ਜਗਰਾਓਂ, (ਜਸਬੀਰ ਸ਼ੇਤਰਾ)–ਇਕ ਕੰਪਨੀ ਦੇ ਮੁਲਾਜ਼ਮ ਤੋਂ ਢਾਈ ਲੱਖ ਰੁਪਏ ਪਿਸਤੌਲ ਦੀ ਨੋਕ ’ਤੇ ਲੁੱਟਣ ਦੀ ਘਟਨਾ ਤੋਂ ਬਾਅਦ ਅੱਜ ਅਜਿਹੀ ਇਕ ਹੋਰ ਘਟਨਾ ਵਾਪਰ ਗਈ। ਇਹ ਘਟਨਾ ਚੀਮਨਾ ਤੋਂ ਬੋਦਲਵਾਲਾ ਰਾਹ ’ਤੇ ਵਾਪਰੀ, ਜਿਥੇ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਪਾਸੋਂ ਮੋਟਰ ਸਾਈਕਲ ਸਵਾਰ 2 ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਨਕਦੀ ਵਾਲਾ ਬੈਗ ਖੋਹ ਲਿਆ। ਇਸੇ ਤਰ੍ਹਾਂ ਦੇਰ ਸ਼ਾਮ ਭੀਡ਼ ਵਾਲੇ ਬਾਜ਼ਾਰ ’ਚ ਸਥਿਤ ਇਕ ਮੋਬਾਇਲਾਂ ਵਾਲੀ ਦੁਕਾਨ ਤੋਂ 2 ਨੌਜਵਾਨ ਨਵਾਂ ਫੋਨ ਚੁੱਕ ਕੇ ਭੱਜਣ ’ਚ ਸਫਲ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ ਤੋਂ ਪਹਿਲਾਂ ਸਥਾਨਕ ਮਲਕ ਰੋਡ ਸਥਿਤ ਮਾਈਕਰੋ ਫਾਈਨਾਂਸ ਕੰਪਨੀ ਦਾ ਮੁਲਾਜ਼ਮ ਗੁਰਵਿੰਦਰ ਸਿੰਘ ਕਿਸ਼ਤਾਂ ਇਕੱਠੀਆਂ ਕਰਨ ਲਈ ਪਿੰਡਾਂ ’ਚ ਗਿਆ ਹੋਇਆ ਸੀ। ਉਹ ਅੌਰਤਾਂ ਦੀਆਂ ਬਣਾਈਆਂ ਕਮੇਟੀਆਂ ਤੋਂ ਹਰ 14 ਦਿਨ ਬਾਅਦ ਇਹ ਨਕਦੀ ਇਕੱਤਰ ਕਰਦਾ ਹੈ। ਅੱਜ ਜਦੋਂ ਉਹ ਚੀਮਨਾ ਤੋਂ ਬੋਦਲਵਾਲਾ ਦੇ ਰਾਹ ’ਤੇ ਜਾ ਰਿਹਾ ਸੀ ਤਾਂ ਮੋਟਰ ਸਾਈਕਲ ’ਤੇ ਆਏ 2 ਨੌਜਵਾਨਾਂ ਨੇ ਉਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਪਿਸਤੌਲ ਦਿਖਾ ਕੇ ਨਕਦੀ ਵਾਲਾ ਬੈਗ ਖੋਹ ਲਿਆ। ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਗੁਰਵਿੰਦਰ ਨੇ ਦੱਸਿਆ ਕਿ ਬੈਗ ’ਚ 22 ਹਜ਼ਾਰ ਰੁਪਏ ਇਕ ਅਤੇ ਅੰਦਰਲੀ ਜੇਬ ’ਚ 8500 ਦੇ ਕਰੀਬ ਰੁਪਏ ਵੱਖਰੇ ਪਏ ਸਨ। ਮੌਕੇ ’ਤੇ ਐੱਸ. ਪੀ. (ਡੀ) ਤਰੁਨ ਰਤਨ, ਡੀ. ਐੱਸ. ਪੀ. (ਡੀ) ਅਮਨਦੀਪ ਸਿੰਘ ਬਰਾਡ਼, ਡੀ. ਐੱਸ. ਪੀ. ਪ੍ਰਭਜੋਤ ਕੌਰ ਤੋਂ ਇਲਾਵਾ ਏ. ਐੱਸ. ਆਈ. ਰਾਮਜੀ ਦਾਸ ਤੇ ਹੋਰ ਅਧਿਕਾਰੀ ਪੁਲਸ ਪਾਰਟੀ ਸਮੇਤ ਪਹੁੰਚੇ ਹੋਏ ਸਨ। ਗੁਰਵਿੰਦਰ ਦੇ ਦਿੱਤੇ ਬਿਆਨਾਂ ਤੋਂ ਬਾਅਦ ਪੁਲਸ ਟੀਮ ਉਸੇ ਰਾਹ ’ਤੇ ਗਈ ਤਾਂ ਥੋਡ਼੍ਹੀ ਦੂਰ ਸੁੱਟਿਆ ਹੋਇਆ ਬੈਗ ਮਿਲਿਆ। ਉਸ ’ਚੋਂ 22 ਹਜ਼ਾਰ ਦੀ ਨਕਦੀ ਕੱਢੀ ਹੋਈ ਸੀ, ਜਦਕਿ ਅੰਦਰਲੀ ਜੇਬ ਵਾਲੀ ਰਕਮ ਬੈਗ ’ਚ ਹੀ ਪਈ ਸੀ। ਪੁਲਸ ਨੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਅੱਜ ਦੇਰ ਸ਼ਾਮ ਸਥਾਨਕ ਅਨਾਰਕਲੀ ਬਾਜ਼ਾਰ ’ਚ ਸਥਿਤ ਰੂਬਲ ਮੋਬਾਇਲ ਵਰਲਡ ’ਤੇ 2 ਨੌਜਵਾਨ ਆਏ। ਇਨ੍ਹਾਂ ਨੇ ਆਪਣਾ ਲਾਲ ਰੰਗ ਦਾ ਪਲਸਰ ਮੋਟਰ ਸਾਈਕਲ ਦੁਕਾਨ ਤੋਂ ਥੋਡ਼੍ਹਾ ਪਿੱਛੇ ਖਡ਼੍ਹਾ ਕਰ ਦਿੱਤਾ। ਦੁਕਾਨ ਮਾਲਕ ਅਨੁਸਾਰ ਦੋਵਾਂ ਨੇ ਸੱਤ ਹਜ਼ਾਰ ਰੁਪਏ ਦੇ ਕਰੀਬ ਦੀ ਕੀਮਤ ਵਾਲਾ ਫੋਨ ਪਸੰਦ ਕੀਤਾ ਤੇ ਜਦੋਂ ਉਹ ਬਿੱਲ ਕੱਟਣ ਲੱਗਾ ਤਾਂ ਇਕ ਨੌਜਵਾਨ ਬਾਹਰ ਨਿਕਲ ਗਿਆ, ਜਿਸ ਨੇ ਮੋਟਰ ਸਾਈਕਲ ਸਟਾਰਟ ਕਰ ਲਿਆ। ਇਸੇ ਦੌਰਾਨ ਦੂਜਾ ਨੌਜਵਾਨ ਫੁਰਤੀ ਨਾਲ ਮੋਬਾਇਲ ਚੁੱਕ ਕੇ ਦੁਕਾਨ ਅੰਦਰੋਂ ਭੱਜ ਗਿਆ ਤੇ ਪਹਿਲਾਂ ਹੀ ਤਿਆਰ ਖਡ਼੍ਹੇ ਆਪਣੇ ਦੂਜੇ ਸਾਥੀ ਦੇ ਪਿੱਛੇ ਬੈਠ ਕੇ ਦੋਵੇਂ ਮੋਟਰਸਾਈਕਲ ’ਤੇ ਫਰਾਰ ਹੋ ਗਏ। ਇਹ ਦੋਵੇਂ ਘਟਨਾਵਾਂ ਨੇਡ਼ਲੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਆ ਗਈਆਂ ਹਨ ।
ਘਰ ਦੀ ਛੱਤ ਪਾਡ਼ ਕੇ ਲੱਖਾਂ ਦਾ ਸੋਨਾ ਦੇ ਨਕਦੀ ਚੋਰੀ
NEXT STORY