ਫਤਿਹਗੜ੍ਹ ਸਾਹਿਬ (ਸੁਰੇਸ਼)- ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ.) ਵੱਲੋਂ ਪ੍ਰੀਖਿਆ ਨਾਲ ਸਬੰਧਤ ਫ਼ੀਸਾਂ ਵਿੱਚ ਕੀਤੇ ਵਾਧੇ ਦੀ ਆਲੋਚਨਾ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਅਤੇ ਫ਼ੀਸ ਨਿਰਧਾਰਨ ਦਾ ਪੂਰਾ ਵਿੱਤੀ ਹਿਸਾਬ ਜਨਤਕ ਕਰਨ ਦੀ ਮੰਗ ਕੀਤੀ।
ਰਿਆ ਨੇ ਕਿਹਾ ਕਿ ਅਪ੍ਰੈਲ 2026 ਦੀ ਯੂਨੀਵਰਸਿਟੀ ਦੀ ਇੱਕ ਫੀਸ ਰਸੀਦ ਅਨੁਸਾਰ ਬੀ. ਸੀ. ਏ. ਦੇ ਇਕ ਵਿਦਿਆਰਥੀ ਤੋਂ ਕੁੱਲ੍ਹ 4,600 ਰੁਪਏ ਵਸੂਲੇ ਗਏ ਹਨ, ਜਿਸ 'ਚ 3,000 ਰੁਪਏ ਪ੍ਰੀਖਿਆ ਫ਼ੀਸ ਅਤੇ 1,600 ਰੁਪਏ ਯੂਨੀਵਰਸਿਟੀ ਰਿਲੇਟਿਡ ਫ਼ੀਸ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਦੀ ਟਿਊਸ਼ਨ ਫੀਸ 15,000 ਰੁਪਏ ਹੈ ਤਾਂ ਵਾਧੂ 4,600 ਰੁਪਏ ਦਾ ਬੋਝ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਵੱਲੋਂ ਇਸ ਫ਼ੀਸ ਵਾਧੇ ਸਬੰਧੀ ਲਗਾਤਾਰ ਫੀਡਬੈਕ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਰਿਆ ਨੇ ਕਿਹਾ ਕਿ ਮਾਮਲਾ ਸਿਰਫ਼ ਫ਼ੀਸ ਵਧਾਉਣ ਤੱਕ ਸੀਮਤ ਨਹੀਂ, ਸਗੋਂ ਗਰੀਬ ਅਤੇ ਮੱਧ ਵਰਗ ਦੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਦੀ ਪਹੁੰਚ ਨਾਲ ਵੀ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
ਰਿਆ ਨੇ ਸਵਾਲ ਕੀਤਾ ਕਿ ਜੇਕਰ ਪਿਛਲੇ ਲਗਭਗ ਇਕ ਦਹਾਕੇ ਤੋਂ ਕਾਲਜਾਂ ਦੀ ਟਿਊਸ਼ਨ ਫ਼ੀਸ ਵਿੱਚ ਵੱਡਾ ਵਾਧਾ ਨਹੀਂ ਹੋਇਆ ਅਤੇ ਨਿਗਰਾਨੀ ਕਰਨ ਵਾਲੇ ਅਮਲੇ ਤੇ ਉੱਤਰ-ਪੱਤਰੀਆਂ ਦੀ ਜਾਂਚ ਦੇ ਮਾਣਭੱਤਿਆਂ ਵਿੱਚ ਵੀ ਇਸੇ ਅਨੁਪਾਤ ਵਿੱਚ ਵਾਧਾ ਨਹੀਂ ਹੋਇਆ ਤਾਂ ਪ੍ਰੀਖਿਆ ਫੀਸ ਵਿੱਚ ਇੰਨਾ ਵੱਡਾ ਵਾਧਾ ਕਿਸ ਆਧਾਰ ’ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਫੀਸ ਵਾਧੇ ਦਾ ਪੂਰਾ ਵਿੱਤੀ ਆਧਾਰ ਜਨਤਕ ਕਰਨਾ ਚਾਹੀਦਾ ਹੈ।
ਉਨ੍ਹਾਂ ਖ਼ਾਸ ਤੌਰ ’ਤੇ ਐੱਸ. ਸੀ. ਵਰਗ ਦੇ ਗਰੀਬ ਵਿਦਿਆਰਥੀਆਂ ਦੀ ਸਮੱਸਿਆ ਉਠਾਉਂਦਿਆਂ ਕਿਹਾ ਕਿ ਸਰਕਾਰੀ ਸਕਾਲਰਸ਼ਿਪ ਅਤੇ ਫੀਸ ਸਹਾਇਤਾ ਜਾਰੀ ਹੋਣ ਵਿੱਚ ਦੇਰੀ ਕਾਰਨ ਵਿਦਿਆਰਥੀਆਂ ਅਤੇ ਕਾਲਜਾਂ ’ਤੇ ਵਾਧੂ ਵਿੱਤੀ ਦਬਾਅ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਯੋਗ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ ਮਿਲਣ ਤੱਕ ਫ਼ੀਸ ਦੀ ਅਗਾਊਂ ਅਦਾਇਗੀ ਤੋਂ ਉਚਿਤ ਰਾਹਤ ਦਿੱਤੀ ਜਾਵੇ। ਰਿਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੀਖਿਆ ਨਾਲ ਸਬੰਧਤ ਫ਼ੀਸਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ, ਫ਼ੀਸ ਨਿਰਧਾਰਨ ਦਾ ਪੂਰਾ ਹਿਸਾਬ ਜਨਤਕ ਕੀਤਾ ਜਾਵੇ ਅਤੇ ਸਰਕਾਰੀ ਯੂਨੀਵਰਸਿਟੀਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਹਰ ਵਰਗ ਦੇ ਵਿਦਿਆਰਥੀ ਦੀ ਪਹੁੰਚ ਵਿੱਚ ਰਹਿਣੀ ਚਾਹੀਦੀ ਹੈ ਅਤੇ ਫੀਸਾਂ ਦੇ ਵਾਧੇ ਕਾਰਨ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਰਮੀ ਕੈਂਪ ਵਿਚ ਫ਼ੌਜੀ ਦੀ ਪਤਨੀ ਨਾਲ ਦਰਿੰਦਗੀ! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY