ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਗੁਰੂਹਰਸਹਾਏ ਦੇ ਇਕ ਏ.ਐਸ.ਆਈ. ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ।ਐਸ.ਐਸ.ਪੀ. ਵਿਜੀਲੈਂਸ ਬਠਿੰਡਾ ਰੇਂਜ ਨਰਿੰਦਰ ਭਾਰਗਵ ਦੀ ਅਗਵਾਈ ’ਚ ਹੋਈ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕੁਲਦੀਪ ਸਿੰਘ ਨੇ ਦੱਸਿਆ ਕਿ ਗੁਰੂਹਰਸਹਾਏ ਵਾਸੀ ਮਨਜੀਤ ਸਿੰਘ ਨੇ ਵਿਜੀਲੈਂਸ ਬਿਊਰੋ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਅਨੁਸਾਰ ਉਸਦੀ ਪਤਨੀ ਅਤੇ ਸੱਸ ਜਲਾਲਾਬਾਦ ਤੋਂ ਇਕ ਛੋਟੇ ਕੈਂਟਰ ਰਾਹੀਂ ਆਪਣਾ ਘਰੇਲੂ ਸਾਮਾਨ ਲੈ ਕੇ ਗੁਰੂਹਰਸਹਾਏ ਵੱਲ ਆ ਰਹੀਆਂ ਸਨ ਕਿ ਪਿੰਡ ਟਿੱਲੂ ਅਰਾਈ ਵਿਖੇ ਜਲਾਲਾਬਾਦ ਵਾਸੀ ਇਕ ਵਿਅਕਤੀ ਨੇ ਕੁਝ ਹੋਰ ਅਣਪਛਾਤਿਆਂ ਨਾਲ ਮਿਲ ਉਨ੍ਹਾਂ ਨੂੰ ਧਮਕੀਆਂ ਦਿਤੀਆਂ ਅਤੇ ਸਾਮਾਨ ਖੋਹ ਲਿਆ।
ਇਸ ਮਾਮਲੇ ’ਚ ਥਾਣਾ ਗੁਰੂਹਰਸਹਾਏ ਵਿਖੇ ਸ਼ਿਕਾਇਤ ਦਿੱਤੀ ਤਾਂ ਮਾਮਲੇ ਸਬੰਧੀ ਏ.ਐਸ.ਆਈ. ਦਰਸ਼ਨ ਲਾਲ ਦੀ ਡਿਊਟੀ ਲੱਗੀ। ਸ਼ਿਕਾਇਤਕਰਤਾ ਅਨੁਸਾਰ ਏ.ਐਸ.ਆਈ. ਨੇ ਕਾਰਵਾਈ ਕਰਨ ਲਈ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤਾਂ ਉਸਦੀ ਪਤਨੀ ਨੇ ਪਹਿਲਾ ਮਜਬੂਰੀ ਵੱਸ 10 ਹਜ਼ਾਰ ਰੁਪਏ ਦੇ ਦਿੱਤੇ, ਜਦ ਉਸ ਨੇ ਫਿਰ ਵੀ ਕਾਰਵਾਈ ਨਾ ਕੀਤੀ ਅਤੇ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਬਾਕੀ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਸ਼ਿਕਾਇਤ ਕਰਤਾ ਮਨਜੀਤ ਸਿੰਘ ਨੇ ਆਪ ਏ.ਐਸ.ਆਈ. ਨਾਲ ਗੱਲਬਾਤ ਕੀਤੀ ਅਤੇ 20 ਹਜ਼ਾਰ ਰੁਪਏ ਦੋ ਕਿਸ਼ਤਾਂ ’ਚ ਦੇਣ ਦੀ ਗੱਲ ਹੋਈ। ਸ਼ਿਕਾਇਤਕਰਤਾ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦਾ। ਉਸ ਨੇ ਇਸ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਅੱਜ ਜਿਵੇ ਹੀ ਏ.ਐਸ.ਆਈ. ਦਰਸ਼ਨ ਲਾਲ ਨੇ ਰਿਸ਼ਵਤ ਦੇ 10 ਹਜ਼ਾਰ ਰੁਪਏ ਫੜ੍ਹੇ ਤਾਂ ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਵੱਡੀ ਖ਼ਬਰ : ਪੰਜਾਬ ਸਰਕਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇਗੀ 'ਮੋਬਾਇਲ'
NEXT STORY