਉਸ ਵਿਚੋਂ ਵੱਡਾ ਹਿੱਸਾ ਲੱਗਭਗ 12 ਲੱਖ ਕਰੋੜ ਨੂੰ ਕਰਜ਼ੇ ਦੇ ਰੂਪ ਵਿਚ ਦੇਣ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲੋਕਾਂ ਦੇ ਨਾਂ 'ਤੇ ਜੋ ਲੋਕਾਂ ਨੂੰ ਦਿੱਤੇ ਰਾਹਤ ਪੈਕੇਜ ਦਾ ਭਾਂਡਾ ਭੰਨਣ ਅਤੇ ਅਸਲ ਰਾਹਤ ਦਾ ਹੱਕ ਲੈਣ ਲਈ ਸਾਡਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਉਨ੍ਹਾਂ ਮੰਗ ਕੀਤੀ ਕਿ ਤਾਲਾਬੰਦੀ ਕਾਰਨ ਖੁੱਸੇ ਰੁਜ਼ਗਾਰ, ਉਜਰਤਾਂ ਅਤੇ ਹਰ ਤਰ੍ਹਾਂ ਦੇ ਹੋਰਨਾਂ ਹਰਜਿਆਂ ਦੀ ਭਰਪਾਈ ਕੀਤੀ ਜਾਵੇ। ਕਰੋਨਾ ਸੰਕਟ ਦੇ ਨਾਮ ਹੇਠ ਸੰਘਰਸ਼ਾਂ 'ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ। ਲੋਕਾਂ ਨੂੰ ਸੰਘਰਸ਼ ਕਰਨ ਦਾ ਹੱਕ ਬਹਾਲ ਕੀਤਾ ਜਾਵੇ। ਹਰ ਬੇਰੋਜਗਾਰ ਨੂੰ ਰੁਜ਼ਗਾਰ ਮੁਹੱਈਆਂ ਕਰਵਾਇਆ ਜਾਵੇ ਅਤੇ ਗੁਜਾਰੇਯੋਗ ਬੇ-ਰੁਜ਼ਗਾਰੀ ਭੱਤਾ ਦਿੱਤਾ ਜਾਵੇ। ਕਿਸਾਨਾਂ ਨੂੰ 1 ਜੂਨ ਤੋਂ ਝੋਨਾ ਲਗਾਉਣ ਦੀ ਆਗਿਆ ਦੇ ਕੇ ਖੇਤੀ ਲਈ 16 ਘੰਟੇ ਨਿਰਵਘਿਨ ਬਿਜਲੀ ਦਿੱਤੇ ਜਾਣ ਸਮੇਤ ਦਰਜਨਾਂ ਹੋਰ ਲੋਕਪੱਖੀ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਲੱਖੇਵਾਲ, ਗੁਰਦੇਵ ਸਿੰਘ ਆਲੋਅਰਖ, ਨਾਰਜ ਸਿੰਘ ਬਲਵਾੜ, ਕਰਮ ਚੰਦ ਪੰਨਵਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।
ਪੰਜਾਬ 'ਚ ਵਸਤਾਂ ਦੇ ਵੱਧ ਭਾਅ ਵਸੂਲਣ ਵਾਲਿਆਂ ਨੂੰ ਕੀਤਾ ਗਿਆ 11,02,000 ਦਾ ਜ਼ੁਰਮਾਨਾ
NEXT STORY