ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ-ਅਲੱਗ ਸੋਚ ਹੋ ਸਕਦੀ ਹੈ। ਇਹ ਸੋਚ ਉਨ੍ਹਾਂ ਦੇ ਰਹਿਣ ਸਹਿਣ, ਅਮੀਰੀ-ਗਰੀਬੀ, ਦੇਸ਼ ਅਤੇ ਵਿਚਾਰਧਾਰਾ 'ਤੇ ਨਿਰਭਰ ਕਰਦੀ ਹੈ ਜਿਵੇਂ ਕਿ ਬੱਚਿਆਂ ਲਈ ਜ਼ਿੰਦਗੀ ਇਕ ਖੇਡ ਹੈ, ਨੌਜਵਾਨਾਂ ਲਈ ਜ਼ਿੰਦਗੀ ਇਕ ਗੀਤ ਵੀ ਹੈ। ਇਸੇ ਤਰ੍ਹਾਂ ਕੋਈ ਜ਼ਿੰਦਗੀ ਨੂੰ ਕਲਾ ਦੱਸਦਾ ਹੈ ,ਕੋਈ ਤਪੱਸਿਆ ,ਕੋਈ ਜਿੰਦਗੀ ਨੂੰ ਜੱਦੋ- ਜਹਿਦ ਦੱਸਦਾ ਹੈ ਅਤੇ ਕੋਈ ਸਫ਼ਰ ਦਾ ਨਾਂ ਦਿੰਦਾ ਹੈ। ਕੋਈ ਜ਼ਿੰਦਗੀ ਨੂੰ ਗਲ਼ ਪਏ ਢੋਲ ਨੂੰ ਵਜਾਉਣਾ ਕਹਿੰਦਾ ਹੈ, ਕੋਈ ਇਸ ਨੂੰ ਜ਼ਿੰਦਾਦਿਲੀ ਵਜੋਂ ਸਨਮਾਨਦਾ ਹੈ। ਕੋਈ ਕਰਮਾਂ ਦਾ ਫਲ਼, ਕੋਈ ਕੰਡਿਆਂ ਦੀ ਸੇਜ। ਗੱਲ ਕੀ, ਅਣਗਿਣਤ ਧਾਰਨਾਵਾਂ ਹਨ ਜ਼ਿੰਦਗੀ ਦੇ ਸਬੰਧ ਵਿਚ। ਫਿਰ ਵੀ ਮਨੁੱਖ ਦੇ ਜਨਮ ਤੋਂ ਲੈ ਕੇ ਮਰਣ ਦੇ ਵਿਚਕਾਰ , ਬਚਪਨ ਤੋਂ ਜਵਾਨੀ , ਜਵਾਨੀ ਤੋਂ ਬੁਢਾਪਾ ਆਦਿ ਤਕ ਦਾ ਸਫ਼ਰ ਤੈਅ ਕਰਦਿਆਂ ਜਿਹੜਾ ਸਮਾਂ ਆ ਜਾਂਦਾ ਹੈ , ਓਹੀ ਜ਼ਿੰਦਗੀ ਹੈ।
ਜ਼ਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ 'ਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਜ਼ਿੰਦਗੀ ਨਾਂ ਹੈ ਦੁੱਖਾਂ ਅਤੇ ਸੁੱਖਾਂ ਦਾ , ਪਿਆਰ ਅਤੇ ਤਕਰਾਰ ਦਾ , ਦੋਸਤੀ ਅਤੇ ਚਾਹਤ ਦਾ , ਖੁਸ਼ੀਆਂ ਅਤੇ ਗ਼ਮੀਆਂ ਦਾ, ਪਾਉਣ ਅਤੇ ਗਵਾਉਣ ਦਾ, ਰੁੱਸਣ ਅਤੇ ਮਨਾਉਣ ਦਾ , ਆਸ਼ਾ ਅਤੇ ਨਿਰਾਸ਼ਾ ਦਾ ਇਕ ਸੰਗਮ ਹੈ।
ਵੱਖ-ਵੱਖ ਵਿਦਵਾਨਾਂ ਦੇ ਜ਼ਿੰਦਗੀ ਬਾਰੇ ਵੱਖੋ-ਵੱਖਰੇ ਮੱਤ ਹਨ।
– ਅੰਗਰੇਜ਼ੀ ਕਵੀ ਵਿਲੀਅਮ ਸ਼ੇਕਸਪੀਅਰ ਅਨੁਸਾਰ ,” ਜ਼ਿੰਦਗੀ ਇਕ ਰੰਗਮੰਚ ਹੈ ਜਿੱਥੇ ਹਰ ਕੋਈ ਆਪਣਾ ਰੋਲ ਨਿਭਾਅ ਕੇ ਚਲਿਆ ਜਾਂਦਾ ਹੈ।”
– ਨਿਊ ਰਿਟੀਅਸ ਅਨੁਸਾਰ ਜ਼ਿੰਦਗੀ ਹਨੇਰੇ 'ਚ ਜੱਦੋ-ਜਹਿਦ ਹੈ।
– ਗੋਰਕੀ ਅਨੁਸਾਰ ਜੀਵਨ ਚਾਬੁਕ ਮਾਰ ਕੇ ਚਲਾਉਣ ਵਾਲਾ ਘੋੜਾ ਨਹੀਂ ਹੈ।
– ਜੇਏਲਰ ਅਨੁਸਾਰ ਜੀਵਨ ਇਕ ਬਾਜੀ ਵਾਂਗ ਹੈ, ਹਾਰ ਜਿੱਤ ਤਾਂ ਸਾਡੇ ਹੱਥ 'ਚ ਨਹੀਂ ਪਰ ਬਾਜ਼ੀ ਖੇਡਣਾ ਤਾਂ ਸਾਡੇ ਹੱਥ 'ਚ ਹੈ।
– ਡਾਕਟਰ ਰਾਧਾ ਕ੍ਰਿਸ਼ਨਨ ਨੇ ਇਕ ਥਾਂ ਲਿਖਿਆ ਹੈ ਕਿ ਜਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਗ ਹੈ । ਕਿਸੇ ਨੂੰ ਯੱਕੇ, ਬੇਗੀਆਂ ਅਤੇ ਬਾਦਸ਼ਾਹ ਵਰਗੇ ਭਾਰੀ ਪੱਤੇ ਆ ਜਾਂਦੇ ਹਨ ਅਤੇ ਕਿਸੇ ਨੂੰ ਕੇਵਲ ਦੁੱਕੀਆਂ-ਤਿੱਕੀਆਂ ਹੀ ਆਉਂਦੀਆਂ ਹਨ। ਖੇਡਣ ਵਾਲੇ ਨੇ ਆਪਣੇ ਪੱਤਿਆਂ ਨਾਲ ਖੇਡਣਾ ਹੁੰਦਾ ਹੈ। ਵਧੀਆ ਖਿਡਾਰੀ ਓਹੀ ਗਿਣਿਆ ਜਾਂਦਾ ਹੈ ਜੋ , ਜਿਹੜੇ ਵੀ ਪੱਤੇ ਉਸ ਦੇ ਹਿੱਸੇ ਆਏ ਹਨ , ਉਨ੍ਹਾਂ ਨਾਲ ਸਿਆਣਪ ਨਾਲ ਖੇਡੇ। ਕਈ ਵਾਰ ਬਾਦਸ਼ਾਹ ਨੂੰ ਵੀ ਦੁੱਕੀਆਂ ਦੀ ਈਨ ਮੰਨਣੀ ਪੈਂਦੀ ਹੈ।
ਮਨੋਵਿਗਿਆਨੀਆਂ ਨੇ ਵੀ ਵਿਗਿਆਨਿਕ ਆਧਾਰ 'ਤੇ ਤਜਰਬੇ ਕਰਕੇ ਵਾਰ-ਵਾਰ ਸਿੱਧ ਕੀਤਾ ਹੈ ਸਕਾਰਾਤਮਕ ਸੋਚ, ਮਿਹਨਤ, ਪ੍ਰਤੀਬੱਧਤਾ, ਲਗਨ, ਦ੍ਰਿੜ੍ਹ ਵਿਸ਼ਵਾਸ ਦੇ ਸਾਹਮਣੇ ਸਾਰੀਆਂ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ।
ਕਿਸੇ ਸ਼ਾਇਰ ਨੇ ਕਿੰਨਾ ਖੂਬ ਲਿਖਿਆ ਹੈ :
ਖੁਦੀ ਕੋ ਕਰ ਬੁਲੰਦ ਇਤਨਾ,
ਕਿ ਹਰ ਤਕਦੀਰ ਲਿਖਣੇ ਸੇ ਪਹਿਲੇ
ਖੁਦਾ ਬੰਦੇ ਸੇ ਪੁਛੇ
ਬਤਾ ਤੇਰੀ ਰਜਾ ਕਿਆ ਹੈ।
ਜ਼ਿੰਦਗੀ ਜਿਉਣਾ ਵੀ ਇਕ ਕਲਾ ਹੈ , ਕਲਾ ਹੀ ਨਹੀਂ ਸਗੋਂ ਇਕ ਤਪੱਸਿਆ ਹੈ । ਜੀਵਨ ਅੱਗੇ ਵਧਣ ਦਾ ਸਿਧਾਂਤ ਹੈ , ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਉਣਾ ਹੋਰ ਗੱਲ ਹੈ ਅਤੇ ਭੋਗਣਾ ਹੋਰ। ਜ਼ਿੰਦਗੀ ਜਿਊਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ ਇਸ ਵਿਚ ਰੰਗ ਭਰਦੇ ਹਨ। ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ। ਕਦੇ ਰੁਆਉਂਦੀ, ਕਦੇ ਹੱਸਾਉਂਦੀ ਹੈ। ਉਹ ਜ਼ਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ। ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲ਼ਾ ਕਹਿੰਦੇ ਰਹਿੰਦੇ ਹਨ।
ਜ਼ਿੰਦਗੀ ਵਿਚ ਦੁੱਖ ਸੁੱਖ ਨਾਲ-ਨਾਲ ਚਲਦੇ ਹਨ। ਦੁੱਖਾਂ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਇਕ ਵਾਰ ਕਿਸੇ ਬੰਦੇ ਨੇ ਇਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ,
”ਇਹ ਸਮਾਂ ਵੀ ਗੁਜ਼ਰ ਜਾਵੇਗਾ।”
ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ 'ਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ 'ਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ-ਨਾਲ ਚਲਦਾ ਹੈ। ਗੁਰਬਾਣੀ 'ਚ ਵੀ ਲਿਖਿਆ ਹੈ ਕਿ" ਦੁਖ ਸੁਖ ਦੋਹਿ ਦਰ ਕੱਪੜੇ ਪਹਿਰੇ ਜਾਏਂ ਮਨੁੱਖ"। ਫੁੱਲਾਂ ਦੀ ਹੋਂਦ ਵੀ ਕੰਡਿਆਂ ਕਰਕੇ ਹੀ ਹੁੰਦੀ ਹੈ।
ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ, ਪਰ ਸੁਧਾਰਨਾ ਨਹੀਂ। ਇੱਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ। ਜ਼ਿੰਦਗੀ ਭਾਵੇਂ ਥੋੜੀ ਹੀ ਕਿਉਂ ਨਾ ਹੋਵੇ, ਪਰ ਚੰਗੀ ਹੋਣੀ ਚਾਹੀਦੀ ਹੈ। ਅਖੇ
ਦੋ ਪੈਰ ਘੱਟ ਤੁਰਨਾ ,
ਪਰ ਤੁਰਨਾ ਮੜਕ ਦੇ ਨਾਲ।
ਦੋ ਦਿਨ ਘੱਟ ਜੀਵਣਾ,
ਪਰ ਜੀਵਣਾ ਮੜਕ ਦੇ ਨਾਲ।
ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਦੁੱਖ ਅਤੇ ਸੁੱਖ ਜ਼ਿੰਦਗੀ ਵਿਚ ਨਾਲ-ਨਾਲ ਚਲਦੇ ਹਨ। ਪਰ ਜ਼ਿੰਦਗੀ ਨੂੰ ਵਧੀਆ-ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ । ਕਈ ਲੋਕ ਛੋਟੀਆਂ ਛੋਟੀਆਂ ਗੱਲਾਂ 'ਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ। ਜੋ ਕੁੱਝ ਕੋਲ ਮੌਜੂਦ ਹੈ, ਉਸ ਨੂੰ ਮਾਨਣ ਦੀ ਥਾਂ, ਜੋ ਕੋਲ ਨਹੀਂ , ਉਸ ਦਾ ਰੋਣਾ ਰੋਂਦੇ ਰਹਿੰਦੇ ਹਨ। ਵਕਤ ਅਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਗੌਰਤਲਬ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ 'ਚ ਸਫ਼ਲ ਹੋਣ ਦੀ ਲੋਚਾ ਰੱਖਦਾ ਹੈ। ਕੋਈ ਬੰਦਾ ਅਸਫ਼ਲ ਨਹੀਂ ਹੋਣਾ ਚਾਹੁੰਦਾ। ਕਈ ਲੋਕ ਜ਼ਿੰਦਗੀ 'ਚ ਸਫ਼ਲਤਾ ਦੀਆਂ ਕਹਾਣੀਆਂ ਸਿਰਜ ਜਾਂਦੇ ਹਨ ਅਤੇ ਕਈ ਹੱਥ ਮਲਦੇ ਰਹਿ ਜਾਂਦੇ ਹਨ। ਕਈਆਂ ਦੇ ਦਰਵਾਜੇ 'ਤੇ ਸਫ਼ਲਤਾ ਵਾਰ-ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ। ਕਈ ਲੋਕਾਂ ਨਾਲ ਸਫਲਤਾ ਪਰਛਾਵਾਂ ਬਣ ਕੇ ਚਲਦੀ ਹੈ ਅਤੇ ਕਈਆਂ ਨੂੰ ਸਫ਼ਲਤਾ ਖੁਆਬਾਂ 'ਚ ਵੀ ਨਸੀਬ ਨਹੀਂ ਹੁੰਦੀ। ਅਜਿਹੀ ਸਥਿਤੀ 'ਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।
ਜੇਕਰ ਅਸੀਂ ਅਸਫ਼ਲ ਵੀ ਹੁੰਦੇ ਹਾਂ ਤਾਂ ਸਾਨੂੰ ਇਸ ਨੂੰ ਵੀ ਸਕਾਰਾਤਮਕ ਪੱਖ ਤੋਂ ਕਬੂਲਣਾ ਚਾਹੀਦਾ ਹੈ। ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਯਤਨ ਨਹੀਂ ਛੱਡਣੇ ਚਾਹੀਦੇ । ਜੇਕਰ ਅਸੀਂ ਅਸਫ਼ਲ ਵੀ ਰਹਿੰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁੱਝ ਵੀ ਪ੍ਰਾਪਤ ਨਹੀਂ ਕੀਤਾ। ਇਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਮੰਜ਼ਿਲ ਪ੍ਰਾਪਤੀ ਤੋਂ ਕਿੰਨੀ ਦੂਰ ਹਾਂ। ਜਿੰਨੇ ਕਦਮ ਅਸੀਂ ਸਫ਼ਲਤਾ ਵੱਲ ਜਾਣ ਨੂੰ ਪੁੱਟੇ ਹਨ , ਉਹ ਆਉਣ ਵਾਲੇ ਸਮੇਂ 'ਚ ਸਾਡੀ ਬਣਨ ਵਾਲੀ ਸਫ਼ਲਤਾ ਦੀਆਂ ਨੀਹਾਂ 'ਚ ਇੱਟਾਂ ਦਾ ਕੰਮ ਕਰਨਗੇ। ਇਸ ਲਈ ਹਿੰਮਤ ਦਾ ਪੱਲਾ ਕਦੇ ਨਾ ਛੱਡੋ ।
ਹਾਸ਼ਮ ਫਤਿਹ ਨਸੀਬ ਓਹਨਾ ,
ਜਿਨ੍ਹਾਂ ਹਿੰਮਤ ਯਾਰ ਬਣਾਈ ।
ਜ਼ਿੰਦਗੀ ਇਕ ਅਮਲੀ ਜਾਮਾ ਹੈ। ਇਕ ਰੰਗਮੰਚ ਹੈ। ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ 'ਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ । ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ।
ਇੰਨੀ ਸ਼ਿੱਦਤ ਨਾਲ ਨਿਭਾਓ
ਜਿੰਦਗੀ ਦਾ ਕਿਰਦਾਰ ,
ਕਿ ਪਰਦਾ ਡਿੱਗਣ ਤੋਂ ਬਾਅਦ
ਵੀ ਵਜਦੀਆਂ ਰਹਿਣ ਤਾੜੀਆਂ।
ਪੈਸੇ ਨਾਲ ਕਦੇ ਵੀ ਜ਼ਿਦਗੀ ਦੀਆਂ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਮੈਂ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖਾ ਸੌਣ ਵਾਲਿਆਂ ਨੂੰ "ਜ਼ਿੰਦਗੀ ਜ਼ਿੰਦਾਬਾਦ" ਕਹਿੰਦੇ ਸੁਣਿਆ ਹੈ। ਆਉ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ ਤਾਂ ਕਿ ਅਸੀਂ ਵੀ ਕਹਿ ਸਕੀਏ "ਜ਼ਿੰਦਗੀ ਜ਼ਿੰਦਾਬਾਦ ਵੀ ਹੈ।"
ਕੁਲਦੀਪ ਸਿੰਘ ਰਾਮਨਗਰ
ਅੰਤਰਰਾਸ਼ਟਰੀ ਬਾਲੜੀ ਦਿਵਸ ’ਤੇ ਵਿਸ਼ੇਸ਼ : ‘ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ’
NEXT STORY