ਮਾਨਸਾ, (ਜੱਸਲ)- ਸ੍ਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਪਿੰਡ ਸਾਹਨੇਵਾਲੀ ’ਚ ਸਕੂਲ ਪ੍ਰਿੰਸੀਪਲ ਵੱਲੋਂ ਪੰਜਾਬ ਮਾਂ ਬੋਲੀ ਦੀ ਬੇਹੁਰਮਤੀ ਕਰਨ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਲੀਲ ਕਰਨ ਦੇ ਦੋਸ਼ ਤਹਿਤ ਛਿਡ਼ੇ ਵਿਵਾਦਾਂ ਨੂੰ ਵਿਸਰਾਮ ਚਿੰਨ੍ਹ ਲਾਉਂਦਿਅਾਂ ਮਾਨਸਾ ਜ਼ਿਲੇ ਦੇ ਥਾਣਾ ਝੁਨੀਰ ਦੀ ਪੁਲਸ ਨੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀ ਕੁਲਦੀਪ ਸਿੰਘ ਘਰਾਂਗਣਾ ਨੂੰ ਪਿੰਡ ਫਤਿਹਪੁਰ ਕੋਲੋਂ ਗ੍ਰਿਫਤਾਰ ਕਰ ਕੇ ਦੋਹਾਂ ਨੂੰ ਮਾਣਯੋਗ ਜੱਜ ਅਮਰਿੰਦਰਪਾਲ ਸਿੰਘ ਏ. ਸੀ. ਜੀ. ਐੱਮ. ਦੀ ਅਦਾਲਤ ’ਚ ਪੇਸ਼ ਕਰ ਕੇ 14 ਦਿਨਾਂ ਲਈ ਜੇਲ ਭੇਜ ਦਿੱਤਾ। ਉਹ ਇਸ ਮਾਮਲੇ ’ਚ ਮਾਨਸਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਅੰਦਰ 23 ਸਤੰਬਰ ਨੂੰ ਬਾਲ ਭਵਨ, ਮਾਨਸਾ ਵਿਖੇ ਹੋਣ ਵਾਲੀ ਮੀਟਿੰਗ ਸਬੰਧੀ ਤਾਲਮੇਲ ਮੀਟਿੰਗਾਂ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਲੰਘੇ ਕੁੱਝ ਦਿਨ ਪਹਿਲਾਂ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਆਦਰਸ਼ ਸਕੂਲ ਪਿੰਡ ਸਾਹਨੇਵਾਲੀ ਦੀ ਪ੍ਰਿੰਸੀਪਲ ਵੱਲੋਂ ਪੰਜਾਬ ਮਾਂ ਬੋਲੀ ਦੀ ਬੇਹੁਰਮਤੀ ਕਰਨ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਲੀਲ ਕਰਨ ਦੇ ਦੋਸ਼ ਤਹਿਤ ਸਕੂਲ ਅੱਗੇ ਰੋਸ ਮੁਜ਼ਾਹਰਾ ਕੀਤਾ। ਉਸ ਵੇਲੇ ਸਕੂਲ ਦੇ ਸਮੁੱਚੇ ਸਟਾਫ ਨੂੰ ਸਕੂਲ ਅੰਦਰ ਗੇਟ ਬੰਦ ਕਰ ਕੇ ਦੇਰ ਰਾਤ ਤੱਕ ਨਜ਼ਰਬੰਦ ਰੱਖਿਆ। ਇਸ ਵਿਵਾਦ ਕਾਰਨ ਸਕੂਲ ਪ੍ਰਿੰਸੀਪਲ ਤੇ ਸਟਾਫ ਨੇ ਸਮੂਹਿਕ ਤੌਰ ’ਤੇ ਅਸਤੀਫੇ ਦੇ ਦਿੱਤੇ ਤੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਅਸਤੀਫੇ ਵਾਪਸ ਨਹੀਂ ਲਏ ਜਾਣਗੇ। ਦੂਜੇ ਪਾਸੇ ਲੱਖਾ ਸਿਧਾਣਾ ਨੇ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮਾਨਸਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ’ਚ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਮਾਂ ਬੋਲੀ ਦੀ ਬੇਹੁਰਮਤੀ ਕਰਨ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਲੀਲ ਕਰਨ ਵਾਲੀ ਸਕੂਲ ਪ੍ਰਿੰਸੀਪਲ ਨੂੰ ਤੁਰੰਤ ਬਰਖਾਸਤ ਕਰ ਕੇ ਜ਼ਿਲਾ ਪ੍ਰਸ਼ਾਸਨ ਸਕੂਲ ਦਾ ਪ੍ਰਬੰਧ ਆਪਣੇ ਹੱਥ ’ਚ ਲਵੇ, ਸਕੂਲ ਨੂੰ ਜਾਰੀ ਫੰਡਾਂ ਦੀ ਦੁਰਵਰਤੋਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਮਾਮਲੇ ’ਚ ਝੂਠੇ ਦਰਜ ਕੀਤਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਇਹ ਵੀ ਦੱਸਣਯੋਗ ਹੈ ਕਿ ਲੱਖਾ ਸਿਧਾਣਾ ਤੇ ਭਰਾਤਰੀ ਜਥੇਬੰਦੀਆਂ ਦਾ ਇਕ ਵਫਦ ਜ਼ਿਲਾ ਪ੍ਰਸ਼ਾਸਨ, ਮਾਨਸਾ ਨੂੰ ਮਿਲ ਕੇ ਮੰਗ-ਪੱਤਰ ਵੀ ਦਿੱਤਾ ਸੀ। ਇਸ ਉਪਰੰਤ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕਰਨ ਲਈ 23 ਸਤੰਬਰ ਨੂੰ ਬਾਲ ਭਵਨ, ਮਾਨਸਾ ਵਿਖੇ ਵੀ ਬੁਲਾਈ ਗਈ ਪਰ ਅੱਜ ਥਾਣਾ ਝੁਨੀਰ ਦੀ ਪੁਲਸ ਨੇ ਲੱਖਾ ਸਿਧਾਣਾ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਘਰਾਂਗਣਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਰਾਜਵਿੰਦਰ ਸਿੰਘ ਰਾਏਖਾਨਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਆਗੂ ਪ੍ਰਦੀਪ ਗੁਰੂ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ, ਗੋਰਾ ਭਾਂਗੀ ਬਾਂਦਰ, ਬੋਹਡ਼ ਸਿੰਘ, ਗੱਗੂ ਸਿੰਘ, ਗੁਰਵਿੰਦਰ ਨੰਦਗਡ਼੍ਹ, ਸੁਖਜੀਤ ਰਾਮਾਨੰਦੀ, ਲਾਡੀ ਜਟਾਣਾ ਆਦਿ ਨੇ ਉਨ੍ਹਾਂ ਦੀ ਗ੍ਰਿਫਤਾਰੀ ਉਪਰੰਤ ਨੌਜਵਾਨਾਂ ਨਾਲ ਮੀਟਿੰਗ ਕਰ ਕੇ 24 ਸਤੰਬਰ ਨੂੰ ਝੁਨੀਰ ਵਿਖੇ ਇਕੱਠ ਕਰਨ ਦਾ ਐਲਾਨ ਕੀਤਾ ਹੈ।
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹਾਲਤ ਵਿਗੜੀ
NEXT STORY