ਬਠਿੰਡਾ, (ਜ.ਬ.)- ਨਵੀਂ ਬਣੀ ਕੇਂਦਰੀ ਜੇਲ ਬਠਿੰਡਾ ਗੋਬਿੰਦਪੁਰਾ ’ਚ ਅੱਜ ਪੰਜਾਬ ਪੁਲਸ ਦੀਆਂ 15 ਟੀਮਾਂ ਨੇ ਅਚਾਨਕ ਚੈਕਿੰਗ ਕੀਤੀ, ਜਿਨ੍ਹਾਂ ਦੀ ਅਗਵਾਈ ਐੱਸ. ਪੀ. ਸਿਟੀ ਗੁਰਮੀਤ ਸਿੰਘ ਕਰ ਰਹੇ ਸਨ। ਪਰ ਇਨ੍ਹਾਂ ਨੂੰ ਜੇਲ ’ਚੋਂ ਕੁੱਝ ਵੀ ਇਤਰਾਜਯੋਗ ਸਾਮਾਨ ਨਹੀਂ ਮਿਲਿਆ। ਸੂਤਰਾਂ ਦੀ ਮੰਨੀਏ ਤਾਂ ਜੇਲ ਪ੍ਰਬੰਧਨ ਨੂੰ ਚੈਕਿੰਗ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ।
ਦੋ ਸਾਲਾਂ ’ਚ ਜੇਲ ’ਚੋਂ 80 ਮੋਬਾਇਲ ਮਿਲੇ
ਨਵੀਂ ਬਣੀ ਕੇਂਦਰੀ ਜੇਲ ਬਠਿੰਡਾ ਦੇ ਸੁਰੱਖਿਆ ਪ੍ਰਬੰਧ ਸ਼ੁਰੂ ਤੋਂ ਹੀ ਵਿਵਾਦਾਂ ’ਚ ਰਹੇ ਹਨ, ਜਿਥੇ ਪਿਛਲੇ ਦੋ ਸਾਲਾਂ ’ਚ ਕਰੀਬ 80 ਮੋਬਾਇਲ ਤੇ ਸਿੰਮ ਬਰਾਮਦ ਹੋ ਚੁੱਕੇ ਹਨ, ਜਦਕਿ ਪਿਛਲੇ 15 ਦਿਨਾਂ ’ਚ ਵੀ 4 ਮੋਬਾਇਲ ਫਡ਼੍ਹੇ ਗਏ। ਇਥੇ ਹੀ ਬੱਸ ਨਹੀਂ ਜੇਲ ’ਚੋਂ ਬੀਤੇ ਦਿਨੀਂ 21 ਨਵੰਬਰ ਨੂੰ ਹੀ 130 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਅੱਜ ਐੱਸ.ਪੀ. ਸਿਟੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਬਠਿੰਡਾ ਪੁਲਸ ਦੀਆਂ 15 ਟੀਮਾਂ ਨੇ ਜੇਲ ’ਚ ਚੈਕਿੰਗ ਕੀਤੀ। ਹਰੇਕ ਟੀਮ ’ਚ 15 ਮੁਲਾਜ਼ਮ ਸਨ ਤੇ ਟੀਮ ਦੀ ਅਗਵਾਈ ਇਕ ਇੰਸਪੈਕਟਰ ਕਰ ਰਿਹਾ ਸੀ। ਜਦਕਿ ਡੀ.ਐੱਸ.ਪੀ. ਸਿਟੀ-1 ਤੇ 2 ਵੀ ਇਨ੍ਹਾਂ ਟੀਮਾਂ ਦੀ ਅਗਵਾਈ ਕਰ ਰਹੇ ਸਨ। ਇਸ ਤਰ੍ਹਾਂ ਕੁੱਲ 225 ਮੁਲਾਜ਼ਮਾਂ ਵੱਲੋਂ ਸਾਰੇ ਹਵਾਲਾਤੀਆਂ ਤੇ ਕੈਦੀਆਂ ਦੇ ਹਰੇਕ ਬੈਰਕ ਤੇ ਵਸਤਾਂ ਨੂੰ ਫਰੋਲਿਆ ਗਿਆ, ਪਰ ਕੁਝ ਵੀ ਇਤਰਾਜਯੋਗ ਨਹੀਂ ਮਿਲਿਆ।
ਜੇਲ ਦੀ ਸੁਰੱਖਿਆ ਸੀ. ਆਈ. ਐੱਸ. ਐੱਫ. ਹਵਾਲੇ ਕਰਨ ਦਾ ਐਲਾਨ
ਕਰੀਬ ਇਕ ਸਾਲ ਪਹਿਲਾਂ ਬਠਿੰਡਾ ਜੇਲ ਦੀ ਸੁਰੱਖਿਆ ’ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਪੰਜਾਬ ਸਰਕਾਰ ਨੇ ਇਸਨੂੰ ਸੀ.ਆਈ.ਐੱਸ.ਐੱਫ. ਹਵਾਲੇ ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਸਦੇ ਉੱਚ ਅਧਿਕਾਰੀ ਵੀ ਜੇਲ ਦਾ ਦੌਰਾ ਕਰ ਚੁੱਕੇ ਹਨ ਤੇ ਜਲਦੀ ਹੀ ਉਪਰੋਕਤ ਐਲਾਨ ਨੂੰ ਲਾਗੂ ਕਰਨ ਬਾਰੇ ਵੀ ਕਿਹਾ ਸੀ। ਇਸ ਬਾਰੇ ਜੇਲ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵੀ 15 ਅਗਸਤ 2018 ਨੂੰ ਬਠਿੰਡਾ ’ਚ ਐਲਾਨ ਕਰ ਗਏ ਸਨ ਕਿ ਜਲਦੀ ਹੀ ਬਠਿੰਡਾ ਜੇਲ ਨੂੰ ਸੀ.ਆਈ.ਐੱਸ.ਐੱਫ. ਹਵਾਲੇ ਕੀਤਾ ਜਾਵੇਗਾ, ਜਦਕਿ ਜੇਲ ਵਿਭਾਗ ’ਚ ਨਵੀਂ ਭਰਤੀ ਵੀ ਕੀਤੀ ਜਾਵੇਗੀ। ਪ੍ਰੰਤੂ ਸੀ.ਆਈ.ਐੱਸ.ਐੱਫ. ਨੇ ਜੇਲ ਦੀ ਸੁਰੱਖਿਆ ਨੂੰ ਅਜੇ ਤੱਕ ਵੀ ਹੱਥ ਨਹੀਂ ਪਾਇਆ।
ਰੁਟੀਨ ਚੈਕਿੰਗ ਸੀ, ਪਰ ਮਿਲਿਆ ਕੁਝ ਨਹੀਂ : ਐੱਸ.ਪੀ.
ਐੱਸ.ਪੀ. ਸਿਟੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਰੁਟੀਨ ਚੈਕਿੰਗ ਸੀ, ਜੋ ਕਿ ਅਕਸਰ ਕੀਤੀ ਜਾਂਦੀ ਹੈ। ਜੇਲ ਦੇ ਅੰਦਰੋਂ ਕੁਝ ਵੀ ਇਤਰਾਜਯੋਗ ਨਹੀਂ ਮਿਲਿਆ। ਜਦਕਿ ਸੁਰੱਖਿਆ ਪ੍ਰਬੰਧ ਵੀ ਠੀਕ ਪਾਏ ਗਏ। ਅਗਾਂਹ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ।
ਕਾਰ ਅੱਗੇ ਆਵਾਰਾ ਪਸ਼ੂ ਆਉਣ ਕਾਰਨ 1 ਮਹਿਲਾ ਥਾਣੇਦਾਰ ਸਮੇਤ 5 ਪੁਲਸ ਮੁਲਾਜ਼ਮ ਗੰਭੀਰ ਜ਼ਖਮੀ
NEXT STORY