ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦਾ ਬਾਬਾ ਆਦਮ ਨਿਰਾਲਾ ਹੈ। ਕੌਂਸਲ ਨੇ ਜਲਘਰ ਦੇ ਕੰਮਾਂ ਦਾ ਕਰੋੜਾਂ ਤੋਂ ਵੱਧ ਰੁਪਏ ਦਾ ਟੈਂਡਰ ਤਾਂ ਦੇ ਦਿੱਤਾ ਪਰ ਕੰਧਾਂ ਦੇ ਕੰਮ ਦਾ ਵਰਕ ਆਰਡਰ ਜਾਰੀ ਨਹੀਂ ਕੀਤਾ। ਵਰਕਰ ਆਰਡਰ ਜਾਰੀ ਨਾ ਹੋਣ ਕਰਕੇ ਠੇਕੇਦਾਰ ਕੰਮ ਨਹੀਂ ਕਰ ਰਿਹਾ। ਜਲਘਰ ਦੀਆਂ ਕੰਧਾਂ ਟੁੱਟੀਆਂ ਹਨ ਅਤੇ ਅਵਾਰਾ ਪਸ਼ੂ ਇਸਦੇ ਜਲ ਨੂੰ ਦਿਨ-ਦਿਹਾੜੇ ਦੂਸ਼ਿਤ ਕਰ ਰਹੇ ਹਨ ਅਤੇ ਪ੍ਰਸ਼ਾਸਨ ਸਭ ਕੁੱਝ ਵੇਖਦਿਆਂ ਹੋਇਆ ਵੀ ਮੂਕ ਦਰਸ਼ਕ ਬਣਿਆ ਬੈਠਾ ਹੈ। ਜਲ ਘਰ ਦੇ ਜੋਧੂ ਕਲੋਨੀ, ਭੁੱਲਰ ਕਲੋਨੀ ਅਤੇ ਬੰਬ ਕਲੋਨੀ ਵਾਲੇ ਪਾਸੇ ਦੀਆਂ ਕੰਧਾਂ ਡਿੱਗੀਆਂ ਪਈਆਂ ਹਨ। ਗੰਦਗੀ ਅਤੇ ਮਲਬੇ ਦੇ ਢੇਰ ਲੱਗੇ ਹੋਏ ਹਨ। ਇਸ ਗੰਦਗੀ ਵਾਲਾ ਪਾਣੀ ਜਲਘਰ ਦੇ ਸਾਫ ਪਾਣੀ ਦੇ ਟੈਂਕਾਂ ਵਿਚ ਮਿਲਦਾ ਹੈ ਅਤੇ ਅੱਗੋਂ ਇਹੀ ਪਾਣੀ ਲੋਕਾਂ ਦੇ ਘਰਾਂ ਵਿਚ ਜਾਂਦਾ ਹੈ। ਇਸਦੇ ਨਾਲ ਹੀ ਆਸਪਾਸ ਦੇ ਘਰਾਂ ਵਾਲਿਆਂ ਨੂੰ ਕੂੜੇ ਤੇ ਆਵਾਰਾ ਪਸ਼ੂਆਂ ਕਾਰਣ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਦੱਸਣਯੋਗ ਹੈ ਕਿ ਇਸ ਚਾਰਦੀਵਾਰੀ ਤੇ ਹੋਰ ਕੰਮਾਂ ਵਾਸਤੇ ਨਗਰ ਕੌਂਸਲ ਨੇ ਕਰੋੜਾਂ ਰੁਪਏ ਵਿਚ ਕੰਮ ਦਾ ਠੇਕਾ ਵੀ ਦਿੱਤਾ ਹੋਇਆ ਹੈ ਪਰ ਅਜੇ ਤੱਕ ਵਰਕ ਆਰਡਰ ਜਾਰੀ ਨਹੀਂ ਕੀਤੇ ਜਿਸ ਕਰਕੇ ਕੰਧਾਂ ਦਾ ਕੰਮ ਰੁਕਿਆ ਪਿਆ ਹੈ।
ਮਹੱਲਾ ਵਾਸੀਆਂ ਅਤੇ ਮਾਰਨਿਗ ਵਾਕ ਗਰੁੱਪ ਦੇ ਮੈਂਬਰਾਂ ਅੰਮ੍ਰਿਤਪਾਲ ਸਿੰਘ, ਪਰਮਵੀਰ ਸਿੰਘ ਸਹਿਗਲ, ਪ੍ਰਦੀਪ ਕੁਮਾਰ, ਅਮਨਦੀਪ ਸਿੰਘ ਰਿੰਟੂ, ਸ਼ੇਰਜੰਗ ਸਿੰਘ ਆਦਿ ਨੇ ਦੱਸਿਆ ਕਿ ਕੰਧਾਂ ਨਾ ਹੋਣ ਕਰਕੇ ਲੋਕ ਕੂੜਾ ਲਿਆ ਕੇ ਵਾਟਰ ਵਰਕਸ ਦੇ ਟੈਂਕਾਂ ਉਪਰ ਸੁੱਟ ਜਾਂਦੇ ਹਨ। ਰਾਤ ਭਰ ਨਸ਼ੇੜੀ ਜਲਘਰ ਵਿਚ ਘੁੰਮਦੇ ਰਹਿੰਦੇ ਹਨ ਅਤੇ ਆਮ ਲੋਕਾਂ ਲਈ ਖਤਰਾ ਬਣੇ ਹੋਏ ਹਨ। ਲੋਕਾਂ ਦੀ ਮੰਗ ਹੈ ਕਿ ਕੰਧ ਦੀ ਉਸਾਰੀ ਮੁਕੰਮਲ ਕੀਤੀ ਜਾਵੇ। ਇਸ ਦੌਰਾਨ ਠੇਕੇਦਾਰ ਬਿੱਟੂ ਸ਼ਰਮਾ ਨੇ ਦੱਸਿਆ ਕਿ ਉਹ ਕੰਮ ਕਰਨ ਵਾਸਤੇ ਤਿਆਰ ਹਨ ਪਰ ਨਗਰ ਕੌਂਸਲ ਵੱਲੋਂ ਅਜੇ ਤੱਕ ਵਰਕ ਆਰਡਰ ਜਾਰੀ ਨਹੀਂ ਕੀਤੇ ਗਏ। ਜਿਵੇਂ ਹੀ ਵਰਕ ਆਰਡਰ ਜਾਰੀ ਹੁੰਦੇ ਹਨ ਉਹ ਕੰਧ ਬਣਾ ਦੇਣਗੇ।
ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ : ਐੱਸਡੀਓ
ਜਨ ਸਿਹਤ ਵਿਭਾਗ ਦੇ ਐੱਸ. ਡੀ. ਓ ਜਗਮੋਹਨ ਸਿੰਘ ਨੇ ਦੱਸਿਆ ਕਿ ਜਲਘਰ ਦੀ ਖੂਬਸੂਤਰੀ, ਰੌਸਨੀ ਅਤੇ ਚਾਰਦੀਵਾਰੀ ਦਾ ਸਾਰੇ ਕੰਮ ਦੇ ਪੈਸੇ ਨਗਰ ਕੌਂਸਲ ਕੋਲ ਹਨ। ਕੌਂਸਲ ਨੇ ਇਸਦਾ ਠੇਕਾ ਵੀ ਦੇ ਦਿੱਤਾ ਹੈ ਪਰ ਚਾਰੀਵਾਰੀ ਦਾ ਕੰਮ ਨਹੀਂ ਹੋ ਰਿਹਾ। ਜਿਸ ਕਰਕੇ ਮਹਿਕਮੇ ਵੱਲੋਂ ਕੌਂਸਲ ਨੂੰ ਵਾਰ-ਵਾਰ ਪੱਤਰ ਵੀ ਲਿਖੇ ਜਾ ਰਹੇ ਹਨ।
ਜਲਦੀ ਕਰਦੇ ਹਾਂ ਕਾਰਵਾਈ -ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਰੁਣ ਸਹੋਤਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਕੁਝ ਦਫਤਰੀ ਫਾਰਮੈਲਟੀ ਕਰਕੇ ਵਰਕ ਆਰਡਰ ਰੁਕੇ ਸਨ ਹੁਣ ਜਲਦੀ ਹੀ ਜਾਰੀ ਕਰਕੇ ਜਲਘਰ ਦੀ ਕੰਧ ਦਾ ਕੰਮ ਮੁਕੰਮਲ ਕਰਵਾ ਦਿਆਂਗੇ।
ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਸ ਦੀ ਸਖ਼ਤ ਕਾਰਵਾਈ
NEXT STORY