ਕੋਹਾੜਾ, ਸਾਹਨੇਵਾਲ (ਜਗਰੂਪ)- ਉਧਾਰ ਦਿੱਤੇ ਪੈਸੇ ਵਾਪਿਸ ਲੈਣ ਦੇ ਬਾਅਦ ਵੀ ਹੋਰ ਪੈਸੇ ਲੈਣ ਲਈ ਗੈਂਗਸਟਰਾਂ ਕੋਲੋਂ ਬੱਚਿਆਂ ਨੂੰ ਅਗਵਾ ਕਰਵਾਉਣ ਦੀਆਂ ਕਥਿਤ ਰੂਪ ਨਾਲ ਧਮਕੀਆਂ ਦੇਣ ਅਤੇ ਫਿਰ ਰਸਤੇ ’ਚ ਰੋਕ ਕੇ ਹਥਿਆਰਾਂ ਨਾਲ ਧਮਕਾਉਣ ਵਾਲੇ ਵਿਅਕਤੀ ਤੇ ਉਸਦੇ ਨਾਮਾਲੂਮ ਸਾਥੀਆਂ ਦੇ ਖਿਲਾਫ ਥਾਣਾ ਕੂੰਮਕਲਾਂ ਦੀ ਪੁਲਸ ਨੇ ਅਗਵਾ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਦੇ ਦੋਸਾਂ ਹੇਠ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਕ ’ਚ ਹਰਜੀਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਪਿੰਡ ਕਟਾਣੀ ਕਲਾਂ, ਲੁਧਿਆਣਾ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਜਸਪ੍ਰੀਤ ਸਿੰਘ ਅਤੇ ਉਸਦੇ ਦੋਸਤ ਕਰਨਦੀਪ ਸਿੰਘ ਨੇ ਗੁਰਸ਼ਰਨ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਪਿੰਡ ਕਟਾਣੀ ਕਲਾਂ ਕੋਲੋਂ ਉਧਾਰ ਲਏ 55 ਲੱਖ ਰੁਪਏ ਵਿਆਜ਼ ਸਮੇਤ ਵਾਪਿਸ ਕਰ ਦਿੱਤੇ, ਜਿਸ ਦੇ ਬਾਅਦ ਗੁਰਸ਼ਰਨ ਸਿੰਘ ਉਨ੍ਹਾਂ ਨੂੰ ਗੈਂਗਸਟਰਾਂ ਕੋਲੋਂ ਬੱਚੇ ਚੁਕਵਾਉਣ ਦੀਆਂ ਧਮਕੀਆਂ ਦੇ ਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਲੱਗਾ, ਜਿਸ ਦਾ ਸਮਝੌਤਾ 65 ਲੱਖ ਰੁਪਏ ’ਚ ਹੋ ਗਿਆ ਤੇ ਗੁਰਸ਼ਰਨ ਸਿੰਘ 27 ਦਸੰਬਰ 2025 ਨੂੰ ਕਟਾਣੀ ਕਲਾਂ ਦਫਤਰ ਤੋਂ 5 ਲੱਖ ਰੁਪਏ ਲੈ ਗਿਆ।
ਪਰ ਇਸ ਦੇ ਬਾਅਦ 9 ਜਨਵਰੀ 2026 ਨੂੰ ਦੁਪਹਿਰ ਕਰੀਬ 3 ਵਜੇ ਗੁਰਸ਼ਰਨ ਸਿੰਘ ਨੇ ਆਪਣੇ ਤਿੰਨ ਨਾਮਾਲੂਮ ਸਾਥੀਆਂ ਦੇ ਨਾਲ ਮਿਲ ਕੇ ਹਰਜੀਤ ਸਿੰਘ ਨੂੰ ਅਸ਼ਵਨੀ ਸ਼ਰਮਾ ਦੇ ਭੱਠੇ ਨੇੜੇ ਘੇਰ ਲਿਆ ਤੇ ਪਿਸਤੌਲ ਵਿਖਾ ਕੇ ਫਿਰੌਤੀ ਦੀ ਮੰਗ ਕਰਨ ਲੱਗਾ, ਫਿਰੌਤੀ ਨਾ ਦੇਣ ’ਤੇ ਚਚੇਰੇ ਭਰਾ ਜਸਪ੍ਰੀਤ ਸਿੰਘ ਨੂੰ ਮਾਰ ਦੇਣ ਦੀ ਗੱਲ ਕਹਿ ਕੇ ਧਮਕਾਇਆ। ਥਾਣਾ ਕੂੰਮਕਲਾਂ ਦੀ ਪੁਲਸ ਨੇ ਗੁਰਸ਼ਰਨ ਸਿੰਘ ਅਤੇ ਸਾਥੀਆਂ ਖਿਲਾਫ ਕੇਸ ਦਰਜ ਕਰਨ ਦੇ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਹੈ।
ਨਿਊਜ਼ੀਲੈਂਡ 'ਚ ਕੁਝ ਲੋਕਾਂ ਵੱਲੋਂ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
NEXT STORY