ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਅੰਦਰ ਹਾਲ ’ਚ ਹੋਈਆਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦਾ ਕੰਮ ਅਮਨ-ਸ਼ਾਂਤੀ ਨਾਲ ਨਿਬਡ਼ਨ ’ਤੇ ਜ਼ਿਲਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਸ ਜ਼ਿਲੇ ਅੰਦਰ 71.66 ਫੀਸਦੀ ਮਤਦਾਨ ਹੋਇਆ ਜੋ ਪੂਰੇ ਪੰਜਾਬ ਵਿਚ ਇਕ ਰਿਕਾਰਡ ਹੈ ਪਰ ਜਿਉਂ ਹੀ ਵੋਟਾਂ ਦੀ ਗਿਣਤੀ ਦਾ ਦਿਨ (22 ਸਤੰਬਰ) ਨੇਡ਼ੇ ਆ ਰਿਹਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ’ਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਸਾਹ ਸੁੱਕੇ ਪਏ ਹਨ। ਉਨ੍ਹਾਂ ਦੇ ਚਿਹਰਿਆਂ ’ਤੇ ਪਲੱਤਣਾਂ ਦਿੱਖ ਰਹੀਆਂ ਹਨ। ਕਈਆਂ ਦੇ ਢਿੱਡਾਂ ’ਚ ਖੁਸ਼ੀ ਦੇ ਲੱਡੂ ਫੁੱਟ ਰਹੇ ਹਨ। ਉਹ ਕੱਛਾਂ ਵਜਾਉਂਦੇ ਵੋਟਰਾਂ ਦਾ ਧੰਨਵਾਦ ਕਰਨ ’ਚ ਰੁੱਝੇ ਹੋਏ ਹਨ। ਇਨ੍ਹਾਂ ਚੋਣਾਂ ’ਚ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਨਾਲ ਚਿੱਬਡ਼ੇ ਜ਼ਿਲਾ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਦਾ ਪਾਰਟੀ ਪ੍ਰਤੀ ਕਿਰਦਾਰ ਵੀ ਪਾਰਟੀ ਹਾਈਕਮਾਨ ਤੇ ਵੋਟਰਾਂ ਦੇ ਸਾਹਮਣੇ ਆਵੇਗਾ। ਇਨ੍ਹਾਂ ਚੋਣਾਂ ਦੇ ਨਤੀਜੇ ਆਉਣ ’ਤੇ ਆਪਸੀ ਸਿਆਸੀ ਵਿਵਾਦਾਂ ’ਚ ਉਲਝੀ ਸਿਆਸੀ ਲੀਡਰਸ਼ਿਪ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ ਵੱਲ ਵੀ ਧਿਆਨ ਦੇਣ ਦੀ ਸਮਝ ਵੀ ਆਵੇਗੀ। ਅੱਜ ਅਕਾਲੀ ਚੋÎਣਾਂ ’ਚ ਧੱਕੇਸ਼ਾਹੀ ਹੋਣ ਦਾ ਦੋਸ਼ ਲਾ ਰਹੇ ਹਨ, ਕਾਂਗਰਸੀ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਕਰ ਰਹੇ ਹਨ, ਕਾਮਰੇਡ ਵੀ ਚੋਣਾਂ ’ਚ ਲੋਕਤੰਤਰ ਦਾ ਮਜ਼ਾਕ ਉਡਾਉਣ ਦਾ ਦੋਸ਼ ਲਾ ਰਹੇ ਹਨ। ਫਿਲਹਾਲ ਇਨ੍ਹਾਂ ਚੋਣਾਂ ’ਚ ਹਿੱਸਾ ਲੈਣ ਵਾਲੀਆ ਸਮੁੱਚੀਆਂ ਸਿਆਸੀਆਂ ਪਾਰਟੀਆਂ ਨੂੰ ਸੀਪ ਲੱਗਣ ਦਾ ਡਰ ਸਤਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਤੇ ਜ਼ਿਲਾ ਪੁਲਸ ਨੇ ਇਨ੍ਹਾਂ ਚੋਣਾਂ ਨੂੰ ਹਰ ਹੀਲੇ ਸ਼ਾਂਤਮਈ ਤੇ ਪਾਰਦਰਸ਼ਤਾ ਢੰਗ ਨਾਲ ਨੇਪਰੇ ਚਾਡ਼੍ਹਨ ਦਾ ਟੀਚਾ ਪਹਿਲਾਂ ਮਿੱਥ ਰੱਖਿਆ ਹੈ। ਜ਼ਿਲੇ ਦੇ ਪੰਜ ਬਲਾਕਾਂ ਮਾਨਸਾ, ਸਰਦੂਲਗਡ਼੍ਹ, ਬੁਢਲਾਡਾ, ਭੀਖੀ ਤੇ ਝੁਨੀਰ ਵਿਚ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੁਆਉਣ ਲਈ ਸੁਰੱਖਿਆ ਪੱਖੋਂ 75 ਪ੍ਰਤੀਸ਼ਤ ਫੋਰਸ ’ਚ 5 ਡੀ. ਐੱਸ. ਪੀਜ਼ ਸਮੇਤ 1500 ਪੰਜਾਬ ਪੁਲਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜ਼ਿਲਾ ਪ੍ਰਸ਼ਾਸਨ ਨੇ ਮਾਨਸਾ ਜ਼ਿਲੇ ਦੇ 5 ਚੋਣ ਹਲਕਿਆਂ ਲਈ 547 ਪੋਲਿੰਗ ਬੂਥ ਸਥਾਪਿਤ ਕੀਤੇ ਹਨ, ਜਿਨ੍ਹਾਂ ’ਚ 123 ਸੰਵੇਦਨਸ਼ੀਲ ਤੇ 54 ਅਤਿ-ਸੰਵੇਦਨਸ਼ੀਲ ਬੂਥ ਹਨ। ਜ਼ਿਲਾ ਪ੍ਰੀਸ਼ਦ ਦੇ 11 ਚੋਣ ਹਲਕਿਆਂ ਲਈ 43 ਅਤੇ ਪੰਚਾਇਤ ਸੰਮਤੀਆਂ ਦੇ 89 ਚੋਣ ਹਲਕਿਆਂ ਲਈ 245 ਉਮੀਦਵਾਰਾਂ ਲਈ ਦੀ ਕਿਸਮਤ ਦਾ ਫੈਸਲਾ ਬਕਸਿਅਾਂ ’ਚ ਬੰਦ ਹੈ। ਬਸ ਜਿਉਂ ਹੀ ਵੋਟਾਂ ਦੀ ਗਿਣਤੀ ਵਾਲਾ ਦਿਨ 22 ਸਤੰਬਰ ਨੇਡ਼ੇ ਆਉਣ ’ਤੇ ਸਮੁੱਚੇ ਉਮੀਦਵਾਰਾਂ ਦੇ ਦਿਲਾਂ ਦੀਅਾਂ ਧਡ਼ਕਣਾਂ ਤੇਜ਼ ਹੋ ਰਹੀਆਂ ਹਨ। ਇਸ ਬਾਰੇ ਪੇਂਡੂ ਖੇਤਰਾਂ ’ਚ ਤਰ੍ਹਾਂ-ਤਰ੍ਹਾਂ ਦੀ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਪੇਂਡੂ ਵੋਟਰਾਂ ਨੇ ਨਿਰਪੱਖ ਹੋ ਕੇ ਖੁੱਲ੍ਹ ਦਿਲੀ ਨਾਲ ਮਤਦਾਨ ਕੀਤਾ ਹੈ। ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਪਈਆਂ ਇਨ੍ਹਾਂ ਵੋਟਾਂ ਦੀ ਗਿਣਤੀ ਦੇ ਸਬੰਧ ’ਚ 183 ਸੁਪਰਵਾਈਜ਼ਰ ਤੇ 366 ਕਾਊਂਟਿੰਗ ਸਹਾਇਕ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵੋਟ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਸਿਰੇ ਚਾਡ਼੍ਹਨ ਲਈ ਜ਼ਿਲੇ ਭਰ ’ਚ 3300 ਪੋਲਿੰਗ ਸਟਾਫ਼ ਸਮੇਤ ਰਿਜ਼ਰਵ ਸਟਾਫ਼ ਦੀ ਤਾਇਨਾਤੀ ਕੀਤੇ ਗਏ ਹਨ।
ਮਾਮਲਾ ਆਦਰਸ਼ ਸਕੂਲ ਪ੍ਰਤੀ ਛਿਡ਼ੇ ਵਿਵਾਦਾਂ ਦਾ ਲੱਖਾ ਸਿਧਾਣਾ ਤੇ ਕੁਲਦੀਪ ਸਿੰਘ ਘਰਾਂਗਣਾ ਗ੍ਰਿਫਤਾਰ
NEXT STORY