ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇਹ ਦਾਅਵੇ ਕਰਦੀਆਂ ਹਨ ਕਿ ਪੇਂਡੂ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਸੱਚ ਇਹ ਹੈ ਕਿ ਪਿੰਡਾਂ ਦੇ ਲੋਕਾਂ ਦੀਅਾਂ ਸਮੱਸਿਆਵਾਂ ਵੱਲ ਤਾਂ ਸਰਕਾਰਾਂ ਦਾ ਧਿਆਨ ਹੀ ਨਹੀਂ ਹੈ। ਇਸ ਦੀ ਉਦਾਹਰਨ ਉਨ੍ਹਾਂ ਪਿੰਡਾਂ ਤੋਂ ਮਿਲਦੀ ਹੈ, ਜਿੱਥੋਂ ਦੇ ਲੋਕਾਂ ਨੂੰ ਅਾਜ਼ਾਦੀ ਦੇ 7 ਦਹਾਕੇ ਬੀਤਣ ਦੇ ਬਾਵਜੂਦ ਅਜੇ ਤੱਕ ਕਿਤੇ ਆਉਣ-ਜਾਣ ਲਈ ਬੱਸਾਂ ਦੀ ਸਹੂਲਤ ਹੀ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਮੰਡੀ ਲੱਖੇਵਾਲੀ ਤੋਂ ਜਲਾਲਾਬਾਦ ਨੂੰ ਜਾਣ ਲਈ ਕੋਈ ਬੱਸ ਸਰਵਿਸ ਨਹੀਂ ਹੈ, ਜਿਸ ਕਰ ਕੇ ਇਸ ਖੇਤਰ ਦੇ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਬੇਹੱਦ ਤੰਗ-ਪ੍ਰੇਸ਼ਾਨ ਹਨ। ਮੰਡੀ ਲੱਖੇਵਾਲੀ ਤੋਂ ਜਲਾਲਾਬਾਦ 22 ਕਿਲੋਮੀਟਰ ਦੀ ਦੂਰ ’ਤੇ ਹੈ ਅਤੇ ਇੱਥੋਂ 18 ਫੁੱਟ ਚੌਡ਼ੀ ਸਡ਼ਕ ਜਲਾਲਾਬਾਦ ਨੂੰ ਜਾਂਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਸਡ਼ਕ ’ਤੇ ਕੋਈ ਬੱਸ ਨਹੀਂ ਚੱਲਦੀ। ਮੰਡੀ ਲੱਖੇਵਾਲੀ ਤੋਂ ਜਲਾਲਾਬਾਦ ਜਾਣ ਵਾਲੀ ਸਡ਼ਕ ’ਤੇ ਜੋ ਪਿੰਡ ਰਸਤੇ ’ਚ ਆਉਂਦੇ ਹਨ, ਉਨ੍ਹਾਂ ’ਚ ਰੱਤਾ ਥੇਡ਼, ਤੰਬੂ ਵਾਲਾ, ਕਾਲੇ ਵਾਲਾ, ਝੁੱਗੀਆਂ, ਵੈਰੋਕੇ, ਮਹਾਲਮ, ਕੱਟੀਆਂ ਵਾਲਾ ਅਤੇ ਢਾਬਾ ਆਦਿ ਸ਼ਾਮਲ ਹਨ, ਜਦਕਿ ਇਨ੍ਹਾਂ ਪਿੰਡਾਂ ਤੋਂ ਕੁਝ ਕੁ ਕਿਲੋਮੀਟਰ ਆਸ-ਪਾਸ ’ਤੇ ਜੋ ਪਿੰਡ ਹਨ, ਉਨ੍ਹਾਂ ’ਚ ਕਾਨਿਆਂਵਾਲੀ, ਪਾਲੀਵਾਲਾ, ਨਿੱਕੀਆਂ ਢਾਬਾ ਅਤੇ ਕਾਠਗਡ਼੍ਹ ਆਦਿ ਸ਼ਾਮਲ ਹਨ।
ਵਿਦਿਆਰਥੀ ਹਨ ਬੇਹੱਦ ਪ੍ਰੇਸ਼ਾਨ
ਇਨ੍ਹਾਂ ਪਿੰਡਾਂ ਦੇ ਵਿਦਿਆਰਥੀ, ਜਿਨ੍ਹਾਂ ਨੇ ਦੂਰ ਸਕੂਲਾਂ, ਕਾਲਜਾਂ ਵਿਚ ਪਡ਼੍ਹਨ ਲਈ ਜਾਣਾ ਹੁੰਦਾ ਹੈ, ਉਹ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਨਾ ਤਾਂ ਸਰਕਾਰੀ ਬੱਸ ਦੀ ਸਹੂਲਤ ਹੈ ਅਤੇ ਨਾ ਹੀ ਪ੍ਰਾਈਵੇਟ ਦੀ। ਖਾਸ ਕਰ ਕੇ ਲਡ਼ਕੀਆਂ ਨੂੰ ਤਾਂ ਹੋਰ ਵੀ ਪ੍ਰੇਸ਼ਾਨੀ ਆਉਂਦੀ ਹੈ। ਇਸੇ ਤਰ੍ਹਾਂ ਇਨ੍ਹਾਂ ਪਿੰਡਾਂ ਦੇ ਮੁਲਾਜ਼ਮ ਅਤੇ ਹੋਰ ਕੰਮ ਧੰਦਿਆਂ ’ਤੇ ਜਾਣ ਵਾਲੇ ਲੋਕ ਵੀ ਤੰਗ ਹਨ। ਬਾਹਰੋਂ ਆਉਣ ਵਾਲੇ ਰਿਸ਼ਤੇਦਾਰ ਵੀ ਕਈ ਤਕਲੀਫ਼ਾਂ ਝੱਲ ਕੇ ਇਨ੍ਹਾਂ ਪਿੰਡਾਂ ’ਚ ਪਹੁੰਚਦੇ ਹਨ। ਇਸ ਖੇਤਰ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਲੋਕ ਸਿਰਫ਼ ਵੋਟਾਂ ਵੇਲੇ ਹੀ ਆ ਕੇ ਲੋਕਾਂ ਨੂੰ ਝੂਠੇ ਲਾਰੇ ਲਾਉਂਦੇ ਹਨ ਕਿ ਇਸ ਰਸਤੇ ’ਤੇ ਬੱਸ ਸੇਵਾ ਸ਼ੁਰੂ ਕਰਵਾਈ ਜਾਵੇਗੀ ਤਾਂ ਕਿ ਲੋਕਾਂ ਨੂੰ ਆਵਾਜਾਈ ਵਿਚ ਕੋਈ ਦਿੱਕਤ ਨਾ ਆਵੇ ਪਰ ਵੋਟਾਂ ਪੈਣ ਤੋਂ ਬਾਅਦ ਸਭ ਭੁੱਲ ਜਾਂਦੇ ਹਨ।
ਦੀਵਾਲੀ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਛੁੱਟੀਆਂ ਕੈਂਸਲ
NEXT STORY