ਮਾਨਸਾ, (ਸੰਦੀਪ ਮਿੱਤਲ)— ਸਥਾਨਕ ਸ਼ਹਿਰ ਦੇ ਵਾਟਰ ਵਰਕਸ ਵਾਲੀ ਜਗ੍ਹਾ 'ਤੇ ਬਣਾਏ ਹਰਿਆਵਲ ਪਾਰਕ ਆਈ ਲਵ ਮਾਨਸਾ 'ਚ ਹੁਣ ਡੀ.ਸੀ. ਅਪਨੀਤ ਰਿਆਤ ਦੇ ਯਤਨਾਂ ਸਦਕਾ ਹੁਣ ਮਾਨਸਾ ਵਿਖੇ ਹੋ ਰਹੀਆਂ ਸੂਬਾ ਪੱਧਰੀ ਲੜਕੀਆਂ ਦੀਆਂ ਗੇਮਾਂ ਦੇ ਤੈਰਾਕੀ ਮੁਕਾਬਲੇ ਇਸ ਪਾਰਕ 'ਚ ਬਣੇ ਸਵੀਮਿੰਗ ਪੂਲ 'ਚ ਹੋ ਰਹੇ ਹਨ। ਇਸ ਜਗ੍ਹਾ 'ਤੇ ਕਿਸੇ ਸਮੇਂ ਵਾਟਰ ਵਰਕਸ ਹੁੰਦਾ ਸੀ ਤੇ ਡੀ.ਸੀ. ਅਪਨੀਤ ਰਿਆਤ ਦੀ ਨਜ਼ਰ ਇਸ ਵੱਲ ਸਵੱਲੀ ਹੋਈ ਤਾਂ ਉਨ੍ਹਾਂ ਇਸ ਜਗ੍ਹਾ ਦਾ ਦੌਰਾ ਕਰਕੇ ਇਸ ਜਗ੍ਹਾ 'ਤੇ ਪਾਰਕ ਬਨਾਉਣ ਦਾ ਬੀੜਾ ਚੁੱਕ ਲਿਆ ਅਤੇ ਥੌੜੇ ਸਮੇਂ 'ਚ ਇਕ ਵਧਿਆ ਪਾਰਕ ਦੀ ਉਸਾਰੀ ਕਰ ਦਿੱਤੀ। ਇਹ ਸਵੀਮਿੰਗ ਪੂਲ ਕਿਸੇ ਵਿਦੇਸ਼ 'ਚ ਬਣੇ ਟਾਪੂ ਦਾ ਭੁਲੇਖਾ ਪਾਉਂਦਾ ਹੈ। ਇਸ ਪਾਰਕ 'ਚ ਬਣੇ ਸਵੀਮਿੰਗ ਪੂਲ 'ਚ 25 ਵੀਆਂ ਰਾਜ ਪੱਧਰੀ ਮਹਿਲਾ ਖੇਡਾਂ 'ਚ ਹਿੱਸਾ ਲੈਣ ਆਈਆਂ ਖਿਡਾਰਨਾਂ ਵੀ ਇਸ ਸਵੀਮਿੰਗ ਪੂਲ ਦਾ ਲੁਤਫ ਉਠਾ ਰਹੀਆਂ ਹਨ। ਕੁੱਝ ਸਮੇਂ 'ਚ ਹੀ ਉਸਾਰੇ ਇਸ ਪਾਰਕ 'ਚ ਲੋਕ ਸੈਰ ਕਰਨ ਲਈ ਵੱਡੀ ਗਿਣਤੀ 'ਚ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੇ ਉੱਦਮ ਸਦਕਾ ਨਵ ਨਿਰਮਾਣ ਕੀਤਾ ਇਹ ਪਾਰਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਪਾਰਕ ਲੋਕਾਂ ਲਈ ਸਿਹਤਵਰਧਕ ਵੀ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਾਰਕ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਡੀ.ਸੀ. ਅਪਨੀਤ ਰਿਆਤ ਨੇ ਜੰਗਲ 'ਚ ਮੰਗਲ ਕਰ ਦਿੱਤਾ ਹੈ ਤੇ ਉਜਾੜ ਪਈ ਜਗ੍ਹਾ ਤੇ ਸ਼ਾਨਦਾਰ ਪਾਰਕ ਦੀ ਉਸਾਰੀ ਕਰ ਦਿੱਤੀ ਹੈ। ਹੁਣ ਇਹ ਪਾਰਕ ਸ਼ਹਿਰੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਵਿਚ ਬਣੀ ਸੈਰਗਾਹ, ਝੀਲ, ਫੁਹਾਰੇ, ਵਿਰਾਸਤੀ ਕੰਪਲੈਕਸ ਤੋਂ ਇਲਾਵਾ ਓਪਨ ਏਅਰ ਥੀਏਟਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪਾਰਕ 'ਚ ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦਾ ਇਕ ਕੱਚੇ ਘਰਾਂ ਵਾਲਾ ਦ੍ਰਿਸ਼ ਵੀ ਦੇਖਣ ਨੂੰ ਮਿਲੇਗਾ ਜੋ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਵੇਗਾ। ਪੰਜਾਬ ਰਾਜ ਗੇਮਾਂ 'ਚ ਪੰਜਾਬ ਭਰ ਦੀਆਂ ਲੜਕੀਆਂ ਭਾਗ ਲੈ ਰਹੀਆਂ ਹਨ ਅਤੇ ਨਾਲ ਹੀ ਗੁਆਂਢੀ ਸੂਬੇ 'ਚੋਂ ਇੰਨ੍ਹਾਂ ਖੇਡਾਂ ਨੂੰ ਦੇਖਣ ਲਈ ਲੋਕ ਪਹੁੰਚ ਰਹੇ ਹਨ। ਇਸ ਪਾਰਕ 'ਚ ਅੱਜ ਕੱਲ•ਮਹਿਲਾ ਖੇਡਾਂ ਨੂੰ ਲੈ ਕੇ ਰੋਣਕਾਂ ਲੱਗੀਆਂ ਹੋਈਆਂ ਹਨ ਅਤੇ ਖਿਡਾਰੀਆਂ ਤੋਂ ਇਲਾਵਾ ਸ਼ਹਿਰ ਵਾਸੀ ਤੇ ਬਾਹਰੋਂ ਆਏ ਲੋਕ ਵੀ ਪਾਰਕ ਨੂੰ ਦੇਖਣ ਅਤੇ ਘੁੰਮਣ-ਫਿਰਨ ਦਾ ਆਨੰਦ ਮਾਣ ਰਹੇ ਹਨ।
![PunjabKesari](https://static.jagbani.com/multimedia/20_04_36060622317mns22a (2)-ll.jpg)
ਕੀ ਕਹਿਣਾ ਨਗਰ ਕੌਂਸਲ ਪ੍ਰਧਾਨ ਦਾ
ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਰਹਿਨੁਮਾਈ ਹੇਠ ਸ਼ਹਿਰੀਆਂ ਨੂੰ ਸ਼ੁੱਧ ਵਾਤਾਵਰਣ ਦੇਣ ਲਈ ਆਈ ਲਵ ਮਾਨਸਾ ਪਾਰਕ ਦਾ ਨਿਰਮਾਣ ਮੁਕੰਮਲ ਹੋਣ ਕਿਨਾਰੇ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨੂੰ ਸੈਰਗਾਹ ਪਾਰਕ ਦੇਣਾ ਆਪਣੇ ਆਪ 'ਚ ਇਕ ਵੱਡਾ ਕੀਰਤੀਮਾਨ ਹੈ। ਜਿਸ ਦੀ ਸ਼ਹਿਰੀਆਂ ਨੂੰ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਵਿਕਾਸ ਕੰਮਾਂ ਦੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਲਈ ਉਤਸ਼ਾਹਿਤ ਕਰਨ ਨਾਲ ਮਾਨਸਾ ਜਿਲ੍ਹਾ ਪ੍ਰਗਤੀ ਦੇ ਰਾਹ 'ਤੇ ਤੁਰਿਆ ਹੋਇਆ ਹੈ।
![PunjabKesari](https://static.jagbani.com/multimedia/20_05_01669346717mns23-ll.jpg)
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ
ਇਸ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਕਹਿਣਾ ਹੈ ਕਿ ਇਸ ਪਾਰਕ ਦੇ ਬਨਣ ਨਾਲ ਜਿੱਥੇ ਮਾਨਸਾ ਦੀ ਖੂਬਸੂਰਤੀ 'ਚ ਵਾਧਾ ਹੋਵੇਗਾ ਉੱਥੇ ਇਸ 'ਚ ਸੈਰ ਕਰਨ ਨਾਲ ਲੋਕਾਂ ਦੀ ਸਿਹਤ ਵੀ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਅਜਿਹੀਆਂ ਹੋਰ ਵੀ ਸੈਰਗਾਹਾਂ ਵਿਕਸਿਤ ਕੀਤੀਆਂ ਜਾਣਗੀਆਂ ਅਤੇ ਉਹ ਜ਼ਿਲ੍ਹੇ ਨੂੰ ਨਵੀਂ ਦਿੱਖ ਦੇਣ ਲਈ ਵਚਨਵੱਧ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੀ ਵਿਸੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਪਾਰਕ ਦਾ ਉਦਘਾਟਨ ਕਰਵਾ ਕੇ ਲੋਕਾਂ ਨੂੰ ਸੌਂਪ ਦਿੱਤਾ ਜਾਵੇਗਾ।
![PunjabKesari](https://static.jagbani.com/multimedia/20_05_33121691617mns24-ll.jpg)
122 ਬੋਤਲਾਂ ਨਜਾਇਜ਼ ਸ਼ਰਾਬ ਸਣੇ 7 ਗ੍ਰਿਫਤਾਰ
NEXT STORY