ਅਹਿਮਦਗਡ਼੍ਹ, (ਇਰਫਾਨ, ਪੁਰੀ)- ਅਹਿਮਦਗਡ਼੍ਹ ਵਿਖੇ ਬਣੇ ਸੇਵਾ ਕੇਂਦਰ ’ਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ਼ਹਿਰ ਦੇ ਬਾਹਰਲੇ ਇਲਾਕੇ ’ਚ ਬਣਿਆ ਇਹ ਸੇਵਾ ਕੇਂਦਰ 4 ਮਹੀਨਿਆਂ ਤੋਂ ਰਾਤ ਨੂੰ ਬਿਨਾਂ ਸਕਿਓਰਿਟੀ ਗਾਰਡ ਤੋਂ ਹੀ ਸੀ, ਜਿਸ ਦਾ ਪੂਰਾ ਫਾਇਦਾ ਚੋਰਾਂ ਵੱਲੋਂ ਲਿਆ ਗਿਆ। ਜਦੋਂ ਇਸ ਸਬੰਧੀ ਕੇਂਦਰ ਦੇ ਕੋਆਰਡੀਨੇਟਰ ਸੁਮੀਤ ਧੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਸਵੇਰੇ ਆਏ ਤਾਂ ਜਿੰਦਰਾ ਖੁੱਲ੍ਹਾ ਪਿਆ ਸੀ ਤੇ ਦਰਵਾਜ਼ਾ ਲੱਗਿਆ ਹੋਇਆ ਸੀ ਜਦੋਂ ਜਾ ਕੇ ਦੇਖਿਆ ਤਾਂ ਅੰਦਰ ਪਈਆਂ 4 ਐੱਲ. ਸੀ. ਡੀਜ਼ ਤੇ 700 ਰੁਪਏ ਕੈਸ਼ ਗਾਇਬ ਸੀ ਤੇ ਚੋਰਾਂ ਵਲੋਂ ਕੇਂਦਰ ਦੇ ਅੰਦਰ ਬਣੀ ਤਿਜੌਰੀ ਵੀ ਤੋਡ਼ ਦਿੱਤੀ ਗਈ ਜਦ ਕਿ ਉਸ ’ਚ ਕੁੱਝ ਨਹੀਂ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਇਹ ਸਾਰੀ ਘਟਨਾ ਨੂੰ ਮੇਨ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋ ਕੇ ਅੰਜਾਮ ਦਿੱਤਾ ਗਿਆ। ਜ਼ਿਕਰਯੋਗ ਇਹ ਹੈ ਕਿ ਇਹ ਸੇਵਾ ਕੇਂਦਰ ਸ਼ਹਿਰ ਦੇ ਬਿਲਕੁਲ ਕੋਨੇ ’ਤੇ ਬਣਿਆ ਹੋਇਆ ਹੈ ਕਿਉਂਕਿ ਇਸ ਸੇਵਾ ਕੇਂਦਰ ਤੋਂ ਤੁਰੰਤ ਬਾਅਦ ਹੀ ਜ਼ਿਲਾ ਲੁਧਿਆਣਾ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਜਦੋਂ ‘ਜਗ ਬਾਣੀ’ ਵੱਲੋਂ ਜਾ ਕੇ ਮੌਕਾ ਦੇਖਿਆ ਗਿਆ ਤਾਂ ਸੇਵਾ ਕੇਂਦਰ ’ਚ ਸਾਰਾ ਪੁਰਾਣਾ ਰਿਕਾਰਡ ਵੀ ਬਿਲਕੁਲ ਖੁੱਲ੍ਹਾ ਬਾਹਰ ਹੀ ਪਿਆ ਸੀ, ਜਿਸ ਨੂੰ ਚੋਰਾਂ ਵੱਲੋਂ ਆਸਾਨੀ ਨਾਲ ਚੁੱਕਿਆ ਜਾ ਸਕਦਾ ਸੀ ਪਰ ਚੋਰਾਂ ਦਾ ਮਕਸਦ ਸਿਰਫ ਕੀਮਤੀ ਸਾਮਾਨ ਚੁੱਕਣਾ ਹੀ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਕਿਸੇ ਨੇ ਰਿਕਾਰਡ ਨਾਲ ਛੇਡ਼ਖਾਨੀ ਕਰਨੀ ਹੋਵੇ ਤਾਂ ਉਹ ਆਸਾਨੀ ਨਾਲ ਕਰ ਸਕਦਾ ਹੈ। ਇਸ ਦੀ ਜਾਣਕਾਰੀ ਤੁਰੰਤ ਥਾਣਾ ਸਿਟੀ ਨੂੰ ਦਿੱਤੀ ਗਈ ਤਾਂ ਥਾਣਾ ਸਿਟੀ ਮੁਖੀ ਨਿਰਮਲ ਸਿੰਘ ਤੇ ਏ. ਐੱਸ. ਆਈ. ਜਸਪਾਲ ਸਿੰਘ ਨੇ ਤੁਰੰਤ ਮੌਕਾ ਦੇਖਿਆ ਤੇ ਤਫਤੀਸ਼ ਸ਼ੁਰੂ ਕਰ ਦਿੱਤੀ। ਜਦੋਂ ਇਸ ਸਬੰਧੀ ਐੱਸ. ਐੱਚ. ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿੰਗਰਪ੍ਰਿੰਟ ਟੀਮ ਦੀ ਅਤੇ ਸੇਵਾ ਕੇਂਦਰ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਦੀਆਂ ਫੁਟੇਜ ਨਾਲ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੌਕੇ ’ਤੇ ਪਹੁੰਚੇ ਕੌਂਸਲਰ ਭੋਜਰਾਜ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਨੂੰ ਸਕਿਓਰਿਟੀ ਦਿੱਤੀ ਜਾਵੇ ਤਾਂ ਕਿ ਚੋਰਾਂ ਵਲੋਂ ਫਿਰ ਤੋਂ ਅਜਿਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ।
60 ਬੋਤਲਾਂ ਸ਼ਰਾਬ ਸਣੇ 2 ਕਾਬੂ, ਮਾਮਲਾ ਦਰਜ
NEXT STORY