ਬਚਪਨ ਚ' ਜਦੋਂ ਕਦੀ ਮੈਨੂੰ ਸਾਹ \ ਵੱਖੀਆਂ ਹੋ ਜਾਣੀਆਂ (ਅਰਥਾਤ ਛਾਤੀ ਵਿਚ ਬਲਗਮ ਜੰਮ ਜਾਣੀ ) ਤਾਂ ਮੇਰੀ ਬੀਬੀ (ਮਾਤਾ) ਨੇ ਡਾਕਟਰ ਛੱਜੂ ਜਾਂ ਫਿਰ ਸ਼ੀਸ਼ ਮਹਿਲ ਦੇ ਨੇੜੇ ਦਿਯਾਕਿਸ਼ਨ ਦੇ ਹਸਪਤਾਲ 'ਚੋਂ ਦਵਾਈ ਲਿਆ ਕੇ ਦੇਣੀ ਤੇ ਮੇਰੀ ਆਪਾ ਨੇ ਮਸੀਤ ਵਾਲੇ ਮੌਲਵੀ ਕੋਲੋਂ ਹੱਥੋਲਾ ਕਰਵਾ ਕੇ ਲਿਆਉਣਾ। ਮੁਸਲਿਮ ਪਰਿਵਾਰਾਂ ਚ' ਵੱਡੀਆਂ ਭੈਣਾਂ ਨੂੰ ਆਪਾ ਆਖਦੇ ਨੇ । ਮੇਰੀ ਆਪਾ ਸਾਡੇ ਸਾਰੇ ਭੈਣ ਭਰਾਵਾਂ 'ਚੋਂ ਵੱਡੇ ਸਨ । ਆਪਾ ਦਾ ਸਾਡੇ ਸਾਰੇ ਭੈਣ ਭਰਾਵਾਂ 'ਤੇ ਇੱਕ ਥਾਣੇਦਾਰ ਜਿੰਨਾ ਰੋਅਬ ਹੁੰਦਾ ਤੇ ਅੱਜ ਵੀ ਹੈ । ਇਹੋ ਵਜ੍ਹਾ ਹੈ ਕਿ ਅਸੀਂ ਸਾਰੇ ਭੈਣ ਭਰਾ ਬਚਪਨ ਵਿੱਚ ਆਪਾ ਦੇ ਡਰੋਂ ਗ਼ਲਤੀ ਨਾਲ ਵੀ ਗ਼ਲਤੀ ਨਹੀਂ ਸਾਂ ਕਰਦੇ। ਮੈਨੂੰ ਆਪਾ ਕਦੇ ਵੀ ਕੁੱਝ ਨਹੀਂ ਸਨ ਆਖਦੇ, ਸ਼ਾਇਦ ਇਸ ਲਈ ਕਿ ਮੈਂ ਪਰਿਵਾਰ 'ਚ ਸੱਭ ਤੋਂ ਛੋਟਾ ਸਾਂ ਮੈਨੂੰ ਆਪਾ ਤੇ ਮੈਂ ਆਪਾ ਨੂੰ ਬਹੁਤ ਪਿਆਰੇ ਸਾਂ।
ਆਪਾ ਦੀ ਕਾਬਲੀਅਤ ਅਤੇ ਲਿਆਕਤ
ਆਪਾ ਜਿੰਨਾ ਸਫ਼ਾਈ ਪਸੰਦ ਮੈਂ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਹੋਰ ਨੂੰ ਨਈਂ ਵੇਖਿਆ। ਸਾਡੀਆਂ ਬੈਠਕਾਂ ਵਿਚਕਾਰਲੇ ਵਰਾਂਡੇ ਵਾਲੇ ਫਰਸ਼ ਨੂੰ ਆਪਾ ਪਾਣੀ ਵਹਾਅ-2 ਇੰਨਾ ਧੋਂਦੇ ਕਿ ਫਰਸ਼ ਦੀਆਂ ਇੱਟਾਂ ਦਾ ਰੰਗ ਸੁਰਖ ਹੋ ਜਾਂਦਾ ।(ਜ਼ਿਕਰਯੋਗ ਹੈ ਕਿ ਉਦੋਂ ਸਮਰਸੀਬਲ ਜਾਂ ਸਰਕਾਰੀ ਪਾਣੀ ਵਾਲੀਆਂ ਟੂਟੀਆਂ ਨਹੀਂ ਸਨ ਹੁੰਦੀਆਂ ਆਮ ਘਰਾਂ ਵਿਚ ਪਾਣੀ ਹੈਂਡ ਪੰਪ ਵਾਲੇ ਨਲਕੇ ਰਾਹੀਂ ਕੱਢਿਆ ਜਾਂਦਾ ਸੀ) ਆਪਾ ਇਕ ਸ਼ਾਨਦਾਰ ਦਰਜਨ ਸੀ ਤੇ ਅਕਸਰ ਬਾਜ਼ਾਰ ਦੇ ਟੇਲਰ ਲੈਡੀਜ ਸੂਟ ਸਿਲਾਈ ਲਈ ਉਨ੍ਹਾਂ ਪਾਸ ਭੇਜਦੇ। ਇਸ ਦੇ ਨਾਲ ਹੀ ਆਪਾ ਇਕ ਵਧੀਆ ਕੁੱਕ ਵੀ ਸੀ, ਹਰ ਪਕਵਾਨ ਉਹ ਬਹੁਤ ਰੀਝ ਨਾਲ ਬਣਾਉਂਦੀ। ਦਰੀਆਂ ਉਹ ਬੜੇ ਕਮਾਲ ਦੇ ਡਿਜ਼ਾਇਨਾਂ ਵਾਲੀਆਂ ਬਣਾਉਂਦੀ। ਦਰਅਸਲ ਘਰ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਸਿਖਾਉਣ ਦੇ ਲਾਲਚ ਵਸ ਹੀ ਬੀਬੀ ਨੇ ਉਸ ਨੂੰ ਸਕੂਲੋਂ ਹਟਾ ਲਿਆ ਸੀ ਜਦੋਂ ਉਹ ਪੰਜਵੀਂ ਜਮਾਤ ਵਿੱਚ ਸੀ। ਪੜ੍ਹਾਈ 'ਚ ਆਪਾ ਬਹੁਤ ਹੁਸ਼ਿਆਰ ਸੀ। ਕਹਿੰਦੇ ਇਕ ਸਾਲ 'ਚ ਦੋ ਜਮਾਤਾਂ ਪਾਸ ਕੀਤੀਆਂ ਸਨ ਉਸਨੇ । ਆਪਾ ਦੀ ਮੈਡਮ (ਜਿਸ ਦੀ ਪਿੱਛੇ ਜਿਹੇ ਹੀ ਮੌਤ ਹੋਈ ਹੈ) ਵੀ ਉਸ ਦੇ ਲਾਇਕ ਹੋਣ ਦੀ ਗਵਾਹੀ ਭਰਦੀ ਨਹੀਂ ਸੀ ਥੱਕਦੀ। ਜਿਸ ਨੂੰ ਅਸੀਂ ਸਾਰੇ ਹੀ ਲਿਲੀ ਆਂਟੀ ਆਖਦੇ ਸਾਂ ਜੋ ਕਿ ਸਾਡੇ ਘਰ ਦੇ ਪਿੱਛੇ ਹੀ ਵਿਆਹ ਹੋਣ ਉਪਰੰਤ ਆ ਕੇ ਵਸ ਗਏ ਸਨ। ਉਹ ਆਪਾ ਦੀ ਕਾਬਲੀਅਤ ਅਤੇ ਲਿਆਕਤ ਦੀਆਂ ਅਕਸਰ ਤਾਰੀਫਾਂ ਕਰਦੀ । ਆਪਾ ਨੂੰ ਬੀਬੀ (ਮਾਤਾ ਜੋ ਨਹੀਂ ਰਹੇ ) ਤੋਂ ਇਹੋ ਸ਼ਿਕਵਾ ਰਿਹਾ ਜੋ ਅੱਜ ਵੀ ਹੈ ਕਿ ਉਸ ਨੂੰ ਪੜ੍ਹਨ ਤੋਂ ਹਟਾ ਕੇ ਮਾਂ ਨੇ ਉਸ ਸਮੇਂ ਇਕ ਵੱਡਾ ਧ੍ਰੋਹ ਕਮਾਇਆ ਸੀ । ਮਾਂ ਦੀਆਂ ਕੁੱਝ ਆਪਣੀਆਂ ਮਜਬੂਰੀਆਂ ਸਨ ਵੈਸੇ ਵੀ ਉਨ੍ਹਾਂ ਦਿਨਾਂ 'ਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਵਿਸ਼ੇਸ਼ ਕਰ ਮੁਸਲਿਮ ਭਾਈਚਾਰੇ ਵਿਚ ਤਾਂ ਨਾਂਹ ਦੇ ਬਰਾਬਰ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ
ਦਾਦੇ ਦਾ ਵਿਛੋੜਾ
ਮੈਂ ਆਪਣੇ ਦਾਦੇ ਨੂੰ ਨਹੀਂ ਵੇਖਿਆ। ਮੇਰੀ ਪੈਦਾਇਸ਼ ਉਨ੍ਹਾਂ ਦੀ ਮੌਤ ਤੋਂ ਕਈ ਸਾਲ ਬਾਅਦ ਹੋਈ ਪਰ ਅਕਸਰ ਦਾਦੇ ਦੇ ਮਿਲਣ ਜੁਲਣ ਵਾਲੇ ਤੇ ਨੇੜਲੇ ਰਿਸ਼ਤੇਦਾਰ ਆਖਦੇ ਨੇ ਕਿ ਦਾਦੇ ਦੇ ਜਿਉਂਦਿਆਂ ਘਰ 'ਚ ਦੌਲਤ ਦੀ ਖੂਬ ਰੇਲ-ਪੇਲ ਸੀ ਪਰ ਜਿਵੇਂ ਹੀ ਦਾਦਾ ਜੀ ਫੌਤ ਹੋਏ ਤਾਂ ਜਿਵੇਂ ਘਰ ਦੀਆਂ ਖੁਸ਼ੀਆਂ ਤੇ ਦੌਲਤ ਵੀ ਉਨ੍ਹਾਂ ਦੇ ਨਾਲ ਹੀ ਕਿਧਰੇ ਚਲੀ ਗਈ। ਦਰਅਸਲ ਗ਼ਰੀਬੀ - ਅਮੀਰੀ ਵੀ ਧੁੱਪ ਛਾਂ ਵਾਂਗ ਹੁੰਦੀ ਹੈ ਕਿਸੇ ਖ਼ਾਨਦਾਨ 'ਚ ਸਥਾਈ ਨਹੀਂ ਰਹਿੰਦੀ। ਦਾਦੇ ਨੇ ਜਿੱਥੇ ਗ਼ਰੀਬੀ ਦਾ ਦੌਰ ਵੇਖਿਆ ਉਥੇ ਹੀ ਉਨ੍ਹਾਂ ਆਰਥਿਕ ਪੱਖੋਂ ਖੁਸ਼ਹਾਲੀ ਵਾਲਾ ਜੀਵਨ ਵੀ ਬਿਤਾਇਆ।
ਦਾਦਾ ਜੀ ਨੂੰ ਜਾਨਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹ ਬਹੁਤ ਅਗਾਂਹ ਵਧੂ ਸੋਚ ਦੇ ਮਾਲਕ ਸਨ। ਪਰ ਦੂਜੇ ਪਾਸੇ ਮੇਰੇ ਅੱਬਾ ਪੁਰਾਣੇ ਖਿਆਲਾਂ ਦੇ ਮਾਲਿਕ ਸਨ ਤੇ ਅੱਜ ਵੀ ਉਹ ਉਹੀਓ ਪੁਰਾਣੀਆਂ ਰਵਾਇਤਾਂ 'ਤੇ ਪਹਿਰਾ ਦੇ ਰਹੇ ਹਨ।
ਕਹਿੰਦੇ ਨੇ ਦਾਦਾ ਜੀ ਨੇ ਆਪਣੇ ਸਮੇਂ ਦੌਰਾਨ ਕਹਿੰਦਾ ਕਹਾਉਂਦਾ ਘਰ ਬਣਵਾਇਆ ਸੀ। ਘਰ ਦੇ ਅੱਗੇ ਵੱਡਾ ਵਿਹੜਾ ਤੇ ਵਿਚਕਾਰ ਦੋ ਵੱਡੀਆਂ ਬੈਠਕਾਂ ਦੇ ਦਰਮਿਆਨ ਕਰੀਬ ਗਿਆਰਾਂ ਫੁੱਟ ਚੌੜਾ ਤੇ ਕਰੀਬ ਬਾਰਾਂ ਫੁੱਟ ਉੱਚਾ ਦਰਵਾਜ਼ਾ ਜਿਸ ਵਿਚੋਂ ਦੀ ਊਠ ਲੰਘ ਕੇ ਅੰਦਰਲੇ ਵਿਹੜੇ 'ਚ ਆਸਾਨੀ ਨਾਲ ਆ ਜਾਂਦੇ ਸਨ( ਦਰਅਸਲ ਸਾਡੇ ਵਡੇਰੇ ਊਠ ਰੱਖਿਆ ਕਰਦੇ ਸਨ ਇਸ ਲਈ ਸਾਡੇ ਪਰਿਵਾਰ ਨੂੰ ਅੱਜ ਵੀ ਊਠਾਂ ਆਲੇ ਆਖਦੇ ਹਨ) ਦਾਦੇ ਦੇ ਬਣਾਏ ਘਰ ਨੂੰ ਵੇਖਣ ਲਈ ਲੋਕੀ ਦੂਰੋਂ ਦੂਰੋਂ ਆਉਂਦੇ ਸਨ। ਪੈਰ ਭਾਵੇਂ ਦਾਦੇ ਦੇ ਵਿੰਗੇ ਸਨ ਪਰ ਲੇਖ ਬਹੁਤ ਸਿੱਧੇ ਲਿਖੇ ਸਨ ਰੱਬ ਨੇ ਉਨ੍ਹਾਂ ਦੇ । ਦਾਦਾ ਜੀ ਊਠਾਂ ਦੇ ਵੱਡੇ ਡਾਕਟਰ ਸਨ ਲੋੜ ਪੈਣ 'ਤੇ ਛੋਟੀ ਮੋਟੀ ਸਰਜਰੀ ਵੀ ਕਰ ਲੈਂਦੇ ਸਨ ਊਠਾਂ ਦੀ। ਆਪਣੇ ਬਿਮਾਰ ਊਠਾਂ ਦਾ ਇਲਾਜ ਕਰਵਾਉਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਸਨ ਉਨ੍ਹਾਂ ਪਾਸ, ਕਈ ਵਾਰ ਉਨ੍ਹਾਂ ਨੂੰ ਘਰੋਂ ਆਪਣੇ ਨਾਲ ਲੈ ਜਾਂਦੇ। ਮੁੱਖ ਕਿੱਤੇ ਵਜੋਂ ਦਾਦਾ ਤੇ ਅੱਬਾ ਲੱਕੜੀ ਦੀ ਟਾਲ ਕਰਦੇ ਸਨ ਅਤੇ ਸ਼ਹਿਰ ਅਤੇ ਪਿੰਡਾਂ ਵਿੱਚੋਂ ਖੜ੍ਹੇ ਦਰਖਤਾਂ ਨੂੰ ਖ਼ਰੀਦਦੇ ਫਿਰ ਉਸ ਦੀ ਕਟਾਈ ਕਰ ਆਰਾ ਮਸ਼ੀਨ ਤੇ ਬਾਲੇ 'ਤੇ ਫੱਟੇ ਚਰਾਣੇ । ਕਈ ਵਾਰ ਦਰਖਤਾਂ ਦੀਆਂ ਵੱਡੀਆਂ ਗੈਲੀਆਂ ਬਰਨਾਲਾ ਵਿਖੇ ਆਰਾ ਮਸ਼ੀਨਾਂ ਵਾਲਿਆਂ ਨੂੰ ਵੇਚ ਆਉਂਦੇ। ਇਸ ਤਰ੍ਹਾਂ ਦਾਦਾ ਜੀ ਦਾ ਇਕ ਵੱਡਾ ਕਾਰੋਬਾਰ ਸੀ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
ਜਦੋਂ ਘਰ ਆਈ 'ਬਿਜਲੀ' ਮੋੜੀ
ਅੱਬੇ ਅਤੇ ਦਾਦੇ ਦੀ ਸੋਚ ਦਾ ਫਰਕ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਦਾਦੇ ਨੇ ਨਵਾਂ ਘਰ ਪਾਇਆ ਤਾਂ ਉਨ੍ਹਾਂ ਫਿਟਿੰਗ ਲਈ ਬਿਜਲੀ ਦਾ ਸਾਮਾਨ ਮੰਗਵਾਇਆ ਤਾਂ ਅੱਬੇ ਨੇ ਇਹ ਕਹਿ ਕੇ ਬਿਜਲੀ ਦੀ ਫਿਟਿੰਗ ਨਾ ਹੋਣ ਦਿੱਤੀ ਕਿ ਕਰੰਟ ਲੱਗਣ ਨਾਲ ਘਰ 'ਚ ਕਿਸੇ ਜੀਅ ਦੀ ਜਾਨ ਜਾ ਸਕਦੀ ਹੈ। ਕਹਿੰਦੇ ਛੇ ਮਹੀਨੇ ਬਿਜਲੀ ਦਾ ਸਾਮਾਨ ਪਿਆ ਰਿਹਾ ਸੀ ਪਰ ਜਦੋਂ ਅੱਬੇ ਨੇ ਬਿਜਲੀ ਲੱਗਣ ਨਾ ਦਿੱਤੀ ਤਾਂ ਅਖੀਰ ਨਾ-ਚਾਹੁੰਦੇ ਹੋਏ ਵੀ ਸਾਰਾ ਸਾਮਾਨ ਦਾਦੇ ਨੂੰ ਸਾਵੇਂ ਚੁਕਾਉਣਾ ਪਿਆ ਸੀ। ਉਸ ਸਮੇਂ ਅਜਿਹਾ ਸਾਮਾਨ ਚੁਕਾਇਆ ਕਿ ਇਸ ਤੋਂ ਬਾਅਦ ਕਈ ਦਹਾਕਿਆਂ ਤੱਕ ਘਰ ਵਿਚ ਬਿਜਲੀ ਨਾ ਆਈ। ਇੱਥੋਂ ਤੱਕ ਕਿ ਮੈਂ ਆਪਣੀ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਦੀਵੇ ਤੇ ਲਾਲਟੈਣ ਦੀ ਰੌਸ਼ਨੀ ਵਿੱਚ ਹੀ ਪੂਰੀ ਕੀਤੀ।
ਮੁਕੱਦਮੇ ਬਾਜ਼ੀ
ਦਾਦੇ ਦੇ ਅਕਾਲ ਚਲਾਣੇ ਤੋਂ ਬਾਅਦ ਅੱਬਾ ਮੁਕੱਦਮਾ ਬਾਜ਼ੀ ਵਿੱਚ ਅਜਿਹੇ ਪਏ ਕਿ ਘਰ ਦਾ ਪਿੱਛਾ ਆ ਗਿਆ, ਵੈਸੇ ਸਿਆਣੇ ਸੱਚ ਆਖਦੇ ਨੇ ਕਿ ਕਚਹਿਰੀਆਂ, ਥਾਣੇ ਤੇ ਹਸਪਤਾਲਾਂ ਦੇ ਰਾਹ ਰੱਬ ਕਿਸੇ ਦੁਸ਼ਮਣ ਨੂੰ ਨਾ ਪਾਵੇ। ਅੱਬਾ ਦੇ ਮੁਕੱਦਮੇ ਬਾਜ਼ੀ 'ਚ ਪਏ ਹੋਣ ਕਾਰਨ ਦਾਦੇ ਦੁਆਰਾ ਸਥਾਪਿਤ ਲੱਕੜੀ ਦਾ ਵੱਡਾ ਕਾਰੋਬਾਰ ਤਬਾਹ ਹੋ ਗਿਆ ਸੀ ਤੇ ਜੋ ਨਕਦੀ ਸੀ ਉਹ ਸਾਰੀ ਵਕੀਲਾਂ ਦੀਆਂ ਫੀਸਾਂ ਚ ਚਲੀ ਗਈ। ਦਰਅਸਲ ਅੱਬਾ ਬਹੁਤ ਜਿੱਦੀ ਸਨ ਤੇ ਵਹਿਮੀ ਵੀ। ਉਨ੍ਹਾਂ ਨੂੰ ਜੇਕਰ ਵਕੀਲ 'ਤੇ ਥੋੜ੍ਹਾ ਜਿਹਾ ਵੀ ਸ਼ੱਕ ਹੁੰਦਾ ਤਾਂ ਉਹ ਝੱਟ ਬਦਲ ਦਿੰਦੇ। ਅਖੀਰ ਉਨ੍ਹਾਂ ਵਕੀਲਾਂ ਦੇ ਮੁਖਾਲਫ ਪਾਰਟੀਆਂ ਦੇ ਮਿਲਣ ਦੇ ਝੰਜਟ ਛੁਟਕਾਰਾ ਇਸ ਤਰ੍ਹਾਂ ਪਾਇਆ ਕਿ ਉਨ੍ਹਾਂ ਵਕੀਲ ਕਰਨੇ ਹੀ ਛੱਡ ਦਿੱਤੇ ਤੇ ਸੈਸ਼ਨ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਆਪਣੇ ਕੇਸ ਦੀ ਪੈਰਵੀ ਖ਼ੁਦ ਹੀ ਕਰਦੇ ਰਹੇ ਅਤੇ ਸਾਰੀਆਂ ਅਦਾਲਤਾਂ 'ਚੋਂ ਜਿੱਤ ਹਾਸਲ ਕੀਤੀ। ਪਰ ਇਸ ਦੌਰਾਨ ਘਰ ਦੀ ਆਰਥਿਕ ਹਾਲਤ ਲਗਾਤਾਰ ਨਿਘਰਦੀ ਰਹੀ। ਜਦੋਂ ਮੇਰੀ ਥੋੜ੍ਹੀ ਬਹੁਤ ਸੁਰਤ ਸੰਭਲੀ ਤਾਂ ਮੈਂ ਘਰ ਨੂੰ ਗ਼ਰੀਬੀ ਨਾਲ ਜੂਝਦੇ ਹੀ ਵੇਖਿਆ।
ਦੋ ਰੰਗ ਦੇ ਕੱਪੜੇ ਦਾ ਸ਼ਰਟ
ਮੈਨੂੰ ਯਾਦ ਹੈ ਕਿ ਜਦੋਂ ਵੀ ਈਦ ਦਾ ਤਿਉਹਾਰ ਆਉਂਦਾ ਤਾਂ ਸਾਨੂੰ ਸਾਰੇ ਆਂਢ ਗੁਆਂਢ ਦੇ ਬੱਚਿਆਂ ਨੂੰ ਡਾਢਾ ਚਾਅ ਹੋਣਾ ਤੇ ਅਕਸਰ ਅਸੀਂ ਈਦ-ਉਲ-ਫਿਤਰ ਅਰਥਾਤ ਰੋਜ਼ਿਆਂ ਤੋਂ ਬਾਅਦ ਆਉਣ ਵਾਲੀ ਈਦ ਦਾ ਚੰਦ ਵੇਖਣਾ ਤਾਂ ਸਾਰਿਆਂ ਨੇ ਈਦ ਦਾ ਚੰਦ ਵੇਖਣ ਉਪਰੰਤ ਇਹ ਵਾਕ ਗੀਤ ਦੇ ਬੋਲਾਂ ਵਾਂਗ ਗਾਉਂਦੇ ਫਿਰੀ ਜਾਣਾਂ ਕਿ " ਮੱਕਾ ਮਦੀਨਾ, ਮੱਕਾ ਸ਼ਰੀਫ ਅੱਜ ਚੰਦ ਚੜਿਆ ਕਾਲੂ ਈਦ " ਇਸੇ ਦੌਰਾਨ ਇੱਕ ਵਾਰ ਈਦ ਦਾ ਤਿਉਹਾਰ ਆਇਆ ਤਾਂ ਮੈਂ ਨਵੇਂ ਕਪੜੇ ਸਿਲਾਉਣ ਦੀ ਜਿੱਦ ਕੀਤੀ ਤਾਂ ਆਪਾ ਨੇ ਬਚੇ ਹੋਏ ਫਲੈਟ ਦੇ ਦੋ ਰੰਗ (ਨੀਲਾ ਤੇ ਸਫੈਦ) ਦੇ ਕੱਪੜੇ ਦਾ ਸ਼ਰਟ ਸੀਅ ਕੇ ਦਿੱਤਾ, ਜਿਸ ਦੀਆਂ ਬਾਹਾਂ ਤੇ ਜੇਬਾਂ ਸਫੈਦ ਤੇ ਜਿਸਦਾ ਸੀਨਾ ਤੇ ਪਿੱਠ ਨੀਲੀ ਸੀ ਭਾਵੇਂ ਅੱਜ ਮਲਟੀ ਕਲਰ ਦੇ ਕਪੜੇ ਪਾਉਣ ਦਾ ਡਾਢਾ ਰਿਵਾਜ ਹੈ ਪਰ ਉਸ ਸਮੇਂ ਉਹ ਰਿਵਾਜ ਨਹੀਂ ਮਜਬੂਰੀ ਸੀ। ਤੇ ਹਾਂ ਸਿਲਾਈ ਦੇ ਮਿਹਨਤਾਨੇ ਵਜੋਂ ਆਪਾ ਨੂੰ ਨੇੜਲੀ ਮਿਰਜੇ ਦੀ ਦੁਕਾਨ ਤੋਂ ਪੰਦਰਾ- ਵੀਹ ਪੈਸੇ ਦੇ ਪਕੌੜੇ ਲਿਆ ਕੇ ਖਿਲਾਉਣੇ ਤੇ ਆਪ ਵੀ ਖਾਣੇ।
ਇਹ ਵੀ ਪੜ੍ਹੋ :ਕਵਿਤਾ ਖਿੜਕੀ : ਪੜ੍ਹੋ ਸਮਾਜ ਦੇ ਅਜੋਕੇ ਹਾਲਾਤ 'ਤੇ ਟਕੋਰ ਕਰਦੀਆਂ ਕਵਿਤਾਵਾਂ 'ਲਾਸ਼ਾਂ' ਅਤੇ 'ਮਜ਼ਦੂਰ'
ਕੁੜਤੇ ਪਜਾਮੇ ਦੀ ਕਹਾਣੀ
ਅੱਜ ਰੱਬ ਦਾ ਦਿੱਤਾ ਬਹੁਤ ਕੁੱਝ ਹੈ ਤੇ ਕੱਪੜਿਆਂ ਦੀਆਂ ਅਲਮਾਰੀਆਂ ਭਰੀਆਂ ਪਈਆਂ ਹਨ ਪਰ ਜੋ ਖ਼ੁਸ਼ੀ ਉਸ ਡੱਬ-ਖੜੱਬੀ ਸ਼ਰਟ ਨੂੰ ਪਾ ਕੇ ਹੋਇਆ ਕਰਦੀ ਸੀ ਉਹ ਅੱਜ ਥ੍ਰੀ-ਪੀਸ ਸੂਟ ਪਾ ਕੇ ਵੀ ਨਹੀਂ ਮਿਲਦੀ । ਮੈਨੂੰ ਯਾਦ ਹੈ ਸਕੂਲੇ ਪੜ੍ਹਨ ਜਾਣ ਲਈ ਮੇਰੇ ਲਈ ਇਕ ਸਾਲ ਵਿੱਚ ਇੱਕ ਕੁੜਤਾ ਪਜਾਮਾ ਸਿਲਾ ਕੇ ਦਿੱਤਾ ਜਾਂਦਾ। ਉਨ੍ਹਾਂ ਦਿਨਾਂ ਵਿੱਚ ਸਕੂਲਾਂ ਵਿੱਚ ਯੂਨੀਫਾਰਮਜ ਦਾ ਕਰੇਜ ਨਹੀਂ ਸੀ। ਦਰਅਸਲ ਉਨ੍ਹਾਂ ਸਮਿਆਂ ਵਿੱਚ ਸਕੂਲ ਅਸਲੀ ਅਰਥਾਂ ਵਿੱਚ ਵਿੱਦਿਅਕ ਮੰਦਰ ਸਨ। ਅੱਜ ਵਾਂਗ ਵਿਓਪਾਰਕ ਅਦਾਰੇ ਨਹੀਂ। ਸਕੂਲ 'ਚ ਵਧੇਰੇ ਕਰਕੇ ਬੱਚਿਆਂ ਦੇ ਕੁੜਤੇ ਪਜਾਮੇ ਹੀ ਪਾਏ ਹੁੰਦੇ। ਕਿਸੇ ਕਿਸੇ ਦੇ ਹੀ ਪੈਂਟ ਸ਼ਰਟ ਪਹਿਨੀ ਹੁੰਦੀ। ਆਪਣੇ ਹਾਣੀਆਂ ਦੇ ਜਦੋਂ ਪੈਂਟ ਸ਼ਰਟ ਪਾਈ ਵੇਖਦਾ ਤਾਂ ਮੈਂ ਵੀ ਕਈ ਵਾਰ ਪੈਂਟ ਸ਼ਰਟ ਸਿਲਾਉਣ ਦੀ ਜਿੱਦ ਕਰਦਾ ਤੇ ਘਰ ਦੇ ਇਹੋ ਕਹਿ ਕੇ ਮੈਨੂੰ ਧਰਵਾਸਾ ਦੇ ਛੱਡਦੇ ਕਿ ਤੇਰਾ ਤਾਂ ਹਾਲੇ ਲੱਕ ਪਤਲਾ ਹੈ ਹਾਲੇ ਇਸ 'ਤੇ ਪੈਂਟ ਨਹੀਂ ਟਿਕਣੀ, ਜਦੋਂ ਕਿ ਅਸਲ ਵਜ੍ਹਾ ਲੱਕ ਦਾ ਪਤਲਾ ਹੋਣਾ ਨਹੀਂ ਸੀ ਸਗੋਂ ਘਰ ਦੀ ਗ਼ਰੀਬੀ ਸੀ।
ਸਾਇਕਲ ਯਾਤਰਾ
ਮੇਰੀ ਬਚਪਨ 'ਚ ਬਹੁਤ ਖਾਹਿਸ਼ ਹੁੰਦੀ ਕਿ ਮੈਂ ਇਕ ਸਾਇਕਲੀ ਲਵਾਂ ਪਰ ਇਸ 'ਤੇ ਵੀ ਘਰ ਦਿਆਂ ਦਾ ਇਹੋ ਕਹਿਣਾ ਹੁੰਦਾ ਕਿ ਤੂੰ ਥੋੜ੍ਹਾ ਵੱਡਾ ਹੋ ਤੈਨੂੰ ਬਾਈ ਇੰਚੀ ਸਾਇਕਲ ਲੈ ਕੇ ਦਿਆਂਗੇ। ਸਾਇਕਲ ਨਾ ਹੋਣ ਦੇ ਚਲਦਿਆਂ ਮੈਂ ਸਾਇਕਲ ਚਲਾਉਣੀ ਬਹੁਤ ਲੇਟ ਅਰਥਾਤ ਸੱਤਵੀਂ ਜਮਾਤ ਦੌਰਾਨ ਪੜ੍ਹਦਿਆਂ ਆਪਣੇ ਇਕ ਦੋਸਤ ਨਾਲ ਸਿੱਖਿਆ, ਕੈਂਚੀ ਨਹੀਂ ਸਿੱਖਿਆ ਸਿੱਧਾ ਕਾਠੀ 'ਤੇ ਬਹਿ ਕੇ ਚਲਾਉਣਾ ਸਿਖਿਆ । ਅੱਜ ਵੀ ਜਦੋਂ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਬੀਤੇ ਦਿਨਾਂ ਦੀ ਇਕ-ਇਕ ਤਸਵੀਰ ਅੱਖਾਂ ਸਾਹਮਣੇ ਦੀ ਕਿਸੇ ਫ਼ਿਲਮ ਵਾਂਗ ਲੰਘ ਜਾਂਦੀ ਹੈ।
ਬੇਸ਼ੱਕ ਆਪਾਂ ਅੱਜ ਪੋਤੇ-ਪੋਤੀਆਂ ਵਾਲੇ ਹਾਂ ਪਰ ਉਹ ਸਾਂਝ ਤੇ ਪਿਆਰ ਜੋ ਦਹਾਕਿਆਂ ਪਹਿਲਾਂ ਸਾਡੇ ਵਿਚਕਾਰ ਸੀ ਅੱਜ ਵੀ ਮੌਜੂਦ ਹੈ। ਆਪਾਂ ਆਪਣੇ ਤਮਾਮ ਦੁੱਖ ਦਰਦ ਨੂੰ ਅੱਜ ਵੀ ਮੇਰੇ ਨਾਲ ਹੀ ਸਾਂਝਾ ਕਰਦੀ ਹੈ ਤੇ ਮੈਂ ਵੀ ਜਦੋਂ ਕਦੀ ਪ੍ਰੇਸ਼ਾਨ ਹੋਵਾਂ ਤਾਂ ਉਸ ਨੂੰ ਆਪਣਾ ਦੁੱਖੜਾ ਸੁਣਾ ਕੇ ਮੰਨ ਹੌਲਾ ਕਰ ਲੈਂਦਾ ਹਾਂ...
ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ :9855259650
Abbasdhaliwal72@gmail.com
ਨੋਟ : ਰਿਸ਼ਤਿਆਂ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਰਸੀ ’ਤੇ ਵਿਸ਼ੇਸ਼ : ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦੇਣ ਵਾਲਾ ਯੋਧਾ ਸ਼ਹੀਦ 'ਮਨਜੀਤ ਸਿੰਘ ਵੇਕਰਾ’
NEXT STORY