ਮਾਨਸਾ (ਸੰਦੀਪ ਮਿੱਤਲ) : 541717 ਏਕੜ ਰਕਬੇ ’ਚ ਫੈਲੇ 248 ਪਿੰਡਾਂ, ਮਾਨਸਾ, ਬੁਢਲਾਡਾ, ਸਰਦੂਲਗੜ੍ਹ ਸਬ ਡਵੀਜ਼ਨਾਂ, 3 ਵਿਧਾਨ ਸਭਾ ਹਲਕਿਆਂ ਵਾਲੇ ਜ਼ਿਲਾ ਮਾਨਸਾ ਦਾ ਜਨਮ 1992 ਦੀ ਵਿਸਾਖੀ ਨੂੰ ਹੋਇਆ। ਉਸ ਸਮੇਂ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਵਿਸਾਖੀ ਦੇ ਸ਼ੁੱਭ ਦਿਹਾੜੇ ਮੌਕੇ ਮਾਨਸਾ ਨੂੰ ਜ਼ਿਲ੍ਹਾ ਬਣਾਇਆ ਸੀ। ਇਸ ਜ਼ਿਲ੍ਹੇ ਬਾਰੇ ਲੋਕ ਕਥਾ ਹੈ ਕਿ ਪਿੰਡ ਖਿਆਲਾ ਦੇ ਕੋਲ ਇਕ ਫਕੀਰ ਮਾਣਾ ਰਿਹਾ ਕਰਦਾ ਸੀ। ਇਸ ਤੋਂ ਬਾਅਦ ਇੱਥੇ ਮਾਨਸ਼ਾਹੀਆ ਦੇ 2 ਚਾਰ ਪਰਿਵਾਰ ਰਹਿਣ ਲੱਗ ਗਏ ਤਾਂ ਇਸ ਦਾ ਨਾਂ ਮਾਨਸਾ ਪਿਆ। ਪਹਿਲਾਂ ਇਹ ਜ਼ਿਲ੍ਹਾ ਬਠਿੰਡਾ ਜ਼ਿਲ੍ਹੇ ਦੀ ਸਬ-ਡਵੀਜ਼ਨ ਸੀ। ਇਸ ਦੀ ਇਕ ਤਿਹਾਈ ਵਸੋਂ ਪਿੰਡਾਂ ਦੇ ਮੁਜ਼ਾਰੇ ਕਿਸਾਨਾਂ ਦੀ ਸੀ। ਇੱਥੇ ਜ਼ਬਰਦਸਤੀ ਠੋਸੇ ਗਏ ਵਿਸਵੇਦਾਰਾਂ ਦਾ ਰਾਜ ਹੁੰਦਾ ਸੀ। ਮੁਜਾਰਿਆਂ ਨੂੰ ਦਬਾ ਕੇ ਜ਼ਬਰੀ ਵਟਾਈ ਵਸੂਲਣ ਕਾਰਨ ਹੀ 18 ਮਾਰਚ 1949 ਨੂੰ ਪਿੰਡ ਕਿਸ਼ਨਗੜ੍ਹ ਵਿਖੇ ਗੋਲ਼ੀ ਕਾਂਡ ਵਾਪਰਿਆ ਸੀ। ਇਸ ਜ਼ਿਲ੍ਹੇ ਦਾ ਕਸਬਾ ਭੀਖੀ ਕਿਸੇ ਸਮੇਂ ਰਾਜਾ ਗੌਂਡੇ ਦੀ ਰਾਜਧਾਨੀ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਮਾਨ, ਵਾਰੀ ਆਉਣ 'ਤੇ ਕੇਂਦਰ ਤੋਂ ਲਵਾਂਗਾ ਹਿਸਾਬ
ਚਹਿਲਾਂ ਦਾ ਮੱਕਾ ਮੰਨੀ ਜਾਂਦੀ ਬਾਬਾ ਜੋਗੀਪੀਰ ਦੀ ਬੁਲੰਦ ਵੀ ਇਸ ਜ਼ਿਲ੍ਹੇ ਵਿਚ ਪਿੰਡ ਰੱਲਾ ਵਿਖੇ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਇਸ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਪ੍ਰਾਪਤ ਹੈ, ਜਿਨ੍ਹਾਂ ਵਿਚੋਂ ਕੋਟਧਰਮੂ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ। ਪਿੰਡ ਭੰਮੇ ਕਲਾਂ, ਦੂਲੋਵਾਲ, ਅਕਲੀਆ, ਪੁਰਾਣੇ ਡਾਕੂਆਂ ਕਾਰਨ ਮਸ਼ਹੂਰ ਹਨ। ਹੀਰੇਵਾਲਾ, ਤਾਮਕੋਟ, ਜੋਗਾ, ਸਿਰਸੀਵਾਲਾ, ਟਾਂਡੀਆ, ਖਿਆਲਾ ਆਦਿ ਪਿੰਡਾਂ ਨੇ ਇਲਾਕੇ ਨੂੰ ਵਧੀਆ ਕਵੀਸ਼ਰ ਦਿੱਤੇ। ਕਿਸੇ ਸਮੇਂ ਪਿੰਡ ਰੱਲੇ ਦੀ ਗੰਡਾਸੀ ਅਤੇ ਪਦਮਨੀ ਨਸਲ ਦੀਆਂ ਔਰਤਾਂ ਦਾ ਜ਼ਿਕਰ ਚਰਮ ਸੀਮਾ ’ਤੇ ਹੁੰਦਾ ਸੀ। ਮਾਨਸਾ ਸ਼ਹਿਰ ਅੰਦਰ ਡੇਰਾ ਬਾਬਾ ਭਾਈ ਗੁਰਦਾਸ ਜੀ ਧਾਰਮਿਕ ਅਸਥਾਨ ਹੈ। ਇਸ ਅਸਥਾਨ ’ਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਹਰ ਰੋਜ਼ ਨਤਮਸਤਕ ਹੁੰਦੇ ਹਨ।
ਇਹ ਵੀ ਪੜ੍ਹੋ- ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੈਸੇ ਕਢਵਾਉਣ ਗਈ ਨੌਜਵਾਨ ਧੀ ਦੀ ਘਰ ਪਰਤੀ ਲਾਸ਼
ਇੱਥੇ ਹੀ ਮਾਨਸਾ ਮੰਡੀ ਵਿਖੇ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਦੀ ਅਗਵਾਈ ਹੇਠ 17 ਜੁਲਾਈ 1928 ਨੂੰ ਪਰਜਾ ਮੰਡਲ ਦੀ ਸਥਾਪਨਾ ਹੋਈ, ਜਿਸ ਨੇ ਅੱਗੇ ਜਾ ਕੇ ਦੇਸ਼ ਦੀ ਆਜ਼ਾਦੀ ਵਿਚ ਭਾਰੀ ਯੋਗਦਾਨ ਪਾਇਆ ਅਤੇ ਰਿਆਸਤੀ ਪਰਜਾ ਮੰਡਲ ਦੇ ਪ੍ਰਧਾਨ ਸੇਵਾ ਸਿੰਘ ਠੀਕਰੀ ਵਾਲਾ ਨੂੰ ਰਿਹਾਅ ਕਰਵਾਉੁਣ ਲਈ ਜਦੋਂ ਅਕਾਲੀਆਂ ਤੇ ਪਰਜਾ ਮੰਡਲ ਵੱਲੋਂ ਸਾਂਝਾ ਦੌਰਾ ਕੀਤਾ ਗਿਆ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਸਖ਼ਤ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਿਰਫ਼ ਪੰਜਾਬ ਵਿਚ ਹੀ ਨਹੀਂ ਪੂਰੇ ਭਾਰਤ ਵਿਚ ਦੇਸ਼ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਵਿਚ ਇਸ ਜ਼ਿਲ੍ਹੇ ਦੇ ਯੋਧਿਆਂ ਨੇ ਵਧ ਚੜ੍ਹ ਕੇ ਹਿੱਸਾ ਲੈਂਦਿਆਂ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉੁਣ ਲਈ ਭਾਰੀ ਯੋਗਦਾਨ ਪਾਇਆ, ਜਿਸ ਤਹਿਤ ਮਾਨਸਾ ਸ਼ਹਿਰ ਵਿਚ ਬਣੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਸ਼ਹਿਰ ਦੀ ਮੁੱਖ ਨਿਸ਼ਾਨੀ ਹੈ।
ਇਹ ਵੀ ਪੜ੍ਹੋ- ਕੁਦਰਤ ਦੀ ਮਾਰ ਨਾ ਸਹਾਰ ਸਕਿਆ ਕਿਸਾਨ, ਵਾਢੀ ਕਰਨ ਤੋਂ ਪਹਿਲਾਂ ਖ਼ਰਾਬ ਫ਼ਸਲ ਵੇਖ ਤੋੜਿਆ ਦਮ
ਭਾਵੇਂ ਮਾਨਸਾ ਨੂੰ ਜ਼ਿਲ੍ਹਾ ਬਣੇ ਕਾਫ਼ੀ ਸਾਲ ਹੋ ਗਏ ਹਨ ਪਰ ਇਨ੍ਹਾਂ 31 ਸਾਲਾਂ ਵਿਚ ਇੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੇ ਦੁੱਖਾਂ ਦਰਦਾਂ ਤੋਂ ਨਿਜ਼ਾਤ ਨਹੀਂ ਮਿਲੀ। ਅੱਜ ਤਕ ਵੀ ਇਸ ਜ਼ਿਲ੍ਹੇ ਵਿਚ ਕੋਈ ਸਰਕਾਰੀ ਮੈਡੀਕਲ ਜਾਂ ਇੰਜਨੀਅਰਿੰਗ ਕਾਲਜ ਨਹੀਂ ਬਣ ਸਕਿਆ। ਇਸ ਜ਼ਿਲ੍ਹੇ ਅੰਦਰ ਕੋਈ ਵੱਡੀ ਇੰਡਸਟਰੀ ਨਹੀਂ, ਇਸ ਤੋਂ ਇਲਾਵਾ ਮਾਨਸੂਨ ਦੇ ਦਿਨਾਂ ਵਿਚ ਘੱਗਰ ਦੇ ਹੜ੍ਹਾਂ ਨਾਲ ਹੁੰਦੇ ਨੁਕਸਾਨ ਨੂੰ ਰੋਕਣ ਲਈ ਵੀ ਸਮੇਂ ਦੀਆਂ ਸਰਕਾਰਾਂ ਨੇ ਕੋਈ ਖਾਸ ਧਿਆਨ ਨਹੀਂ ਕੀਤਾ। ਜ਼ਿਲ੍ਹਾ ਵਾਸੀਆਂ ਦੀ ਮੰਗ ਹੈ ਕਿ ਇੱਥੇ ਸਰਕਾਰੀ ਖੇਤਰ ਦਾ ਕੋਈ ਵੱਡਾ ਮਲਟੀਸਪੈਸ਼ਲਿਟੀ ਹਸਪਤਾਲ, ਲਾਅ ਕਾਲਜ, ਇੰਜਨੀਅਰਿੰਗ ਕਾਲਜ ਅਤੇ ਮੈਡੀਕਲ ਕਾਲਜ ਖੋਲ ਕੇ ਇਸ ਜ਼ਿਲ੍ਹੇ ਤੇ ਲੱਗਿਆ ਪੱਛੜੇਪਣ ਦਾ ਧੱਬਾ ਧੋਇਆ ਜਾਵੇ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਦੀਆਂ ਹੋਰ ਵਿਭਾਗਾਂ ’ਚ ਪਈਆਂ ਖਾਲੀ ਥਾਵਾਂ ਤੁਰੰਤ ਭਰੀਆਂ ਜਾਣ। ਉਮੀਦ ਹੈ ਕਿ ਇਹ ਜ਼ਿਲਾ ਵੀ ਹੁਣ ਹੌਲੀ-ਹੌਲੀ ਮੋਹਰੀ ਜ਼ਿਲਿਆਂ ਦੀ ਕਤਾਰ ਵਿਚ ਸ਼ਾਮਲ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬੇਜ਼ੁਬਾਨ 'ਤੇ ਤਸ਼ੱਦਦ ਦੀ ਹੱਦ : ਕੁੱਤੇ ਨੂੰ ਪਹਿਲਾਂ ਬੰਨ੍ਹ ਕੇ ਕੁੱਟਿਆ, ਫਿਰ ਮਰਨ ਮਗਰੋਂ ਕਿਤੇ ਹੋਰ ਸੁੱਟ ਦਿੱਤੀ ਲਾਸ਼
NEXT STORY