ਮੋਗਾ, (ਗੋਪੀ ਰਾਊਕੇ)- ਹਰ ਵਰ੍ਹੇ ਧੁੰਦ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਸਡ਼ਕੀ ਹਾਦਸਿਆਂ ’ਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਭਾਵੇਂ ਧੁੰਦ ਕਰਕੇ ਵਾਹਨ ਚਾਲਕਾਂ ਨੂੰ ਸਾਫ਼ ਸਡ਼ਕਾਂ ਦਾ ਦਿਖਾਈ ਨਾ ਦੇਣਾ ਅਤੇ ਟੁੱਟੀਆਂ ਸਡ਼ਕਾਂ ’ਤੇ ਵਾਹਨਾਂ ਦੀ ਤੇਜ਼ ਸਪੀਡ ਅਕਸਰ ਧੁੰਦ ਵਿਚ ਹਾਦਸਿਆਂ ਦਾ ਮੁੱਖ ਕਰਨ ਬਣਦੀ ਹੈ ਪਰ ਲੁਧਿਆਣਾ ਤੋਂ ਵਾਇਆ ਮੋਗਾ ਰਾਹੀਂ ਤਲਵੰਡੀ ਭਾਈ ਨੂੰ ਜਾਂਦੇ ਕੌਮੀ ਸ਼ਾਹ ਮਾਰਗ ’ਤੇ ਲੋਕਾਂ ਵੱਲੋਂ ਡਿਵਾਈਡਰ ਤੋਡ਼ ਕੇ ਆਪਣੇ ਪੱਧਰ ’ਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਲੰਘਣ ਲਈ ਬਣਾਏ ਗਏ ਕਥਿਤ ਨਾਜਾਇਜ਼ ‘ਕੱਟ’ ਧੁੰਦ ਦੇ ਮੌਸਮ ਵਿਚ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ‘ਕੱਟਾਂ’ ਤੋਂ ਲੰਘਣ ਕਰਕੇ ਪਿਛਲੇ ਸਮੇਂ ਦੌਰਾਨ ਅਨੇਕਾਂ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਠੋਸ ਸਖ਼ਤੀ ਨਾ ਕਰਨ ਕਰਕੇ ਇਹ ਵਰਤਾਰਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।
‘ਜਗ ਬਾਣੀ’ ਦੀ ਟੀਮ ਵੱਲੋਂ ਜਦੋਂ ਕੌਮੀ ਸ਼ਾਹ ਮਾਰਗ ਦਾ ਦੌਰਾ ਕੀਤਾ ਗਿਆ ਤਾਂ ਭਾਵੇਂ ਕੌਮੀ ਸ਼ਾਹ ਮਾਰਗ ’ਤੇ ਵੱਡੇ ਖੱਡੇ ਤਾਂ ਦੇਖਣ ਨੂੰ ਨਹੀਂ ਮਿਲੇ ਪਰ ਸ਼ਹਿਰ ਦੇ ਲੁਧਿਆਣਾ ਰੋਡ ਤੋਂ ਪਿੰਡ ਰੌਲੀ ਨੂੰ ਜਾਂਦੀ ਲਿੰਕ ਸਡ਼ਕ ਤੋਂ ਲੈ ਕੇ ਪਿੰਡ ਘੱਲ ਕਲਾਂ ਤੱਕ ਇਸ ਕੌਮੀ ਸ਼ਾਹ ਮਾਰਗ ਦੀਆਂ 15 ਥਾਵਾਂ ’ਤੇ ਅਜਿਹੇ ਨਾਜਾਇਜ਼ ਕੱਟ ਹਨ, ਜਿੱਥੇ ਡਿਵਾਈਡਰ ਤੋਡ਼ ਕੇ ਬਣਾਏ ਕੱਟਾਂ ਤੋਂ ਲੰਘ ਕੇ ਲੋਕ ਆਪਣੇ ਵਾਹਨਾਂ ਨਾਲ ਸਡ਼ਕ ਪਾਰ ਕਰਦੇ ਹਨ। ਸਾਰਾ ਦਿਨ ਮੋਗਾ ਸ਼ਹਿਰ ਦੇ ਮੁੱਖ ਚੌਕਾਂ ਵਿਚ ਸਿਰਫ਼ ਚਲਾਨ ਕੱਟਣ ਵਾਲੇ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੇ ਇਸ ਵਰਤਾਰੇ ਨੂੰ ਰੋਕਣ ਲਈ ਧਿਆਨ ਨਹੀਂ ਦਿੱਤਾ। ਬੇਸ਼ੱਕ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਇਨ੍ਹਾਂ ਕੱਟਾਂ ਨੂੰ ਬੰਦ ਕਰਵਾਉਣ ਲਈ ਇਨ੍ਹਾਂ ਕੋਲ ਪੱਥਰ ਰਖਵਾ ਦਿੱਤੇ ਸਨ ਪਰ ਫਿਰ ਵੀ ਲੋਕਾਂ ਨੇ ਜਾਂ ਤਾਂ ਇਨ੍ਹਾਂ ਪੱਥਰਾਂ ਨੂੰ ਪਾਸੇ ਕਰਕੇ ਮੁਡ਼ ਹੀ ਆਪਣੇ ਪੱਧਰ ’ਤੇ ਕੱਟ ਬਣਾ ਲਏ ਜਾਂ ਫਿਰ ਨਵੀਆਂ ਥਾਵਾਂ ’ਤੇ ਹੋਰ ਡਿਵਾਈਡਰ ਬਣਾ ਕੇ ਆਪਣੀ ਆਵਜਾਈ ਚਾਲੁੂ ਕਰ ਲਈ।
ਕੌਮੀ ਸ਼ਾਹ ਰਾਹ ਅਥਾਰਟੀ ਵੱਲੋਂ ਬਣਾਏ ਗਏ ਮਨਜ਼ੂਰਸ਼ੁਦਾ ਕੱਟ
* ਬੁੱਘੀਪੁਰਾ ਚੌਕ
* ਕੋਟਕਪੂਰਾ ਬਾਈਪਾਸ ਚੌਕ
* ਅਕਾਲਸਰ ਰੋਡ ਚੌਕ
* ਮੁੱਖ ਚੌਕ ਮੋਗਾ
* ਗਾਧੀ ਰੋਡ ਚੌਕ
ਕੌਮੀ ਸ਼ਾਹ ਮਾਰਗ ’ਤੇ ਨਹੀਂ ਲਾਏ ਕੋਈ ਸਾਈਨ ਬੋਰਡ
ਕੌਮੀ ਸ਼ਾਹ ਮਾਰਗ ਦਾ ਕੰਮ ਜਿੱਥੇ ਹਾਲੇ ਤੱਕ ਮੋਗਾ ਸ਼ਹਿਰ ਵਿਚ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ, ਉੱਥੇ ਹੀ ਵਿਭਾਗ ਵੱਲੋਂ ਹਾਲੇ ਤੱਕ ਸਪੀਡ ਲਿਮਟ, ਸੁਰੱਖਿਆ ਤੇ ਆਉਣ-ਜਾਣ ਲਈ ਦਿਸ਼ਾ ਦੱਸਣ ਵਾਲਾ ਕੋਈ ਵੀ ਸਾਈਨ ਬੋਰਡ ਨਹੀਂ ਲਾਇਆ ਗਿਆ, ਜਿਸ ਕਰਕੇ ਲੋਕਾਂ ਵਿਚ ਜਾਗਰੂਕਤਾ ਨਹੀਂ ਆ ਰਹੀ ਅਤੇ ਦੂਰ-ਦੁਰਾਡੇ ਤੋਂ ਸ਼ਹਿਰ ਵਿਚ ਆ ਕੇ ਕਿਸੇ ਵੀ ਥਾਂ ਜਾਣ ਲਈ ਵੀ ਰਾਹਗੀਰਾਂ ਨੂੰ ਭੰਬਲਭੂਸੇ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਥਾਵਾਂ ’ਤੇ ਲਾਪ੍ਰਵਾਹੀ ਪੈ ਸਕਦੀ ਹੈ ਮਹਿੰਗੀ ਆਈ. ਟੀ. ਆਈ. ਮੂਹਰੇ
ਆਈ.ਟੀ.ਆਈ. ਮੂਹਰੇ ਕੰਮ ਕਰਦੇ ਦੁਕਾਨਦਾਰ ਅਤੇ ਵਸਨੀਕਾਂ ਨੂੰ ਸ਼ਹਿਰ ਅੰਦਰ ਦਾਖਲ ਹੋਣ ਲਈ ਬੁੱਘੀਪੁਰਾ ਚੌਕ ਕੱਟ ਤੋਂ ਗੁਜ਼ਰਨਾ ਬਣਦਾ ਹੈ ਪਰ ਬੁੱਘੀਪੁਰਾ ਚੌਕ ਅੱਧਾ ਕਿਲੋਮੀਟਰ ਦੂਰੀ ’ਤੇ ਹੀ ਹੋਣ ਕਾਰਨ ਲੋਕ ਜਾਨ ਤਲੀ ’ਤੇ ਰੱਖ ਕੇ ਆਪਣੇ ਪੱਧਰ ’ਤੇ ਬਣਾਏ ਕੱਟਾਂ ਤੋਂ ਲੰਘ ਰਹੇ ਹਨ।
ਬਲਦੇਵ ਢਾਬੇ ਦੇ ਸਾਹਮਣੇ
ਇਸ ਢਾਬੇ ਦੇ ਨੇਡ਼ੇ ਅਤੇ ਸਾਹਮਣੇ ਰਿਹਾਇਸ਼ੀ ਇਲਾਕੇ ਹੋਣ ਕਾਰਨ ਲੋਕਾਂ ਵੱਲੋਂ ਆਹਮੋ-ਸਾਹਮਣੇ ਆਉਣ ਲਈ ਮਨਜ਼ੂਰਸ਼ੁਦਾ ਕੱਟ ਦੂਰ ਹੋਣ ਕਾਰਨ ਆਪਣੇ ਪੱਧਰ ’ਤੇ ਬਣਾਏ ਕੱਟਾਂ ਤੋਂ ਜਲਦਬਾਜ਼ੀ ’ਚ ਲੰਘ ਕੇ ਲਾਪ੍ਰਵਾਹੀ ਕੀਤੀ ਜਾਂਦੀ ਹੈ।
ਬਿਜਲੀ ਘਰ ਮੂਹਰੇ
ਇਸ ਖੇਤਰ ਦੇ ਆਸ-ਪਾਸ ਬਿਜਲੀ ਘਰ ਤੇ ਵਰਕਸ਼ਾਪਾਂ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਅੰਦਰ ਦਾਖਲ ਹੋਣ ਲਈ ਅਕਾਲਸਰ ਚੌਕ ਕੱਟ ਤੋਂ ਲੰਘਣਾ ਬਣਦਾ ਹੈ ਪਰ ਉਪਰੋਕਤ ਥਾਂ ਤੋਂ ਅਕਾਲਸਰ ਰੋਡ ਚੌਕ ਦੀ ਦੂਰੀ 600 ਮੀਟਰ ਹੋਣ ਕਾਰਨ ਲੋਕਾਂ ਵੱਲੋਂ ਸਹੀ ਰਾਹ ਤੋਂ ਲੰਘਣ ਦੀ ਬਜਾਏ ਇਨ੍ਹਾਂ ਡਿਵਾਈਡਰਾਂ ’ਚ ਥਾਂ-ਥਾਂ ਕੱਟ ਲਾ ਕੇ ਜਾਨ ਨੂੰ ਜ਼ੋਖਮ ’ਚ ਪਾਇਆ ਜਾਂਦਾ ਹੈ।
ਦੱਤ ਰੋਡ ਅੱਗੇ
ਦੱਤ ਰੋਡ ’ਤੇ ਸਭ ਤੋਂ ਵੱਧ ਆਵਾਜਾਈ ਹੁੰਦੀ ਹੈ, ਜਿਸ ਦਾ ਮੁੱਖ ਕਾਰਨ ਦੱਤ ਰੋਡ ’ਤੇ ਸਥਿਤ ਹਸਪਤਾਲ, ਦੱਤ ਰੋਡ ਦੇ ਬਾਹਰ ਸਥਿਤ ਹੋਟਲ ਅਤੇ ਕਈ ਸਿੱਖਿਆ ਸੰਸਥਾਵਾਂ ਹਨ, ਜਿਸ ਕਾਰਨ ਪੂਰਾ ਦਿਨ ਲੋਕਾਂ ਦੀ ਭਾਰੀ ਭੀਡ਼ ਇਸ ਰੋਡ ਉੱਪਰ ਮੌਜੂਦ ਹੁੰਦੀ ਹੈ ਪਰ ਦੱਤ ਰੋਡ ਤੋਂ ਆਪਣੇ ਵਾਹਨਾਂ ਤੋਂ ਨਿਕਲਕੇ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਲੋਕ ਮੇਨ ਚੌਕ ਕੱਟ ਤੇ ਅਕਾਲਸਰ ਰੋਡ ਕੱਟ ਤੋਂ ਲੰਘਣ ਦੀ ਬਜਾਏ ਦੱਤ ਰੋਡ ਸਾਹਮਣੇ ਆਪਣੇ ਪੱਧਰ ’ਤੇ ਬਣਾਏ ਕੱਟਾਂ ਰਾਹੀਂ ਹੀ ਹਾਈਵੇ ਦੇ ਦੂਜੇ ਹਿੱਸੇ ਚਡ਼੍ਹਨ ਦੀ ਕੋਸ਼ਿਸ਼ ਕਰਦੇ ਹਨ।
32 ਬੋਰ ਦੇਸੀ ਪਿਸਤੌਲ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਗ੍ਰਿਫਤਾਰ
NEXT STORY