ਰਾਜਪੁਰਾ, (ਮਸਤਾਨਾ)- 2 ਵਿਅਕਤੀਆਂ ਵੱਲੋਂ ਇਕ ਨੌਜਵਾਨ ਨਾਲ ਕੁੱਟ-ਮਾਰ ਕਰਦੇ ਹੋਏ ਉਸ ’ਤੇ ਦਾਤ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦੇਣ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪਿੰਡ ਖਰਾਜਪੁਰ ਵਾਸੀ ਰਾਜ ਨਰਾਇਣ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਸ੍ਰੀ ਅੰਗਦ ਦੇਵ ਕਾਲੋਨੀ ਵਾਸੀ ਜਗਪਾਲ ਸਿੰਘ ਅਤੇ ਰਿੰਕੂ ਦੋਵੇਂ ਮੇਰੇ ਲਡ਼ਕੇ ਅਨਿਲ ਸਿੰਘ ਨਾਲ ਸਥਾਨਕ ਜੱਗੀ ਕਾਲੋਨੀ ਵਿਖੇ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਕੁੱਟ-ਮਾਰ ਕਰ ਰਹੇ ਸਨ। ਜਗਪਾਲ ਦੇ ਹੱਥ ਵਿਚ ਦਾਤ ਫੜਿਆ ਹੋਈ ਸੀ। ਉਸ ਨੇ ਅਨਿਲ ’ਤੇ ਦਾਤ ਨਾਲ ਵਾਰ ਕਰ ਦਿੱਤਾ। ਅਨਿਲ ਜ਼ਖਮੀ ਹੋ ਕੇ ਡਿੱਗ ਪਿਆ। ਜਦੋਂ ਮੈਂ ਉਸ ਨੂੰ ਛੁਡਾਉਣ ਲਈ ਗਿਆ ਤਾਂ ਉਨ੍ਹਾਂ ਨੇ ਮੈਨੂੰ ਧੱਕਾ ਮਾਰ ਕੇ ਦੂਰ ਸੁੱਟ ਦਿੱਤਾ। ਮੈਂ ਜਦੋਂ ਰੌਲਾ ਪਾਇਆ ਤਾਂ ਦੋਵੇਂ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਏ। ਜ਼ਖਮੀ ਹੋਏ ਅਨਿਲ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ। ਰਾਜ ਨਰਾਇਣ ਦੀ ਸ਼ਿਕਾਇਤ ’ਤੇ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਧਾਰਾ 302 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ।
ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਨੇ ਕੀਤੀ ਰੈਲੀ
NEXT STORY