ਚੰਡੀਗਡ਼੍ਹ, (ਜ਼ੀਰਕਪੁਰ ਦੇ ਟੈਕਸੀ ਚਾਲਕ ਗੁਰਵਿੰਦਰ ਅਤੇ ਉਸਦੇ ਭਰਾ ਮਨਦੀਪ ਨੂੰ ਅਗਵਾ ਕਰਕੇ 10 ਲੱਖ ਦੀ ਫਿਰੌਤੀ ਮੰਗਣ ਦੇ ਕੇਸ ’ਚ ਆਈ. ਟੀ. ਪਾਰਕ ਥਾਣਾ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ । ਦੋਸ਼ੀਆਂ ਦੀ ਪਹਿਚਾਣ ਹਿਸਾਰ ਨਿਵਾਸੀ ਪਵਨ ਅਤੇ ਸੰਦੀਪ ਦੇ ਤੌਰ ’ਤੇ ਹੋਈ ਹੈ, ਜਦੋਂਕਿ ਪੁਲਸ ਨੂੰ ਹਾਲੇ ਇਸ ਕੇਸ ’ਚ 2 ਦੋਸ਼ੀਆਂ ਮੁਕੇਸ਼ ਅਤੇ ਸੰਦੀਪ ਦੀ ਭਾਲ ਹੈ। ਪੁਲਸ ਨੇ ਕੇਸ ਦੀ ਜਾਂਚ ਤਹਿਤ ਪਹਿਲਾਂ ਪਵਨ ਨੂੰ ਗ੍ਰਿਫਤਾਰ ਕੀਤਾ ਅਤੇ ਬਾਅਦ ’ਚ ਰਿਮਾਂਡ ਦੌਰਾਨ ਉਸਦੀ ਨਿਸ਼ਾਨਦੇਹੀ ’ਤੇੇ ਉਸਦੇ ਸਾਥੀ ਸੰਦੀਪ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸੰਦੀਪ ਨੂੰ ਸੋਮਵਾਰ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਪੁਲਸ ਸੰਦੀਪ ਤੋਂ ਵਾਰਦਾਤ ਅਤੇ ਇਸ ’ਚ ਸ਼ਾਮਲ ਹੋਰ 2 ਦੋਸ਼ੀਆਂ ਮੁਕੇਸ਼ ਅਤੇ ਸੰਦੀਪ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਕਰੇਗੀ।
ਦੂਜੇ ਦੀ ਆਈ. ਡੀ. ’ਤੇੇ ਲਿਆ ਸੀ ਨੰਬਰ
ਅਗਵਾ ਕਰਨ ਤੋਂ ਬਾਅਦ ਦੋਸ਼ੀਆਂ ਨੇ ਫਿਰੌਤੀ ਦੀ ਰਕਮ ਮੰਗਣ ਲਈ ਟੈਕਸੀ ਚਾਲਕ ਗੁਰਵਿੰਦਰ ਦੇ ਮੋਬਾਇਲ ਦਾ ਇਸਤੇਮਾਲ ਕੀਤਾ ਸੀ, ਜਿਸਦੇ ਨਾਲ ਕਿ ਪੁਲਸ ਉਨ੍ਹਾਂ ਦਾ ਸੁਰਾਗ ਤਕ ਨਹੀਂ ਲਾ ਸਕੀ ਪਰ ਜਾਂਚ ਦੌਰਾਨ ਆਈ. ਟੀ. ਪਾਰਕ ਥਾਣਾ ਇੰਚਾਰਜ ਰਾਜੀਵ ਕੁਮਾਰ ਦੇ ਹੱਥ ਇਕ ਮੋਬਾਇਲ ਨੰਬਰ ਲੱਗਾ। ਇਹ ਮੋਬਾਇਲ ਨੰਬਰ ਦੋਸ਼ੀ ਉਸ ਸਮੇਂ ਗੁਰਵਿੰਦਰ ਨੂੰ ਦੇ ਕੇ ਗਏ ਸਨ, ਜਦੋਂ ਉਨ੍ਹਾਂ ਨੇ ਉਸਦੀ ਟੈਕਸੀ ਬੁੱਕ ਕਰਵਾਈ ਸੀ। ਪੁਲਸ ਜਾਂਚ ਦੌਰਾਨ ਉਹ ਮੋਬਾਇਲ ਨੰਬਰ ਹਿਸਾਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਨਾਮ ’ਤੇੇ ਰਜਿਸਟਰਡ ਪਾਇਆ ਗਿਆ। ਜਾਂਚ ’ਚ ਪਤਾ ਲੱਗਾ ਕਿ ਕਿਸੇ ਨੇ ਇਹ ਮੋਬਾਇਲ ਨੰਬਰ ਗਲਤ ਤਰੀਕੇ ਨਾਲ ਕਿਸੇ ਦੀ ਆਈ. ਡੀ. ’ਤੇੇ ਲਿਆ ਹੋਇਆ ਹੈ। ਇਸ ਮੋਬਾਇਲ ਨੰਬਰ ਦੀ ਕਾਲ ਡਿਟੇਲ ਕੱਢਣ ਤੋਂ ਬਾਅਦ ਪੁਲਸ ਨੂੰ ਜੋ ਨੰਬਰ ਮਿਲੇ, ਉਨ੍ਹਾਂ ਨੰਬਰਾਂ ਦੇ ਆਧਾਰ ’ਤੇੇ ਦੋਸ਼ੀਆਂ ਅਤੇ ਉਨ੍ਹਾਂ ਦੇ ਫੇਸਬੁੱਕ ਦੋਸਤਾਂ ਦੀ ਆਈ. ਡੀ. ਕੱਢੀ ਗਈ ਅਤੇ ਉਨ੍ਹਾਂ ਫੇਸਬੁੱਕ ਆਈ. ਡੀਜ਼ ਤੋਂ ਫੋਟੋ ਕੱਢ ਕੇ ਪੁਲਸ ਨੇ ਜਦੋਂ ਪੀਡ਼ਤ ਨੂੰ ਵਿਖਾਈ ਤਾਂ ਇਨ੍ਹਾਂ ’ਚੋਂ ਚਾਰਾਂ ਦੋਸ਼ੀਆਂ ਦੀ ਪੀਡ਼ਤ ਨੇ ਪਹਿਚਾਣ ਕੀਤੀ। ਇਸ ਤੋਂ ਬਾਅਦ ਪੁਲਸ ਨੇ ਚਾਰਾਂ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ’ਚੋਂ 2 ਦੀ ਗ੍ਰਿਫਤਾਰੀ ਕਰ ਲਈ ਹੈ।
ਪਹਿਲਾਂ ਟੈਕਸੀ ਹਾਇਰ ਕੀਤੀ, ਫਿਰ ਕੀਤਾ ਅਗਵਾ
14 ਸਤੰਬਰ ਨੂੰ ਆਈ. ਟੀ. ਪਾਰਕ ਤੋਂ ਮਨਦੀਪ ਦੀ ਟੈਕਸੀ ਚਾਰਾਂ ਦੋਸ਼ੀਆਂ ਨੇ ਰਾਜਸਥਾਨ ’ਚ ਬਾਗਡ਼ ਜਾਣ ਲਈ ਹਾਇਰ ਕੀਤੀ ਸੀ। 15 ਸਤੰਬਰ ਨੂੰ ਸਵੇਰੇ 4 ਵਜੇ ਮਨਦੀਪ ਆਪਣੇ ਭਰਾ ਗੁਰਵਿੰਦਰ ਸਿੰਘ ਨਾਲ ਬੋਲੈਰੋ ਗੱਡੀ ਲੈ ਕੇ ਮਨੀਮਾਜਰਾ ਤੋਂ ਬਾਗਡ਼ ਨਿਕਲੇ ਅਤੇ 16 ਸਤੰਬਰ ਸਵੇਰੇ 7:30 ਵਜੇ ਗੁਰਵਿੰਦਰ ਦੇ ਪਿਤਾ ਕਸ਼ਮੀਰਾ ਸਿੰਘ ਨੂੰ ਕਾਲ ਆਈ ਕਿ ਉਨ੍ਹਾਂ ਦੇ ਬੇਟੇ ਅਤੇ ਭਤੀਜੇ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਅਗਵਾਕਾਰ ਨੇ ਕਸ਼ਮੀਰਾ ਤੋਂ ਬਾਗਡ਼ ’ਚ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਹਿਸਾਰ ਤੋਂ ਮਿਲੇ ਦੋਵੇਂ ਭਰਾ
ਫਿਰੌਤੀ ਦੀ ਕਾਲ ਤੋਂ ਬਾਅਦ ਕਸ਼ਮੀਰਾ ਨੇ ਸੂਚਨਾ ਪੁਲਸ ਨੂੰ ਦਿੱਤੀ। ਜਾਂਚ ਦੌਰਾਨ ਦੋਸ਼ੀਆਂ ਦੀ ਮੋਬਾਇਲ ਲੋਕੇਸ਼ਨ ਪਹਿਲਾਂ ਭਿਵਾਨੀ ਅਤੇ ਬਾਅਦ ’ਚ ਹਿਸਾਰ ਦੀ ਪਾਈ ਗਈ। ਆਈ. ਟੀ. ਪਾਰਕ ਥਾਣਾ ਪੁਲਸ ਹਿਸਾਰ ਪੁਲਸ ਦੀ ਸਹਾਇਤਾ ਨਾਲ ਦੋਸ਼ੀਆਂ ਦੀ ਭਾਲ ਰਾਜਗਡ਼੍ਹ ਰੋਡ ਹਿਸਾਰ ਪਹੁੰਚੀ ਤਾਂ ਉਨ੍ਹਾਂ ਨੇ ਮਨਦੀਪ ਨੂੰ ਕਾਰ ’ਚ ਵੇਖ ਲਿਆ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਦੀ ਕਾਰ ਦਾ ਪਿੱਛਾ ਕੀਤਾ ਪਰ ਉਹ ਪੁਲਸ ਨੂੰ ਝਕਾਨੀ ਦੇ ਕੇ ਉਥੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ ਕਸ਼ਮੀਰਾ ਨੂੰ ਹਿਸਾਰ ਸਥਿਤ ਪੁਲਸ ਪੋਸਟ ਤੋਂ ਕਾਲ ਆਈ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਮਨਦੀਪ ਉਨ੍ਹਾਂ ਕੋਲ ਸਹਾਇਤਾ ਮੰਗਣ ਲਈ ਪਹੁੰਚਿਆ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਪੁਲਸ ਪੋਸਟ ’ਚ ਪਹੁੰਚੀ ਅਤੇ ਉਥੇ ਮਨਦੀਪ ਮਿਲਿਆ। ਮਨਦੀਪ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀਆਂ ਦੀ ਕਾਰ ਫਸ ਜਾਣ ’ਤੇੇ ਉਹ ਉਥੋਂ ਜਾਨ ਬਚਾ ਕੇ ਭੱਜ ਨਿਕਲਿਆ। ਕੁਝ ਸਮੇਂ ਬਾਅਦ ਕਸ਼ਮੀਰਾ ਨੂੰ ਇਕ ਹੋਰ ਕਾਲ ਆਈ ਅਤੇ ਉਸਨੂੰ ਸੂਚਨਾ ਦਿੱਤੀ ਗਈ ਕਿ ਉਸਦਾ ਪੁੱਤਰ ਗੁਰਵਿੰਦਰ ਨੇਡ਼ੇ ਦੇ ਖੇਤਾਂ ’ਚ ਜ਼ਖ਼ਮੀ ਮਿਲਿਆ ਹੈ, ਜਿਸ ਤੋਂ ਬਾਅਦ ਪੁਲਸ ਟੀਮ ਉਥੇ ਪਹੁੰਚੀ ਅਤੇ ਗੁਰਵਿੰਦਰ ਨੂੰ ਲੈ ਕੇ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ। ਉਸ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਜ਼ਖ਼ਮੀ ਕੀਤਾ ਗਿਆ ਸੀ, ਜਿਸਦੇ ਬਾਅਦ ਪੁਲਸ ਗੁਰਵਿੰਦਰ ਤੇ ਮਨਦੀਪ ਨੂੰ ਲੈ ਕੇ ਚੰਡੀਗਡ਼੍ਹ ਪਹੁੰਚੀ ਸੀ।
ਕੀ ਟ੍ਰੈਕ ਤੋਂ ਬਾਹਰ ਸਾਈਕਲ ਚਲਾਉਣ ਵਾਲੇ ਸਾਈਕਲਿਸਟ ’ਤੇ ਵੀ ਕਾਰਵਾਈ ਦੀ ਹੈ ਵਿਵਸਥਾ : ਹਾਈ ਕੋਰਟ
NEXT STORY