ਅਮਲੋਹ, (ਗਰਗ, ਜੋਗਿੰਦਰਪਾਲ)- ‘ਚੋਰੀ ਦਾ ਮਾਲ ਲਾਠੀਆਂ ਦੇ ਗਜ਼’ ਕਹਾਵਤ ਅਮਲੋਹ ਤੋਂ ਚੋਰੀ ਕੀਤੇ ਮੋਬਾਇਲਾਂ ਦੇ ਚੋਰਾਂ ਲਈ ਜ਼ੰਜੀਰ ਬਣ ਗਈ ਕਿਉਂਕਿ ਅਮਲੋਹ ਪੁਲਸ ਵੱਲੋਂ ਪਿਛਲੇ ਐਤਵਾਰ ਦੀ ਰਾਤ ਨੂੰ ਚੋਰੀ ਹੋਏ ਮੋਬਾਇਲ ਜਿਨ੍ਹਾਂ ਨੂੰ ਚੋਰਾਂ ਵੱਲੋਂ ਬਿਲਕੁਲ ਸਸਤੇ ਮੁੱਲ ’ਤੇ ਆਪਣੇ ਹੀ ਪਿੰਡ ’ਚ ਵੇਚਣਾ ਸ਼ੁਰੂ ਕਰ ਦਿੱਤਾ ਗਿਆ ਸੀ, ਦੇ ਈ. ਐੱਮ. ਈ. ਆਈ. ਨੰਬਰ ਦੇ ਅਾਧਾਰ ’ਤੇ ਸ਼ਨਾਖ਼ਤ ਕਰ ਕੇ ਸਿਰਫ਼ ਇਕ ਹਫ਼ਤੇ ਵਿਚ ਹੀ ਕਾਬੂ ਕਰ ਲਿਆ ਗਿਆ।
ਮਦਾਨ ਟੈਲੀਕਾਮ ਦੇ ਮਾਲਕ ਜਗਦੀਪ ਸਿੰਘ ਦੇ ਦੱਸਣ ਅਨੁਸਾਰ 25 ਨਵੰਬਰ ਦੀ ਰਾਤ ਨੂੰ ਚੋਰਾਂ ਵੱਲੋਂ ਉਸ ਦੀ ਦੁਕਾਨ ਦੇ ਪਿਛਲੇ ਪਾਸਿਓਂ ਪਾਡ਼ ਲਾ ਕੇ ਉਸ ਦੀ ਦੁਕਾਨ ਵਿਚੋਂ 33 ਨਵੇਂ ਤੇ 28 ਪੁਰਾਣੇ ਮੋਬਾਇਲ ਚੋਰੀ ਕਰ ਲਏ ਗਏ, ਜਿਸ ਦਾ ਪਤਾ ਉਸ ਨੂੰ 26 ਨਵੰਬਰ ਨੂੰ ਉਸ ਸਮੇਂ ਲੱਗਾ ਜਦੋਂ ਸਵੇਰੇ ਉਸ ਨੇ ਆਪਣੀ ਦੁਕਾਨ ਖੋਲ੍ਹੀ।
ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਤੁਰੰਤ ਥਾਣਾ ਅਮਲੋਹ ਵਿਚ ਇਸ ਚੋਰੀ ਦੀ ਰਿਪੋਰਟ ਲਿਖਾਈ ਗਈ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਚੋਰੀ ਹੋੲੇ ਮੋਬਾਇਲਾਂ ਦਾ ਨੰਬਰ ਸ਼ਨਾਖ਼ਤ ’ਤੇ ਲਾ ਕੇ ਦਿੱਤਾ, ਜਿਸ ਤੋਂ ਬਾਅਦ 28 ਨਵੰਬਰ ਨੂੰ ਕਥਿਤ ਚੋਰਾਂ ਵੱਲੋਂ ਪਿੰਡ ਤੰਦਾਬੱਧਾ ਖ਼ੁਰਦ ਦੇ ਇਕ ਵਿਅਕਤੀ ਜਿਹਡ਼ਾ ਕਬਾਡ਼ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਹੈ, ਨੂੰ ਦੋ ਨਵੇਂ ਮੋਬਾਇਲ ਜਿਨ੍ਹਾਂ ਦੀ ਕੀਮਤ ਦਸ ਹਜ਼ਾਰ ਰੁਪਏ ਬਣਦੀ ਸੀ, ਸਿਰਫ਼ ਚੌਦਾਂ ਸੌ ਰੁਪਏ ਵਿਚ ਵੇਚ ਦਿੱਤੇ।
ਮੋਬਾਇਲ ਖ਼ਰੀਦਣ ਵਾਲੇ ਵਿਅਕਤੀ ਨੇ ਜਦੋਂ ਇਨ੍ਹਾਂ ਮੋੋਬਾਇਲਾਂ ਨੂੰ ਚਾਲੂ ਕੀਤਾ ਤਾਂ ਪੁਲਸ ਨੂੰ ਮੋਬਾਇਲ ਫੋਨਾਂ ਦੀ ਸਾਰੀ ਜਾਣਕਾਰੀ ਮਿਲ ਗਈ, ਜਿਸ ਦੇ ਅਾਧਾਰ ’ਤੇ ਪੁਲਸ ਨੇ ਪਹਿਲਾਂ ਫ਼ੋਨ ਖ਼ਰੀਦਣ ਵਾਲੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ, ਜਿਸ ਵੱਲੋਂ ਦਿੱਤੀ ਜਾਣਕਾਰੀ ਦੇ ਅਾਧਾਰ ’ਤੇ ਪਿੰਡ ਤੰਦਾਬੱਧਾ ਦੇ ਬਲਵਿੰਦਰ ਸਿੰਘ ਉਰਫ਼ ਮੰਗਾ ਤੇ ਪਿੰਡ ਮਾਂਹਪੁਰ ਜ਼ਿਲਾ ਲੁਧਿਆਣਾ ਦੇ ਤਰਸੇਮ ਸਿੰਘ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਕੋਲੋਂ ਚੋਰੀ ਕੀਤੇ ਮੋਬਾਇਲ ਬਰਾਮਦ ਕਰ ਲਏ ਗਏ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਡ਼ੇ ਗਏ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਮਦਾਨ ਟੈਲੀਕਾਮ ਦਾ ਮਾਲਕ ਜਗਦੀਪ ਸਿੰਘ ਦੁਕਾਨ ’ਚ ਲਾਏ ਗਏ ਪਾਡ਼ ਦੀ ਜਗ੍ਹਾ ਦਿਖਾਉਂਦਾ ਹੋਇਆ। (ਗਰਗ)
ਗਰੀਬਾਂ ਲਈ ਰੈਣ-ਬਸੇਰੇ ਬਣੇ ਸੁਪਨਾ, ਯਾਤਰੀ ਪ੍ਰੇਸ਼ਾਨ
NEXT STORY