ਮੋਗਾ (ਆਜ਼ਾਦ) : ਅਣਪਛਾਤੇ ਚੋਰਾਂ ਵੱਲੋਂ ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਦੌਧਰ ਸ਼ਰਕੀ ਅਤੇ ਥਾਣਾ ਸਿਟੀ ਮੋਗਾ ਅਧੀਨ ਪੈਂਦੇ ਇਲਾਕੇ ਬਸਤੀ ਗੋਬਿੰਦਗੜ੍ਹ ਵਿਚ ਦੋ ਐੱਨ. ਆਰ. ਆਈ. ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਬੰਧ ਵਿਚ ਮਿਲੀ ਜਾਣਕਾਰੀ ਅਨੁਸਾਰ ਦੌਧਰ ਸ਼ਰਕੀ ਨਿਵਾਸੀ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਜਗਰਾਜ ਸਿੰਘ ਜੋ ਅਮਰੀਕਾ ਵਿਚ ਰਹਿੰਦਾ ਹੈ, ਦੇ ਘਰ ਦੀ ਨਿਗਰਾਨੀ ਕਰਦੇ ਹਨ। ਬੀਤੀ 25 ਅਕਤੂਬਰ ਨੂੰ ਦਿਨ-ਦਿਹਾੜੇ 4 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਬਾਰੀ ਤੋੜ ਕੇ ਘਰ ਵਿਚੋਂ ਪਿੱਤਲ ਦੇ ਭਾਂਡੇ, ਬਾਲਟੀ, ਪ੍ਰਾਂਤ, ਦੇਗਾ ਆਦਿ ਚੋਰੀ ਕਰ ਕੇ ਲੈ ਗਏ। ਚੋਰੀ ਦੇ ਸਾਮਾਨ ਦੀ ਕੀਮਤ 10 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਥਾਣਾ ਬੱਧਨੀ ਕਲਾਂ ਵਿਚ 4 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲ ਰਹੇ ਹਨ, ਜਲਦ ਹੀ ਅਣਪਛਾਤੇ ਚੋਰਾਂ ਨੂੰ ਕਾਬੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਥਾਣਾ ਸਿਟੀ ਅਧੀਨ ਪੈਂਦੇ ਇਲਾਕੇ ਬਸਤੀ ਗੋਬਿੰਦਗੜ੍ਹ ਮੋਗਾ ਵਿਚ ਸਥਿਤ ਅਮਰੀਕਾ ਰਹਿੰਦੇ ਨਰਿੰਦਰਪਾਲ ਸਿੰਘ ਐਡਵੋਕੇਟ ਦੇ ਘਰੋਂ ਅਣਪਛਾਤੇ ਚੋਰ ਘਰ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਅਤੁਲ ਕੁਮਾਰ ਨਿਵਾਸੀ ਪਾਰਕ ਵਾਲੀ ਗਲੀ ਮੋਗਾ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਅਤੁਲ ਕੁਮਾਰ ਨੇ ਦੱਸਿਆ ਕਿ ਉਹ ਨਰਿੰਦਰਪਾਲ ਸਿੰਘ ਐਡਵੋਕੇਟ ਦੇ ਘਰ ਦੀ ਨਿਗਰਾਨੀ ਕਰਦਾ ਹੈ। ਬੀਤੀ 21 ਅਕਤੂਬਰ ਨੂੰ ਦਿਨ-ਦਿਹਾੜੇ ਅਣਪਛਾਤੇ ਚੋਰ ਘਰ ਵਿਚੋਂ ਪਿੱਤਲ ਦੇ ਭਾਂਡੇ ਅਤੇ ਕੱਪੜੇ ਚੋਰੀ ਕਰ ਕੇ ਲੈ ਗਏ। ਚੋਰੀ ਹੋਏ ਸਾਮਾਨ ਦੀ ਕੀਮਤ 8 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਚੋਰਾਂ ਦੀ ਤਲਾਸ਼ ਕਰ ਰਹੇ ਹਨ।
ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ
NEXT STORY