ਸੰਗਰੂਰ (ਬੇਦੀ, ਸਿੰਗਲਾ): ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਤੋਂ ਉੱਠੀ ਕਿਸਾਨ ਲਹਿਰ ਸਮੁੱਚੇ ਦੇਸ਼ ਦਾ ਅੰਦੋਲਨ ਬਣਨ ਵੱਲ ਵੱਧ ਰਹੀ ਹੈ ਤੇ ਕੇਂਦਰ ਸਰਕਾਰ ਇਸ ਅੰਦੋਲਨ ਦਾ ਸਾਹਮਣਾ ਨਹੀਂ ਕਰ ਸਕੇਗੀ। ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
ਢੀਂਡਸਾ ਨੇ ਦਿੱਲੀ ਦੇ ਕਿਸਾਨ ਰੋਸ ਧਰਨੇ ਲਈ ਜਾ ਰਹੇ ਲੰਗਰ ਦੀ ਰਸਦ ਦੇ ਸੈਂਕੜੇ ਟਰੈਕਟਰਾਂ ਤੇ ਟਰੱਕ ਨੂੰ ਹਰਿਆਣਾ ਸਰਹੱਦ ਉੱਪਰ ਰੋਕਣ 'ਤੇ ਹਰਿਆਣਾ 'ਚ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਾਫ਼ ਜ਼ਾਹਿਰ ਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਬੁਖਲਾ ਗਈ ਹੈ। ਉਹ ਇਥੇ “ਦਿੱਲੀ ਚਲੋ'' ਨਾਅਰੇ ਹੇਠ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਵਰਕਰਾਂ ਦੀਆਂ ਧੂਰੀ ਤੇ ਸੰਗਰੂਰ ਹਲਕਿਆਂ ਦੀਆਂ ਮੀਟਿੰਗਾਂ ਦੌਰਾਨ ਬੋਲ ਰਹੇ ਸਨ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਸਮੁੱਚਾ ਕਿਸਾਨ ਹੱਕੀ ਸੰਘਰਸ਼ 'ਚ ਨਿੱਤਰ ਕੇ ਸਾਹਮਣੇ ਆਇਆ। ਲੋਕ ਵਹੀਰਾਂ ਘੱਤਕੇ ਦਿੱਲੀ ਦੇ 26 ਤੇ 27 ਨਵੰਬਰ ਦੇ ਰੋਸ ਧਰਨੇ 'ਚ ਸ਼ਾਮਲ ਹੋਣ ਲਈ ਉਤਾਵਲੇ ਹਨ। ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਇਸ ਅੰਦੋਲਨ ਨੂੰ ਵਿਆਪਕ ਤੇ ਸ਼ਕਤੀਸ਼ਾਲੀ ਰੂਪ ਦੇਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ਼ ਡੈਮੋਕ੍ਰੇਟਿਕ ਦੇ ਵਰਕਰ ਸ਼ੁਰੂ ਤੋਂ ਹੀ ਖੇਤੀ ਕਾਨੰਨਾਂ ਦੇ ਖਿਲਾਫ਼ ਬੇਖੌਫ਼ ਹੋ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਲਾਮਬੰਦੀ 'ਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਦਿੱਲੀ ਅੰਦਰ ਪਾਰਟੀ ਵਰਕਰਾਂ ਤੇ ਕਿਸਾਨਾਂ ਦੇ ਵੱਡੇ ਕਾਫਲੇ ਸਮੇਤ ਰੋਸ ਧਰਨੇ 'ਚ ਸ਼ਾਮਲ ਹੋਣਗੇ।ਢੀਂਡਸਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 1982 ਦੀਆਂ ਏਸ਼ੀਆਈ ਖੇਡਾਂ ਵਾਂਗ ਪੰਜਾਬੀਆਂ ਦੀ ਤਰ੍ਹਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਜਾਂ ਦਿੱਲੀ ਸਰਕਾਰ ਨੇ ਰੋਕਣ ਦਾ ਯਤਨ ਕੀਤਾ ਤਾਂ ਇਸ ਦੇ ਗੰਭੀਰ ਸਿੱਟੇ ਹੋਣਗੇ।
ਇਸ ਮੌਕੇ ਰਜਿੰਦਰ ਸਿੰਘ ਕਾਂਝਲਾ, ਅਮਨਬੀਰ ਸਿੰਘ ਚੈਰੀ, ਚਰਨਜੀਤ ਸਿੰਘ ਢਡੋਗਲ, ਸਮਸੇਰ ਸਿੰਘ ਸਰਪੰਚ, ਬੀਰਬਲ ਸਿੰਘ ਕੋਲਸੇੜੀ, ਅਜੀਤ ਸਿੰਘ ਭੁੱਲਰਹੇੜੀ, ਕਰਨੈਲ ਸਿੰਘ ਭੁੱਲਰਹੇੜੀ, ਦਰਸਨ ਸਿੰਘ ਬੇਨੜਾ, ਭਰਭੂਰ ਸਿੰਘ ਬੇਨੜਾ ਅਤੇ ਨਰੰਜਣ ਸਿੰਘ ਆਦਿ ਆਗੂ ਵੀ ਮੌਜੂਦ ਸਨ।
ਕੋਲੇ ਵਾਲੀ ਮਾਲ ਗੱਡੀ ਆਉਣ 'ਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਪਹਿਲਾ ਯੂਨਿਟ ਚਾਲੂ
NEXT STORY