ਮੋਹਾਲੀ, (ਕੁਲਦੀਪ)- ਜ਼ਿਲਾ ਮੋਹਾਲੀ ਦੇ ਪਿੰਡ ਤੋਗਾਂ ਵਿਚ ਅਕਤੂਬਰ 2016 ਵਿਚ ਹੋਏ ਪ੍ਰਵਾਸੀ ਮਜ਼ਦੂਰ ਦੇ ਕਤਲ ਕੇਸ ਵਿਚ ਅਦਾਲਤ ਨੇ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾ ਦਿੱਤਾ ਹੈ। ਅਦਾਲਤ 24 ਸਤੰਬਰ ਨੂੰ ਮੁਲਜ਼ਮਾਂ ਨੂੰ ਸਜ਼ਾ ਸੁਣਾਏਗੀ। ਪ੍ਰਾਪਤ ਜਾਣਕਾਰੀ ਮੁਤਾਬਕ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਲੋਂ ਦੋ ਅੌਰਤਾਂ ਪੂਨਮ, ਸਰਮਿਸਟਾ ਅਤੇ ਅਨਿਲ ਕੁਮਾਰ ਉਰਫ ਨੀਲਾ ਨਿਵਾਸੀ ਪਿੰਡ ਤੋਗਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਕੇਸ ਦੀ ਪੈਰਵਾਈ ਸਰਕਾਰੀ ਵਕੀਲ ਦੇ ਤੌਰ ’ਤੇ ਸਹਾਇਕ ਜ਼ਿਲਾ ਅਟਾਰਨੀ ਮਨਜੀਤ ਸਿੰਘ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਪੁਲਸ ਸਟੇਸ਼ਨ ਮੁੱਲਾਂਪੁਰ ਗਰੀਬਦਾਸ ਵਿਚ 24 ਅਕਤੂਬਰ 2016 ਨੂੰ ਨਰਬਦਾ ਨਾਂ ਦੀ ਅੌਰਤ ਦੀ ਸ਼ਿਕਾਇਤ ’ਤੇ ਤਿੰਨ ਮੁਲਜ਼ਮਾਂ ਪੂਨਮ, ਸਰਮਿਸਟਾ ਤੇ ਨੀਲਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਰਬਦਾ ਨਿਵਾਸੀ ਪਿੰਡ ਤੋਗਾਂ ਨੇ ਦੱਸਿਆ ਸੀ ਕਿ ਉਸ ਦਾ ਪਤੀ ਅਮਰਨਾਥ ਕੈਟਰਿੰਗ ਦਾ ਕੰਮ ਕਰਦਾ ਸੀ। ਉਹ 22 ਅਕਤੂਬਰ 2016 ਨੂੰ ਘਰੋਂ ਗਿਆ ਸੀ ਪਰ ਸ਼ਾਮ ਨੂੰ ਉਹ ਵਾਪਸ ਨਹੀਂ ਆਇਆ। ਦੂਜੇ ਦਿਨ ਉਸ ਨੂੰ ਪਤਾ ਲੱਗਾ ਕਿ ਪਿੰਡ ਤੋਗਾਂ ਵਿਚ ਉਕਤ ਤਿੰਨੋਂ ਮੁਲਜ਼ਮਾਂ ਵਲੋਂ ਉਸ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਦੀ ਰੇਹਡ਼ੀ ਚੋਰੀ ਕਰਨ ਲੱਗਾ ਸੀ, ਜਦੋਂਕਿ ਮ੍ਰਿਤਕ ਦੀ ਪਤਨੀ ਨਰਬਦਾ ਦਾ ਕਹਿਣਾ ਸੀ ਉਸ ਦਾ ਪਤੀ ਰੇਹਡ਼ੀ ਮੰਗਣ ਲਈ ਉਨ੍ਹਾਂ ਦੇ ਕੋਲ ਗਿਆ ਸੀ। ਤਿੰਨਾਂ ਮੁਲਜ਼ਮਾਂ ਵਲੋਂ ਕੀਤੀ ਗਈ ਕੁੱਟ-ਮਾਰ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਸ ਨੂੰ ਸੈਕਟਰ-16 ਦੇ ਹਸਪਤਾਲ ’ਚ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਜਾਣਕਾਰੀ ਮੁਤਾਬਕ ਭਾਵੇਂ ਹੀ ਪੁਲਸ ਵਲੋਂ ਮੁੱਲਾਂਪੁਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ ਪਰ ਬਾਅਦ ਵਿਚ ਪੁਲਸ ਨੇ ਦੋ ਮੁਲਜ਼ਮਾਂ ਅਨਿਲ ਉਰਫ ਨੀਲਾ ਤੇ ਪੂਨਮ ਨੂੰ ਬੇਗੁਨਾਹ ਸਾਬਤ ਕਰ ਦਿੱਤਾ ਸੀ । ਫਿਰ ਅਦਾਲਤ ਵਿਚ ਚੱਲੇ ਕੇਸ ਦੌਰਾਨ ਦੋਵਾਂ ਨੂੰ ਕੇਸ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਅੱਜ ਅਦਾਲਤ ਨੇ ਪੂਨਮ, ਸਰਮਿਸਟਾ ਤੇ ਅਨਿਲ ਉਰਫ ਨੀਲਾ ਨੂੰ ਮੁਲਜ਼ਮ ਕਰਾਰ ਦੇ ਦਿੱਤਾ।
ਦੋ ਲਡ਼ਕਿਆਂ ਤੋਂ ਮੋਬਾਇਲ ਖੋਹੇ
NEXT STORY