ਮੋਗਾ, (ਅਾਜ਼ਾਦ)- ਇਥੋਂ ਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਨਾਬਾਲਗ ਵਿਦਿਆਰਥਣ ਨੂੰ ਪਿੰਡ ਦੇ ਹੀ ਇਕ ਲਡ਼ਕੇ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਇਨਸਾਫ ਨਾ ਮਿਲਣ ’ਤੇ ਅੱਜ ਆਦਿ ਧਰਮ ਸਮਾਜ (ਆਧਸ) ਦੇ ਜ਼ਿਲਾ ਪ੍ਰਧਾਨ ਅਰਜਨ ਕੁਮਾਰ, ਯੂਥ ਪ੍ਰਧਾਨ ਅਮਰ ਕੁਮਾਰ ਸੋਨੂੰ ਅਤੇ ਪੀਡ਼ਤ ਲਡ਼ਕੀ ਦੇ ਪਰਿਵਾਰ ਵਾਲਿਆਂ ਨੇ ਐੱਸ. ਪੀ. (ਡੀ) ਮੋਗਾ ਨੂੰ ਮੰਗ-ਪੱਤਰ ਦੇ ਕੇ ਇਨਸਾਫ ਦੀ ਅਪੀਲ ਕੀਤੀ ਹੈ। ਐੱਸ. ਪੀ. (ਡੀ) ਵਜ਼ੀਰ ਸਿੰਘ ਖਹਿਰਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਧਰਮਕੋਟ ਅਜੇ ਰਾਜ ਸਿੰਘ ਨੂੰ ਜਾਂਚ ਕਰ ਕੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਲਡ਼ਕੀ ਦੇ ਪਰਿਵਾਰ ਵਾਲਿਆਂ ਨੇ ਆਦਿ ਧਰਮ ਸਮਾਜ ਦੇ ਜ਼ਿਲਾ ਪ੍ਰਧਾਨ ਅਰਜਨ ਕੁਮਾਰ ਦੀ ਹਾਜ਼ਰੀ ਵਿਚ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੀ 23-24 ਜੂਨ ਦੀ ਰਾਤ ਨੂੰ ਸਾਡੇ ਪਿੰਡ ਦੇ ਹੀ ਇਕ ਲਡ਼ਕੇ ਨੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਕੇ ਸੌਂ ਰਹੀ ਲਡ਼ਕੀ ਨਾਲ ਛੇਡ਼-ਛਾਡ਼ ਕਰਨ ਦਾ ਯਤਨ ਕੀਤਾ, ਜਿਸ ’ਤੇ ਉਸ ਨੇ ਰੌਲਾ ਪਾਇਆ ਤਾਂ ਉਹ ਭੱਜ ਗਿਆ। ਇਸ ਸਬੰਧੀ ਥਾਣਾ ਮਹਿਣਾ ਨੂੰ ਸ਼ਿਕਾਇਤ ਵੀ ਦਿੱਤੀ ਸੀ। ਕੁੱਝ ਮੋਹਤਬਰ ਵਿਅਕਤੀਆਂ ਦੇ ਕਹਿਣ ’ਤੇ ਸਾਡਾ 17 ਜੁਲਾਈ, 2018 ਨੂੰ ਸਮਝੌਤਾ ਵੀ ਹੋ ਗਿਆ ਸੀ ਪਰ ਇਸ ਦੇ ਬਾਅਦ ਵੀ ਜਦ ਮੇਰੀ ਲਡ਼ਕੀ ਸਕੂਲ ਜਾਂਦੀ ਤਾਂ ਉਕਤ ਲਡ਼ਕਾ ਉਸ ਨਾਲ ਛੇਡ਼-ਛਾਡ਼ ਕਰਦਾ।
ਉਕਤ ਮਾਮਲੇ ’ਚ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਕੁੱਝ ਦਿਨ ਪਹਿਲਾਂ ਕਰਨਵੀਰ ਸਿੰਘ ਇੰਦੋਰਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੀ ਸ਼ਿਕਾਇਤ ਪੱਤਰ ਦਿੱਤਾ ਸੀ, ਜਿਨ੍ਹਾਂ ਨੇ ਡੀ. ਐੱਸ. ਪੀ. ਧਰਮਕੋਟ ਅਤੇ ਜ਼ਿਲਾ ਭਲਾਈ ਅਫਸਰ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਆਧਸ ਦੇ ਜ਼ਿਲਾ ਪ੍ਰਧਾਨ ਅਤੇ ਲਡ਼ਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਲੈ ਕੇ ਜ਼ਿਲਾ ਪੁਲਸ ਮੁਖੀ ਮੋਗਾ ਦੇ ਦਫਤਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਵਾਂਗਾ ਕਿਉਂਕਿ ਸਾਨੂੰ ਉਕਤ ਲਡ਼ਕੇ ਦੇ ਵਿਦੇਸ਼ ਰਹਿੰਦੇ ਰਿਸ਼ਤੇਦਾਰ ਵੱਲੋਂ ਝੂਠੇ ਮਾਮਲੇ ਵਿਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਜੂਆ ਖੇਡਦੇ 5 ਗ੍ਰਿਫਤਾਰ, 148000 ਹਜ਼ਾਰ ਰੁਪਏ ਬਰਾਮਦ
NEXT STORY