ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਗੰਦੇ ਪਾਣੀ, ਕੀਟਨਾਸ਼ਕ ਦਵਾਈਆਂ ਤੇ ਰਸਾਇਣਕ ਖਾਦਾਂ ਦੀ ਨਾਲ ਤਿਆਰ ਕੀਤੀਆਂ ਜਾ ਰਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਕਾਰਨ ਕੈਂਸਰ ਵਰਗੀ ਭਿਆਨਕ ਬਿਮਾਰੀ ਪੈਰ ਪਸਾਰ ਰਹੀ ਹੈ। ਕੈਂਸਰ ਕਾਰਨ ਕਿਸੇ ਨਾ ਕਿਸੇ ਦੀ ਮੌਤ ਰੋਜ਼ਾਨਾ ਹੋ ਹੀ ਜਾਂਦੀ ਹੈ। ਮੁਕਤਸਰ ਦੇ ਪਿੰਡ ਲੱਖੇਵਾਲੀ 'ਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ 1 ਮਰਦ ਤੇ 1 ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੇਵਾ ਮੁਕਤ ਜੇ.ਈ. ਮੁਖਤਿਆਰ ਸਿੰਘ ਜੋ ਲੋਕ ਸਾਹਿਤ ਸਭਾ ਲੱਖੇਵਾਲੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਹਨ, ਦੀ ਉਕਤ ਬਿਮਾਰੀ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਸ਼ਿੰਦਰਪਾਲ ਕੌਰ ਪਤਨੀ ਕੁਲਵਿੰਦਰ ਸਿੰਘ ਜੈਲਦਾਰ, ਜੋ ਪਿਛਲੇ ਦੋ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ, ਦੀ ਮੌਤ ਹੋ ਗਈ। ਕੈਂਸਰ ਨਾਲ ਹੋਈਆਂ ਦੋ ਮੌਤਾਂ ਕਰਕੇ ਪਿੰਡ ਵਾਸੀ ਚਿੰਤਤ ਹਨ।
ਕੋਈ ਪਿੰਡ ਅਜਿਹਾ ਨਹੀਂ ਬਚਿਆ, ਜਿਥੇ ਕੈਂਸਰ ਦਾ ਮਰੀਜ਼ ਨਾ ਹੋਵੇ
ਪਿਛਲੇਂ ਦੋ ਦਹਾਕਿਆ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਦੈਂਤ ਖੇਤਰ ਦੇ ਲੋਕਾਂ ਨੂੰ ਖਾ ਰਿਹਾ ਹੈ, ਜਿਸ ਕਾਰਨ ਕਈ ਘਰ ਸੁੰਨੇ ਹੋ ਗਏ ਹਨ। ਹਜ਼ਾਰਾਂ ਕੈਂਸਰ ਪੀੜਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਕੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਅਤੇ ਕਈ ਮਰੀਜ਼ ਇਸ ਬੀਮਾਰੀ ਨਾਲ ਅਜੇ ਵੀ ਲੜ ਰਹੇ ਹਨ। ਮਿਲੀਆ ਰਿਪੋਰਟਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ, ਸੰਗਰੂਰ ਤੇ ਬਠਿੰਡਾ ਆਦਿ ਜ਼ਿਲਿਆਂ 'ਚ ਇਸ ਬਿਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਜ਼ਿਕਰਯੋਗ ਹੈ ਕਿ ਕਈ ਪਿੰਡ ਤਾਂ ਅਜਿਹੇ ਹਨ, ਜਿਥੇ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 50 ਤੋਂ ਟੱਪ ਚੁੱਕੀ ਹੈ।
ਕੈਂਸਰ ਦੀ ਬਿਮਾਰੀ ਦਾ ਕੋਈ ਵੱਡਾ ਹਸਪਤਾਲ ਨਹੀਂ
ਪੰਜਾਬ 'ਚ ਕੈਂਸਰ ਦੀ ਬਿਮਾਰੀ ਦਾ ਕੋਈ ਹਸਪਤਾਲ ਨਹੀਂ, ਜਿਸ ਕਰਕੇ ਪੀੜਤਾਂ ਨੂੰ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਦੇ ਹਸਪਤਾਲਾਂ 'ਚ ਜਾਣਾ ਪੈਂਦਾ ਹੈ। ਜ਼ਿਆਦਾਤਰ ਲੋਕ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵੱਲ ਮੂੰਹ ਕਰਦੇ ਹਨ। ਕੋਈ ਮਰੀਜ਼ ਨੂੰ ਲੈ ਕੇ ਪੀ. ਜੀ. ਆਈ. ਚੰਡੀਗੜ੍ਹ ਜਾਂਦਾ ਹੈ, ਕੋਈ ਲੁਧਿਆਣਾ ਅਤੇ ਕੋਈ ਹੋਰ ਵੱਡੇ ਸ਼ਹਿਰਾ ਵੱਲ। ਬੀਕਾਨੇਰ ਦੇ ਕੈਂਸਰ ਹਸਪਤਾਲ 'ਚ ਪੰਜਾਬ ਦੇ ਮਰੀਜ਼ਾਂ ਦੀ ਗਿਣਤੀ ਸੈਂਕੜਿਆਂ 'ਚ ਰਹਿੰਦੀ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਦੀ ਬਿਮਾਰੀ ਤੋਂ ਰੋਕਥਾਮ ਲਈ ਪੰਜਾਬ ਦੇ ਮਾਲਵਾ ਖੇਤਰ 'ਚ ਕੈਂਸਰ ਦਾ ਵੱਡਾ ਹਸਪਤਾਲ ਬਣਾਇਆ ਜਾਵੇ, ਤਾਂਕਿ ਇਸ ਬੀਮਾਰੀ 'ਤੇ ਕਾਬੂ ਪਾਇਆ ਜਾ ਸਕੇ।
ਕੈਂਸਰ ਦੇ ਮਰੀਜ਼ਾਂ 'ਚ ਔਰਤਾਂ ਦੀ ਗਿਣਤੀ 65 ਫੀਸਦੀ
ਰਿਪੋਰਟਾਂ ਅਨੁਸਾਰ 2001 ਤੋਂ ਲੈ ਕੇ ਪਿਛਲੇਂ 19 ਸਾਲਾਂ 'ਚ ਕੈਂਸਰ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਖਤਰਨਾਰ ਬਿਮਾਰੀ ਨੇ ਹਰ ਵਰਗ ਦੇ ਵਿਅਕਤੀਆਂ ਨੂੰ ਜਕੜ੍ਹਿਆਂ ਹੋਇਆ ਹੈ। ਇਥੋਂ ਤੱਕ ਕਿ ਛੋਟੇ ਬੱਚਿਆਂ ਨੂੰ ਨਹੀਂ ਬਖਸ਼ਿਆ। ਮਿਲੇ ਵੇਰਵੇ ਅਨੁਸਾਰ ਕੈਂਸਰ ਦੇ ਮਰੀਜ਼ਾਂ 'ਚ ਔਰਤਾਂ ਦੀ ਗਿਣਤੀ 65 ਫੀਸਦੀ, ਜਦਕਿ ਮਰਦਾ ਦੀ ਗਿਣਤੀ 35 ਫੀਸਦੀ ਹੈ। ਔਰਤਾਂ ਨੂੰ ਛਾਤੀ ਦੇ ਕੈਂਸਰ ਵਧੇਰੇ ਹੁੰਦੇ ਹਨ।
ਮੰਗਾਂ ਮਨਵਾਉਣ ਲਈ ਪੰਜਾਬ ਭਰ ਤੋਂ ਬਠਿੰਡਾ ਪੁੱਜੇ ਠੇਕਾ ਮੁਲਾਜ਼ਮ, ਲਾਇਆ ਧਰਨਾ (ਵੀਡੀਓ)
NEXT STORY