ਯੂ ਆਰ ਵੈਰੀ ਮੱਚ ਕਲੋਜ਼ ਟੂ ਮਾਈ ਹਾਰਟ... ਯੂ ਆਰ ਮਾਈ ਨੀਅਰੈਸਟ ਫਰੈਂਡ.....“।ਚੱਲ ਰਹੇ ਵਿਆਹ ਵਿੱਚ ਉਸ ਨੇ ਮੈਨੂੰ ਇੱਕ ਪਾਸੇ ਲਿਜਾ ਕੇ ਮੇਰੇ ਹੱਥਾਂ ਵਿੱਚ ਇੱਕ ਤੋਹਫ਼ਾ ਥਮਾਉਂਦਿਆਂ ਹੋਇਆ ਇਹ ਸ਼ਬਦ ਕਹੇ ।ਮੇਰੀ ਹੈਰਾਨੀ ਦੀਆਂ ਸਾਰੀਆਂ ਹੱਦਾਂ ਖਤਮ ਹੋ ਗਈਆਂ ਸਨ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਹਿ ਰਹੀ ਸੀ। ਅਸੀਂ ਤਿੰਨ ਚਾਰ ਸਾਲ ਇੱਕੋ ਦਫ਼ਤਰ ਵਿੱਚ ਹੀ ਕੰਮ ਕੀਤਾ ਸੀ ਪਰ ਮੈਨੂੰ ਉਸ ਦੇ ਵਿਵਹਾਰ ਤੋਂ ਇਸ ਤਰ੍ਹਾਂ ਕਦੀ ਵੀ ਮਹਿਸੂਸ ਨਹੀਂ ਸੀ ਹੋਇਆ। ਸਾਰੇ ਦਫਤਰ ਨੂੰ ਪਤਾ ਸੀ ਕਿ ਉਸ ਦਾ ਪ੍ਰੇਮ ਵਿਆਹ ਹੋਇਆ ਹੈ ।ਪਰ ਫਿਰ ਵੀ ਅਜਿਹੇ ਸ਼ਬਦ ਕਿਸੇ ਔਰਤ ਦੇ ਦੁਆਰਾ ਕਹੇ ਜਾਣ ਅਤੇ ਮਰਦ ਦੁਆਰਾ ਉਨ੍ਹਾਂ ਨੂੰ ਪਚਾਉਣਾ ਸੌਖਾ ਨਹੀਂ ਹੁੰਦਾ ।ਉਹ ਸੀਰਤ ਅਤੇ ਸੂਰਤ ਤੋਂ ਇੱਕ ਰੱਬ ਹੀ ਲੱਗਦੀ ਸੀ ।ਮੇਰੀ ਬਦਲੀ ਹੋਣ ਤੋਂ ਬਾਅਦ ਵਿੱਚ ਸਾਡੀ ਸਾਂਝ, ਸਾਡੀ ਦੋਸਤੀ ਬਹੁਤ ਜ਼ਿਆਦਾ ਗੂੜ੍ਹੀ ਹੋ ਗਈ ਸੀ। ਉਸ ਨੇ ਸਾਰੇ ਸਮਾਜ ਨਾਲ ਲੜ ਕੇ ਅੰਤਰ ਧਰਮ ਵਿਆਹ ਕਰਵਾਇਆ ਸੀ ਇਸ ਲਈ ਮੈਂ ਉਸ ਨੂੰ ਕਾਫੀ ਦਲੇਰ ਕੁੜੀ ਸਮਝਦਾ ਸੀ । ਦੁੱਖਾਂ ਦੇ ਗੜੇ ਅਤੇ ਪੀੜਾਂ ਦੀਆਂ ਕਣੀਆਂ ਉਸਦੀ ਝੋਲੀ ਵਿੱਚ ਉਸ ਵੇਲੇ ਆਣ ਪਈਆਂ ਸਨ ਜਦੋਂ ਉਸ ਦੇ ਪਤੀ ਨੇ ਧਰਮ ਦੇ ਆਧਾਰ ਤੇ ਉਸ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ।ਉਹ ਵੀ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸੀ ਪਰ ਉਹ ਪਤੀ ਵਾਂਗ ਕੱਟੜ ਨਹੀਂ ਸੀ ।ਉਸ ਨੇ ਤਾਂ ਆਪਣੇ ਅਨੁਸਾਰ ਦੁਨੀਆਂ ਦਾ ਬਿਹਤਰੀਨ ਪਤੀ ਚੁਣਿਆ ਸੀ । ਉਸ ਦਾ ਪਤੀ ਹੁਣ ਉਸ ਨੂੰ ਨਿੱਕੇ ਨਿੱਕੇ ਕੰਮਾਂ ਕਰਕੇ ਵੀ ਬਹੁਤ ਤੰਗ ਕਰ ਰਿਹਾ ਸੀ ।ਰਸੋਈ ਦੇ ਕੰਮਾਂ ਵਿੱਚ ਨੁਕਸ ਕੱਢਣਾ, ਪਹਿਰਾਵੇ ਵਿੱਚ ਨੁਕਸ ਕੱਢਣਾ,ਦਫ਼ਤਰ ਦੇ ਸਾਥੀਆਂ ਨਾਲ ਗੱਲ ਕਰਨ ਤੋਂ ਰੋਕਣਾ, ਫੋਨ ਕਰਨ ਤੋਂ ਰੋਕਣਾ, ਭੈਣਾਂ ਭਰਾਵਾਂ ਨਾਲ ਗੱਲ ਕਰਨ ਤੋਂ ਰੋਕਣਾ ।ਉਸ ਵੇਲੇ ਉਸ ਉੱਪਰ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਸੀ ਜਦੋਂ ਉਸ ਦੇ ਪਤੀ ਨੇ ਇਹ ਕਿਹਾ ਸੀ ਕਿ ਜੇ ਤੂੰ ਆਪਣੇ ਮਾਪਿਆਂ ਦੀ ਵਫ਼ਾਦਾਰ ਨਹੀਂ ਹੋਈ ਤਾਂ ਮੇਰੀ ਕਿਵੇਂ ਹੋ ਸਕਦੀ ਹੈਂ । ਮੈਂ ਉਸ ਦਾ ਇੱਕ ਮਾਨਸਿਕ ਸਹਾਰਾ ਸਾਂ। ਇਸ ਲਈ ਉਹ ਹਰ ਇੱਕ ਦੁੱਖ ਸੁੱਖ ਮੇਰੇ ਨਾਲ ਸਾਂਝਾ ਕਰ ਰਹੀ ਸੀ।ਹੁਣ ਉਹ ਉਸ ਨੂੰ ਛੱਡਣਾ ਤਾਂ ਚਾਹੁੰਦੀ ਸੀ ਪਰ ਇਸ ਕਰਕੇ ਛੱਡ ਨਹੀਂ ਸੀ ਸਕਦੀ ਕਿਉਂਕਿ ਉਸ ਨੇ ਉਸ ਨੂੰ ਪੂਰੇ ਸਮਾਜ ਨਾਲ ਲੜ ਕੇ ਪ੍ਰਾਪਤ ਕੀਤਾ ਸੀ । ਮੈਂ ਹਰ ਹੀਲੇ ਉਸ ਦੇ ਪਤੀ ਨਾਲ ਨੇੜਤਾ ਵਧਾਉਣੀ ਚਾਹੁੰਦਾ ਸੀ ਪਰ ਉਸ ਨੇ ਮੈਨੂੰ ਰੋਕ ਰੱਖਿਆ ਸੀ । ਅਚਾਨਕ ਬਾਜ਼ਾਰ ਵਿੱਚ ਉਸ ਦੇ ਪਤੀ ਨਾਲ ਟਾਕਰਾ ਹੋਣ ਤੋਂ ਬਾਅਦ ਵਿੱਚ ਮੈਂ ਉਸ ਦਾ ਫੋਨ ਨੰਬਰ ਪ੍ਰਾਪਤ ਕਰ ਲਿਆ । ਮੈਂ ਉਸ ਨੂੰ ਧਾਰਮਿਕ ਕੱਟੜਤਾ ਤੋਂ ਉੱਪਰ ਉੱਠਣ ਲਈ ਕਾਫੀ ਪ੍ਰੇਰਿਆ ।ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਜਿਵੇਂ ਘਰ ਦੀ ਸਾਰੀ ਗੱਲ ਬਾਹਰ ਨਿਕਲ ਗਈ ਹੈ ।ਮੇਰੀ ਦੋਸਤ ਵੀਡੀਓ ਕਾਲ ਰਾਹੀਂ ਮੇਰੇ ਨਾਲ ਬਹੁਤ ਰੋ ਰਹੀ ਸੀ ਅਤੇ ਉਸ ਦੇ ਚਿਹਰੇ ਉੱਤੇ ਪਏ ਸੱਟਾਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਸਨ।ਉਸ ਦੇ ਤਨ ਅਤੇ ਹਿਰਦੇ ਉੱਤੇ ਲੱਗੀਆਂ ਹੋਈਆਂ ਸੱਟਾਂ ਨੂੰ ਮੈਂ ਪੂਰੀ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਸਾਂ। ਉਹ ਜ਼ਾਰੋ ਜ਼ਾਰ ਰੋ ਰਹੀ ਸੀ,“....ਤੁਸੀਂ ਹੁਣ ਉਸ ਨੂੰ ਬਿਲਕੁਲ ਫੋਨ ਨਹੀਂ ਕਰੋਗੇ... ਉਹ ਤੁਹਾਡੇ ਨਾਲ ਬਹੁਤ ਗੁੱਸੇ ਹੋ ਗਿਆ ਹੈ... ਉਸ ਨੂੰ ਲੱਗਦਾ ਹੈ ਜਿਵੇਂ ਤੁਸੀਂ ਉਸ ਦਾ ਧਾਰਮਿਕ ਕਤਲ ਕਰ ਰਹੇ ਹੋ ...ਤੁਸੀਂ ਅੱਜ ਤੋਂ ਬਾਅਦ ਵਿੱਚ ਮੈਨੂੰ ਵੀ ਫੋਨ ਨਹੀਂ ਕਰੋਗੇ.... ਮੈਂ ਵੀ ਤੁਹਾਨੂੰ ਫ਼ੋਨ ਨਹੀਂ ਕਰਾਂਗੀ... ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਹਾਡੀ ਅਤੇ ਮੇਰੀ ਦੋਸਤੀ ਨੇ ਮੇਰਾ ਵਸਦਾ ਰਸਦਾ ਘਰ ਉਜਾੜ ਦੇਣਾ ਹੈ ...ਮੇਰੀ ਤੁਹਾਡੀ ਦੋਸਤੀ ਅੱਜ ਤੋਂ ਖਤਮ ...“। ਉਹ ਜਾਰੋ ਜਾਰ ਰੋ ਰਹੀ ਸੀ ।ਦਫ਼ਤਰ ਵਿੱਚ ਲੱਗੇ ਪਿੱਪਲਾਂ ਅਤੇ ਬੋਹੜਾਂ ਦੇ ਟਾਹਣ ਵੀ ਉਸ ਨਾਲ ਰੋ ਰਹੇ ਸਨ ।ਉਹ ਫੋਨ ਨਹੀਂ ਸੀ ਕੱਟ ਰਹੀ।ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੇਰੀ ਦੋਸਤੀ ਦਾ ਕਤਲ ਕਰਕੇ ਉਹ ਕਿਹੜੇ ਵਸਦੇ ਰਸਦੇ ਘਰ ਦੇ ਉੱਜੜ ਜਾਣ ਤੋਂ ਡਰ ਰਹੀ ਸੀ, ਘਰ ਤਾਂ ਸ਼ਾਇਦ ਰੋਜ਼ ਉੱਜੜ ਰਿਹਾ ਸੀ ਅਤੇ ਪਹਿਲਾਂ ਹੀ ਉੱਜੜ ਚੁੱਕਾ ਸੀ । ਸਮਝ ਨਹੀਂ ਸੀ ਆ ਰਹੀ ਕਿ ਧਰਮਾਂ ਦਾ ਸੱਪ ਕਦੋਂ ਤੱਕ ਮੁਹੱਬਤ ਨੂੰ ਡੰਗਦਾ ਰਹੇਗਾ ਅਤੇ ਇਸ ਦਾ ਕਤਲ ਕਰਦਾ ਰਹੇਗਾ ।
ਭੁਪਿੰਦਰ ਸਿੰਘ ਪੰਛੀ
ਫੋਨ ਨੰਬਰ---9855991056
ਟੀਕੇ (ਮਿੰਨੀ ਕਹਾਣੀ)
NEXT STORY