ਸੰਗਰੂਰ,(ਵਿਜੈ ਸਿੰਗਲਾ) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕੁਰਬਾਨੀ ਦੇਣ ਦੀ ਵਾਰ ਵਾਰ ਲਾਈ ਰੱਟ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕੁਰਬਾਨੀ ਤਾਂ ਦੇ ਦਿੱਤੀ ਹੈ। ਸਵਾਲ ਤਾਂ ਇਹ ਹੈ ਕਿ ਹੁਣ ਹੋਰ ਕੁਰਬਾਨੀ ਕਾਹਦੀ ਦੇਣੀ ਹੈ ? ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੀ ਅੱਧੀ ਸਦੀ ਤੋਂ ਫੈਡਰਲ ਢਾਂਚੇ ਦੀ ਲੜਾਈ ਲੜਦਾ ਆ ਰਿਹਾ ਹੈ, ਜਿਸ ਖਾਤਰ ਹਜਾਰਾਂ ਅਕਾਲੀ ਵਰਕਰਾਂ ਨੇ ਲੜਾਈਆਂ ਲੜਦਿਆਂ ਜਿੰਦਗੀਆਂ ਲੇਖੇ ਲਾ ਦਿੱਤੀਆਂ। ਕਿਸਾਨ ਲੰਮੇ ਅਰਸੇ ਤੋਂ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਰਹੇ ਹਨ। ਕਿਸਾਨਾਂ ਦੇ ਹਿੱਤਾਂ ਖਾਤਰ ਸੰਘਰਸ਼ ਵੀ ਲੜੇ ਪਰ ਸੁਖਬੀਰ ਸਿੰਘ ਬਾਦਲ ਨੇ ਫੈਡਰਲ ਢਾਂਚੇ ਅਤੇ ਕਿਸਾਨਾਂ ਦੇ ਹੱਕਾਂ ਦੀ ਹੀ ਕੁਰਬਾਨੀ ਦੇ ਦਿੱਤੀ।ਕੀ ਹੁਣ ਪੰਜਾਬ ਦੀ ਕੁਰਬਾਨੀ ਦੇਣ ਦੀ ਵਾਰ ਵਾਰ ਗੱਲ ਕਰਦੇ ਹਨ ? ਉਹਨਾਂ ਦੋਸ਼ ਲਾਇਆ ਕਿ ਸੰਘੀ ਢਾਂਚੇ ਦਾ ਗਲਾ ਘੁੱਟਣ ਤੇ ਖੇਤੀ ਮੰਡੀਕਰਨ ਨੂੰ ਤਬਾਹ ਕਰਨ ਵਾਲੇ ਆਰਡੀਨੈਸਾਂ ਦੇ ਹੱਕ ਵਿੱਚ ਸਹਿਮਤੀ ਦੇ ਕੇ ਬਾਦਲ ਨੇ ਆਪਣੀ ਪਤਨੀ ਦੀ ਕੁਰਸੀ ਬਚਾਅ ਲਈ ਹੈ।
ਢੀਂਡਸਾ ਇਥੇ ਆਪਣੀ ਰਿਹਾਇਸ਼ ਵਿਖੇ ਹਲਕਾ ਵਾਰ ਮੀਟਿੰਗ ਤਹਿਤ ਦਿੜ੍ਹਬਾ ਹਲਕੇ ਦੇ ਵਰਕਰਾਂ ਤੇ ਆਪਣੇ ਸਮਰਥਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਨਵਾਂ ਅਕਾਲੀ ਦਲ ਕਾਇਮ ਕਰਨ ਲਈ ਵਿਚਾਰ ਵਟਾਦਰਾਂ ਕੀਤਾ ਜਾ ਰਿਹਾ ਹੈ ਜਿਸਦੀ ਸਮੁੱਚਾ ਪੰਥ ਉਡੀਕ ਵਿੱਚ ਹੈ ਤੇ ਪੰਜਾਬ ਦਾ ਹਰ ਵਰਗ ਵਿੱਚ ਨਵੇ ਅਕਾਲੀ ਦਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੀ ਰੂਪ ਰੇਖਾ ਤੈਅ ਕਰਨ ਲਈ “ਬਾਦਲ ਛੱਡੋ ਮੁਹਿੰਮ“ ਵਿੱਚ ਸ਼ਾਮਲ ਅਕਾਲੀ ਆਗੂਆਂ ਤੇ ਸਰਗਰਮ ਵਰਕਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।ਸ੍ਰ. ਢੀਂਡਸਾ ਨੇ ਦਾਅਵਾ ਕੀਤਾ ਕਿ ਨੋਜਵਾਨਾਂ ਅੰਦਰ ਭਾਰੀ ਉਤਸ਼ਾਹ ਹੈ ਤੇ ਉਹ ਬਾਦਲ ਪਰਿਵਾਰ ਨੂੰ ਪੰਤ ਤੇ ਪੰਜਾਬ ਨਾਲ ਕੀਤੇ ਧੋਖੇ ਦਾ ਜਵਾਬ ਦੇਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਮੀਟਿੰਗਾ ਦਾ ਸਿਲਸਿਲਾ ਜਾਰੀ ਹੈ। ਉਹਨਾਂ ਕਿਹਾ ਕਿ ਸਰਬ ਪਾਰਟੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਅਕਾਲੀ ਦਲ ਦੇ ਰਹਿੰਦੇ ਖੂੰਹਦੇ ਪ੍ਰਭਾਵ ਦਾ ਵੀ ਭੋਗ ਪਾ ਦਿੱਤਾ ਹੈ।
ਢੀਂਡਸਾ ਨੇ ਕਿਹਾ ਕਿ ਹਰ ਮੁੱਦੇ ਉੱਤੇ ਤੇ ਹਰ ਮੁਸ਼ਕਲ ਉੱਪਰ ਰਾਜਨੀਤੀ ਕਰਨਾ ਬਾਦਲ ਪਰਿਵਾਰ ਦੀ ਆਦਤ ਬਣ ਚੁੱਕੀ ਹੈ। ਸਰਬ ਪਾਰਟੀ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਮੁੱਦੇ ਪੰਜਾਬ ਤੇ ਕਿਸਾਨੀ ਦੀ ਹੋਂਦ ਨਾਲ ਜੁੜੇ ਹੋਏ ਹਨ। ਇਹਨਾਂ ਸੰਵੇਦਨਸ਼ੀਲ ਮੁੱਦਿਆਂ ਉੱਪਰ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਕਰਨ ਬਣਦਾ ਸੀ ਤੇ ਇੱਕ ਦੂਸਰੇ ਨੂੰ ਸਲਾਹ ਦੇਣੀ ਬਣਦੀ ਸੀ ਤਾਂ ਕਿ ਤਬਾਹੀ ਵੱਲ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਠੋਸ ਤੱਥ ਤੇ ਠੋਸ ਦਲੀਲਾਂ ਪੇਸ਼ ਕੀਤੀਆ ਜਾ ਸਕਣ। ਸਿਤਮ ਦੀ ਗੱਲ ਹੈ ਕਿ ਅਕਾਲੀ ਦਲ (ਬਾਦਲ) ਨੇ ਸਰਬ ਪਾਰਟੀ ਮੀਟਿੰਗ ਨੁੰ ਵੀ ਸਿਆਸੀ ਤੇ ਪ੍ਰਚਾਰ ਦਾ ਮੁੱਦਾ ਬਣਾ ਲਿਆ । ਢੀਂਡਸਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੁੰ ਲੋਕਾਂ ਨਾਲ ਖੜਨਾ ਚਾਹੀਦਾ ਹੈ। ਲੋਕਾਂ ਦੇ ਮਾਣ ਸਤਿਕਾਰ ਸਦਕਾ ਹੀ ਕੁਰਸੀਆਂ ਮਿਲਦੀਆ ਹਨ। ਇਸ ਮੀਟਿੰਗ ਵਿੱਚ ਜਥੇ. ਗੁਰਬਚਨ ਸਿੰਘ ਬਚੀ ਸਾਬਕਾ ਏ.ਐਮ.,ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ,ਜਥੇ. ਹਰੀਨੰਦ ਸਿੰਘ ਛਾਜਲਾ, ਸੁਖਜਿੰਦਰ ਸਿੰਘ ਸਿੰਧੜ੍ਹਾਂ,ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਮੋੜਾਂ,ਰਣਧੀਰ ਸਿੰਘ ਸਮੂਰਾਂ,ਅਮਰੀਕ ਸਿੰਘ ਸੰਗਤੀਵਾਲਾ,ਧਰਮਜੀਤ ਸਿੰਘ ਸੰਗਤਪੁਰਾ,ਭਗਵਾਨ ਸਿੰਘ ਢੰਡੋਲੀ,ਜਰਨੈਲ ਸਿੰਘ ਹਰਿਆਉ, ਐਡਵੋਕੇਟ ਹਰਜਿੰਦਰ ਸਿੰਘ ਸਿੱਧੂ,ਐਡਵੋਕੇਟ. ਹਰਿੰਦਰ ਸਿੰਘ ਚੰਗਾਲੀਵਾਲਾ,ਹਰਮੀਤ ਸਿੰਘ ਲਾਡਬੰਨਜਾਰਾ.ਪਰਗਟ ਸਿੰਘ ਗਾਗਾ.ਵਿੱਕੀ ਛਾਜਲੀ,ਜੱਗੀ ਨੰਗਲਾ,ਮਾਸਟਰ ਦਰਬਾਰਾ ਸਿੰਘ ਛਾਜਲੀ,ਕੇਵਲ ਸਿੰਘ ਜਵੰਧਾ,ਹਾਕਮ ਸਿੰਘ ਬੜਿੰਗ,ਰਾਮ ਸਿੰਘ,ਗੁਰਮੀਤ ਸਿੰਘ ਜੌਹਲ ਮੋਜੂਦ ਸਨ।
ਪੰਜਾਬ ਪੁਲਸ ਨੇ 24 ਜ਼ਿਲ੍ਹਿਆਂ 'ਚ ਵੱਖ-ਵੱਖ ਥਾਵਾਂ 'ਤੇ ਕਈ ਕੁਇੰਟਲ ਨਸ਼ੀਲੇ ਪਦਾਰਥ ਕੀਤੇ ਨਸ਼ਟ
NEXT STORY