ਮੋਹਾਲੀ (ਰਣਬੀਰ) : ਪੰਜਾਬ 'ਚ ਭਿਆਨਕ ਹੜ੍ਹਾਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਿਹਤ ਚੁਣੌਤੀਆਂ ਆ ਰਹੀਆਂ ਹਨ ਅਤੇ ਅਜੇ ਵੀ ਕਈ ਇਲਾਕੇ ਪਾਣੀ 'ਚ ਡੁੱਬੇ ਹੋਏ ਹਨ। ਇਸ ਦੇ ਮੱਦੇਨਜ਼ਰ ਸੀ. ਜੀ. ਸੀ. ਯੂਨੀਵਰਸਿਟੀ, ਮੋਹਾਲੀ ਅਤੇ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਈ ਹੈ। ਇਸ ਦੁੱਖ ਦੀ ਘੜੀ 'ਚ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਵੱਲੋਂ ਸੀ. ਜੀ. ਸੀ. ਯੂਨੀਵਰਸਿਟੀ ਮੋਹਾਲੀ ਦੇ ਸਹਿਯੋਗ ਨਾਲ ਮਾਝੇ ਦੇ ਇਲਾਕੇ 'ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਕੇ ਆਪਣਾ ਯੋਗਦਾਨ ਪਾਇਆ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸੀ. ਜੀ. ਸੀ. ਯੂਨੀਵਰਸਿਟੀ ਮੋਹਾਲੀ ਦੇ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਦੀ ਅਗਵਾਈ 'ਚ ਕਰਦੇ ਹੋਏ ਟੀਮਾਂ ਬੱਸਾਂ ਰਾਹੀਂ ਮੰਗਲਵਾਰ ਨੂੰ ਰਾਸ਼ਨ ਕਿੱਟਾਂ, ਮੈਡੀਕਲ ਕਿੱਟਾਂ ਅਤੇ ਵਲੰਟੀਅਰ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਹੋਈਆਂ। ਇਹ ਰਾਹਤ ਕਾਰਜ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਸ਼ੁਰੂ ਹੋਣਗੇ, ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ।
ਇੱਥੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਇਸ ਭਿਆਨਕ ਤਬਾਹੀ ਤੋਂ ਉੱਭਰ ਸਕਣ। ਇਸ ਦੇ ਨਾਲ ਹੀ ਇਸ ਮਨੁੱਖਤਾਵਾਦੀ ਮਿਸ਼ਨ 'ਚ ਵਿਦਿਆਰਥੀ ਅਤੇ ਫੈਕਲਟੀ ਵਲੰਟੀਅਰ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ, ਜਿਨ੍ਹਾਂ ਦੀ ਸੇਵਾ ਭਾਵਨਾ ਅਤੇ ਸਮਰਪਣ ਜ਼ਮੀਨੀ ਪੱਧਰ 'ਤੇ ਇੱਕ ਸਕਾਰਾਤਮਕ ਬਦਲਾਅ ਲਿਆ ਰਿਹਾ ਹੈ। ਇਸ ਰਾਹਤ ਸਮੱਗਰੀ ਨੂੰ ਰਵਾਨਾ ਕਰਦੇ ਹੋਏ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਪੰਜਾਬ ਦੇ ਭਲੇ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਇਸ ਕੁਦਰਤੀ ਆਫ਼ਤ ਨੇ ਪੰਜਾਬ ਦੇ ਵੱਡੇ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, ਉਨ੍ਹਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਅਤੇ ਉਹ ਸਿਹਤ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਚੁਣੌਤੀਆਂ ਨੂੰ ਵੇਖਦੇ ਹੋਏ ਯੂਨੀਵਰਸਿਟੀ ਅਤੇ ਫਾਊਂਡੇਸ਼ਨ ਨੇ ਤੁਰੰਤ ਰਾਹਤ ਪਹੁੰਚਾਉਣ ਅਤੇ ਭਾਈਚਾਰੇ 'ਚ ਮੁੜ ਮਜ਼ਬੂਤੀ ਲਿਆਉਣ ਲਈ ਇੱਕ ਵਿਆਪਕ ਰਾਹਤ ਮੁਹਿੰਮ ਸ਼ੁਰੂ ਕੀਤੀ ਹੈ।
ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ਇਹ ਪਹਿਲ ਸਿਰਫ਼ ਇੱਕ ਰਾਹਤ ਕਾਰਜ ਨਹੀਂ, ਸਗੋਂ ਸੀ. ਜੀ. ਸੀ. ਯੂਨੀਵਰਸਿਟੀ ਮੋਹਾਲੀ ਦੇ ਮਨੁੱਖਤਾ ਪ੍ਰਤੀ ਸੇਵਾ, ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮੁੱਲਾਂ ਦਾ ਪ੍ਰਤੀਕ ਹੈ। ਇਹ ਯੂਨੀਵਰਸਿਟੀ ਦੇ ਮਿਸ਼ਨ ਨੂੰ ਦਰਸਾਉਂਦਾ ਹੈ ਕਿ ਉਹ ਸਿਰਫ਼ ਅਕਾਦਮਿਕ ਉੱਤਮਤਾ ਤੱਕ ਹੀ ਸੀਮਤ ਨਹੀਂ, ਸਗੋਂ ਲੋੜ ਦੇ ਸਮੇਂ ਅਸੀਂ ਭਾਈਚਾਰੇ ਲਈ ਇੱਕ ਤਾਕਤ ਦੇ ਥੰਮ੍ਹ ਵਜੋਂ ਖੜ੍ਹੇ ਹਾਂ। ਜਿਵੇਂ-ਜਿਵੇਂ ਪੰਜਾਬ ਮੁੜ ਸੁਰਜੀਤ ਹੋਣ ਦੇ ਰਾਹ 'ਤੇ ਅੱਗੇ ਵੱਧ ਰਿਹਾ ਹੈ, ਅਸੀਂ ਖੁੱਲ੍ਹੇ ਦਿਲ ਅਤੇ ਮਦਦਗਾਰ ਹੱਥਾਂ ਨਾਲ ਇੱਕਜੁੱਟ ਖੜ੍ਹੇ ਹਾਂ, ਜੀਵਨ ਨੂੰ ਮੁੜ ਬਣਾਉਣ, ਉਮੀਦ ਨੂੰ ਬਹਾਲ ਕਰਨ ਅਤੇ ਇਕੱਠੇ ਹੋ ਕੇ ਮਜ਼ਬੂਤ ਬਣਨ ਲਈ ਦ੍ਰਿੜ੍ਹ ਹਾਂ।
ਸੀ. ਜੀ. ਸੀ. ਯੂਨੀਵਰਸਿਟੀ, ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ 'ਚ ਹੜ੍ਹਾਂ ਨਾਲ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਨ ਲਈ ਬੇਸ਼ੱਕ ਸਮਾਂ ਲੱਗੇਗਾ ਪਰ ਇਸ ਮੁਸੀਬਤ ਦੇ ਸਮੇਂ ਸਾਨੂੰ ਸਭ ਨੂੰ ਇੱਕ ਸੰਸਥਾ ਵਜੋਂ ਹੀ ਨਹੀਂ, ਸਗੋਂ ਸੇਵਾ ਲਈ ਸਮਰਪਿਤ ਇੱਕ ਪਰਿਵਾਰ ਵਜੋਂ ਇਕੱਠੇ ਆਉਣਾ ਚਾਹੀਦਾ ਹੈ। ਐੱਮ. ਡੀ. ਅਰਸ਼ ਧਾਲੀਵਾਲ ਨੇ ਅੱਗੇ ਕਿਹਾ ਕਿ ਸੀ. ਜੀ. ਸੀ. ਪਰਿਵਾਰ ਹਮੇਸ਼ਾ ਬਿਹਤਰੀਨ ਸਿੱਖਿਆਂ ਦੇ ਨਾਲ-ਨਾਲ ਰਾਸ਼ਟਰ ਪ੍ਰਤੀ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਲਈ ਵਚਨਬੱਧ ਰਿਹਾ ਹੈ। ਰਛਪਾਲ ਸਿੰਘ ਧਾਲੀਵਾਲ ਦੀ ਅਗਵਾਈ 'ਚ ਕੀਤਾ ਗਿਆ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਜਾਗਰੂਕ ਕਰਦਾ ਰਹੇਗਾ। ਇਸ ਦੌਰਾਨ ਰਾਹਤ ਸਮੱਗਰੀ ਨੂੰ ਰਵਾਨਾ ਕਰਦੇ ਹੋਏ ਵੱਡੀ ਗਿਣਤੀ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ।
ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਪੁਲਸ ਵੱਲੋਂ 3.6 ਕਿੱਲੋ ਹੈਰੋਇਨ ਨਾਲ 78 ਨਸ਼ਾ ਸਮੱਗਲਰ ਕਾਬੂ
NEXT STORY