ਰਾਜਪੁਰਾ, (ਜ. ਬ.)- ਸਿਹਤ ਵਿਭਾਗ ਵੱਲੋਂ ਡੇਅਰੀ ਵਿਕਾਸ ਵਿਭਾਗ ਪਟਿਆਲਾ ਦੀ ਟੀਮ ਨਾਲ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਰਾਜਪੁਰਾ ਟਾਊਨ ਸਥਿਤ ਇਕ ਡੇਅਰੀ ’ਤੇ ਛਾਪੇਮਾਰੀ ਕੀਤੀ ਗਈ। ਉਥੋਂ ਦਹੀਂ, ਪਨੀਰ ਅਤੇ ਦੇਸੀ ਘਿਉ ਦਾ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ। ਇਸ ਸਬੰਧੀ ਜ਼ਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇਕ ਡੇਅਰੀ ’ਤੇ ਮਿਲਾਵਟੀ ਵਸਤਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਇਸ ’ਤੇ ਜ਼ਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਤੇ ਫੂਡ ਸੇਫਟੀ ਅਫਸਰ ਪੁਨੀਤ ਕੁਮਾਰ ਵੱਲੋਂ ਟੀਮ ਸਮੇਤ ਉਕਤ ਡੇਅਰੀ ’ਤੇ ਛਾਪੇਮਾਰੀ ਕੀਤੀ ਗਈ। ਉਥੋਂ ਇਕ ਕੁਇੰਟਲ 20 ਕਿਲੋ ਦਹੀਂ, 30 ਕਿਲੋ ਪਨੀਰ ਅਤੇ 40 ਕਿਲੋ ਦੇਸੀ ਘਿਉ ਆਦਿ ’ਚੋਂ ਵੱਖ-ਵੱਖ ਤੌਰ ’ਤੇ ਸੈਂਪਲ ਭਰੇ ਗਏ। ਇਸ ਤਰ੍ਹਾਂ 60 ਕਿਲੋ ਦਹੀਂ ਜਿਸ ’ਚੋਂ ਗੰਦੀ ਬਦਬੂ ਆ ਰਹੀ ਸੀ, ਨੂੰ ਮੌਕੇ ’ਤੇ ਨਸ਼ਟ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ‘ਹਨੀ ਲੱਸੀ’ ਤੋਂ ਵੀ ਪਨੀਰ ਅਤੇ ਦਹੀਂ ਦੇ ਸੈਂਪਲ ਭਰੇ ਗਏ ਹਨ। ਅੱਗੇ ਕਾਰਵਾਈ ਜਾਰੀ ਹੈ।
ਪਨੀਰ ਤੇ ਦੇਸੀ ਘਿਉ ਆਦਿ ਦੇ ਸੈਂਪਲ ਭਰੇ
ਅਮਰਗਡ਼੍ਹ, (ਡਿੰਪਲ, ਜੋਸ਼ੀ)-ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਸਹਾਇਕ ਫੂਡ ਕਮਿਸ਼ਨਰ ਰਵਿੰਦਰ ਗਰਗ, ਡਿਪਟੀ ਡਾਇਰੈਕਟਰ ਡੇਅਰੀ ਡਿਵੈਲਪਮੈਂਟ ਜਸਵਿੰਦਰ ਸਿੰਘ ਅਤੇ ਫੂਡ ਸੇਫਟੀ ਅਫਸਰ ਦਿਵਿਆ ਗੋਸਵਾਮੀ ਵੱਲੋਂ ਪਿੰਡ ਬਨਭੌਰਾ ਵਿਖੇ ਡੇਅਰੀਆਂ ’ਚ ਅਚਨਚੇਤ ਛਾਪੇਮਾਰੀ ਕਰ ਕੇ ਦੁੱਧ ਤੋਂ ਬਣੀਆਂ ਵਸਤਾਂ ਪਨੀਰ ਤੇ ਦੇਸੀ ਘਿਉ ਆਦਿ ਦੇ ਸੈਂਪਲ ਭਰੇ ਗਏ। ਇਸ ਮੌਕੇ ਰਵਿੰਦਰ ਗਰਗ ਨੇ ਦੱਸਿਆ ਕਿ ਡੇਅਰੀ ਮਾਲਕਾਂ ਨੂੰ ਦੁੱਧ ਤੋਂ ਪਨੀਰ ਬਣਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁੱਧ ਨੂੰ ਫਟਾਉਣ ਲਈ ਸਿਟਰਿਕ ਐਸਿਡ ਜਾਂ ਲੈਕਟਿਵ ਐਸਿਡ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਤੇਜ਼ਾਬ ਜਾਂ ਕਿਸੇ ਹੋਰ ਕੈਮੀਕਲ ਦੀ। ਉਨ੍ਹਾਂ ਕਿਹਾ ਕਿ ਸੈਂਪਲਾਂ ਦੇ ਨਮੂਨੇ ਫੂਡ ਲੈਬਾਰਟਰੀ ਖਰਡ਼ ਵਿਖੇ ਭੇਜੇ ਜਾਣਗੇ। ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮਿਲਾਵਟ ਕਰਨ ਵਾਲੇ ਮਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ।
ਚੋਰੀ ਕੀਤੇ ਬਾਸਮਤੀ ਚਾਵਲਾਂ ਦੇ 154 ਥੈਲਿਅਾਂ ਸਮੇਤ 3 ਗ੍ਰਿਫਤਾਰ
NEXT STORY