ਸ਼ੇਰਪੁਰ (ਅਨੀਸ਼) : ਦੀਵਾਲੀ ਦੇ ਤਿਉਹਾਰ 'ਚ ਸਿਰਫ ਇਕ ਦਿਨ ਬਾਕੀ ਰਹਿ ਗਿਆ ਹੈ ਅਤੇ ਬਾਜ਼ਾਰ ਦੁਲਹਨ ਦੀ ਤਰ੍ਹਾਂ ਸਜ ਚੁੱਕੇ ਹਨ ਪਰ ਬਾਜ਼ਾਰਾਂ 'ਚ ਗਾਹਕ ਨਾਮਾਤਰ ਦਿਖਾਈ ਦੇ ਰਿਹਾ ਹੈ, ਜਿਸ ਕਰਕੇ ਦੁਕਾਨਦਾਰਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਰ ਸਾਲ ਦੀਵਾਲੀ ਅਤੇ ਹੋਰ ਤਿਉਹਾਰ ਮੰਦੀ ਦੀ ਮਾਰ ਹੇਠ ਆ ਰਹੇ ਹਨ।
ਦੁਕਾਨਦਾਰਾਂ ਨੇ ਦੱਸਿਆ ਕਿ ਦੀਵਾਲੀ ਤੋਂ ਤਿੰਨ-ਚਾਰ ਦਿਨ ਪਹਿਲਾਂ ਬਾਜ਼ਾਰਾਂ 'ਚ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਸੀ ਅਤੇ ਦੀਵਾਲੀ ਤੱਕ ਬਾਜ਼ਾਰਾਂ 'ਚ ਲੋਕ ਖੂਬ ਖਰੀਦਦਾਰੀ ਕਰਦੇ ਸਨ ਪਰ ਬਦਲ ਰਹੇ ਵਕਤ ਕਾਰਨ ਦੀਵਾਲੀ ਅਤੇ ਹੋਰ ਤਿਉਹਾਰਾਂ ਦਾ ਰੰਗ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਲੋਕ ਹੁਣ ਪਟਾਕੇ ਖਰੀਦਣ ਤੋਂ ਪ੍ਰਹੇਜ਼ ਕਰਦੇ ਹਨ, ਇਸ ਤੋਂ ਇਲਾਵਾ ਮਠਿਆਈਆਂ ਵਗੈਰਾ ਵੀ ਬਹੁਤ ਘੱਟ ਵਿਕਦੀਆਂ ਹਨ, ਲੋਕ ਜ਼ਿਆਦਾਤਰ ਘਰ 'ਚ ਕੰਮ ਆਉਣ ਵਾਲੀਆਂ ਘਰੇਲੂ ਚੀਜ਼ਾਂ ਹੀ ਖਰੀਦਣਾ ਪਸੰਦ ਕਰਦੇ ਹਨ। ਦੂਜੇ ਪਾਸੇ ਵਧ ਰਹੀ ਮਹਿੰਗਾਈ ਕਾਰਣ ਗਰੀਬ ਲੋਕ ਪ੍ਰੇਸ਼ਾਨ ਹਨ।
ਕਿਸਾਨ ਮੰਡੀਆਂ 'ਚ
ਇਸ ਵਾਰ ਦੀਵਾਲੀ ਦੇ ਦਿਨਾਂ 'ਚ ਝੋਨੇ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਕਰਕੇ ਕਿਸਾਨ ਮੰਡੀਆਂ 'ਚ ਫਸਲ ਦੀ ਰਾਖੀ ਬੈਠਾ ਹੈ। ਕਿਸਾਨਾਂ ਨੇ ਦੱਸਿਆ ਕਿ ਜਿੰਨਾ ਚਿਰ ਫਸਲ ਨਹੀਂ ਵਿਕਦੀ, ਓਨਾ ਚਿਰ ਦੀਵਾਲੀ ਦਾ ਤਿਉਹਾਰ ਉਨ੍ਹਾਂ ਲਈ ਫਿੱਕਾ ਹੈ, ਜਿਸ ਕਰਕੇ ਝੋਨੇ ਦੀ ਫਸਲ ਮੰਡੀਆਂ 'ਚ ਹੋਣ ਕਰਕੇ ਕਿਸਾਨ, ਮਜ਼ਦੂਰ, ਆੜ੍ਹਤੀਏ ਅਤੇ ਸ਼ੈਲਰ ਵਾਲਿਆਂ ਦਾ ਸਾਰਾ ਧਿਆਨ ਝੋਨੇ ਦੀ ਫਸਲ ਵੱਲ ਹੈ।
ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ
ਦੀਵਾਲੀ ਦੇ ਤਿਉਹਾਰ ਮੌਕੇ ਸਭ ਤੋਂ ਵਧ ਚਾਅ ਨੌਜਵਾਨਾਂ ਨੂੰ ਹੁੰਦਾ ਹੈ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਉਡਾਰੀ ਮਾਰ ਚੁੱਕੀ ਹੈ, ਜਿਸ ਕਰਕੇ ਪਿੱਛੇ ਘਰਾਂ ਵਿਚ ਨੌਜਵਾਨਾਂ ਦੇ ਮਾਂ-ਬਾਪ ਹੀ ਰਹਿ ਗਏ ਹਨ। ਨੌਜਵਾਨ ਪੀੜ੍ਹੀ ਦੇ ਬਾਹਰ ਜਾਣ ਕਰਕੇ ਦੀਵਾਲੀ ਅਤੇ ਹੋਰ ਤਿਉਹਾਰਾਂ ਦੀ ਚਮਕ ਫਿੱਕੀ ਪੈਂਦੀ ਜਾ ਰਹੀ ਹੈ।
ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
NEXT STORY