"ਲਾਸ਼ਾਂ"
ਅਸੀਂ ਲਾਸ਼ਾਂ ਹਾਂ
ਉਹ ਨਹੀਂ ਜੋ ਕਬਰਸਤਾਨਾਂ, ਮੁਰਦਾ ਘਰਾਂ
ਤੇ ਨਦੀਆਂ ਕਿਨਾਰੇ ਦਫਨ ਕੀਤੀਆਂ ਗਈਆਂ
ਅਸੀਂ ਗੂੰਗੀਆਂ-ਬੋਲ਼ੀਆਂ, ਅੰਨ੍ਹੀਆਂ
ਤੁਰਦੀਆਂ-ਫਿਰਦੀਆਂ, ਜਿਊਂਦੀਆਂ-ਜਾਗਦੀਆਂ
ਸਮਾਜ 'ਚ ਵਿਚਰਦੀਆਂ ਲਾਸ਼ਾਂ ਹਾਂ
ਅਸੀਂ ਲਾਸ਼ਾਂ ਹਾਂ
ਜਿਨ੍ਹਾਂ ਨੂੰ ਸਮਾਜ ਅੰਦਰਲੇ ਗਿੱਧ, ਭੇੜੀਏ
ਨੋਚ-ਨੋਚ ਖਾਂਦੇ ਨੇ ਤੇ ਚੁੰਬੜੀਆਂ ਜੋਕਾਂ
ਸਾਡਾ ਸ਼ਰੇਆਮ ਰਤ ਪੀਂਦੀਆਂ ਨੇ
ਸਾਡੀਆਂ ਮਾਵਾਂ, ਭੈਣਾਂ, ਧੀਆਂ
ਘਰਾਂ,ਖੇਤਾਂ ਤੇ ਬੇਲਿਆਂ 'ਚ
ਰੋਜ਼ ਮਨੁੱਖਾਂ ਦੀ ਸ਼ਕਲ 'ਚ ਛੁਪੇ
ਵਹਿਸ਼ੀ ਦਰਿੰਦਿਆਂ ਦੇ ਜ਼ੁਲਮਾਂ ਦਾ
ਨਿਤ ਨਵਾਂ ਸ਼ਿਕਾਰ ਹੁੰਦੀਆਂ ਨੇ
ਸਾਡੀਆਂ ਅਣਖਾਂ, ਗੈਰਤਾਂ
ਮਰ ਮੁੱਕ ਚੁੱਕੀਆਂ ਨੇ
ਅਸੀਂ ਲਾਸ਼ਾਂ ਧਰਮਾਂ ਦੀ ਰੱਖਿਆ ਕਰਨ ਦਾ
ਝੂਠਾ ਢਿੰਡੋਰਾ ਪਿੱਟਦੀਆਂ,
ਪਰ ਹੱਕਾਂ ਲਈ ਜੂਝਦੇ ਲੋਕਾਂ ਨਾਲ
ਅਸੀਂ ਕਦਾਚਿਤ ਖੜ੍ਹਨਾ ਪਸੰਦ ਨਹੀਂ ਕਰਦੀਆਂ
ਅਸੀਂ ਲਾਸ਼ਾਂ ਹਾਂ
ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ
ਅਥਾਹ ਫੈਲੇ ਭਰਿਸ਼ਟਾਚਾਰ ਅਤੇ
ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ
ਇੱਕ ਡੂੰਘੀ ਚੁੱਪ ਧਾਰੀ ਬੈਠੀਆਂ ਲਾਸ਼ਾਂ ਹਾਂ
ਸਾਡੀਆਂ ਉਮੰਗਾਂ, ਸੁਪਨੇ ਮਰ ਚੁੱਕੇ ਨੇ
ਸਾਡੇ ਅੰਦਰਲੇ ਰੋਸ ਮੁਜ਼ਾਹਰੇ
ਇਕ ਇਕ ਕਰਕੇ ਦਮ ਤੋੜ ਚੁੱਕੇ ਨੇ
ਅਪਣੀ ਰੱਖਿਆ ਕਰਨੋ ਅਸਮਰੱਥ
ਅਸੀਂ ਲਾਸ਼ਾਂ...
ਤੁਰਦੀਆਂ ਫਿਰਦੀਆਂ
ਜਿਊਂਦੀਆਂ ਜਾਗਦੀਆਂ ਲਾਸ਼ਾਂ...
'ਮਜ਼ਦੂਰ'
ਹਾਂ ਮੈਂ ਮਜ਼ਦੂਰ ਹਾਂ...
ਜਿਸ ਨੇ ਮੁੱਢ ਕਦੀਮੀਂ ਆਪਣੇ ਅਰਮਾਨਾਂ ਦਾ ਗਲਾ ਘੁੱਟ,
ਜਜ਼ਬਾਤਾਂ ਦਾ ਕਤਲ ਕਰ ਜੀਵਨ ਦੀਆਂ ਲੋੜਾਂ ਨੂੰ,
ਬਾ-ਮੁਸ਼ਕਿਲ ਪੂਰਾ ਕੀਤਾ
ਗ਼ਰੀਬੀ ਦਾ ਦਰਦ ਪਿੰਡੇ ਹੰਢਾਉਂਦਿਆਂ,
ਆਪਣੀ ਆਤਮਾ ਤੱਕ ਨੂੰ ਛਲਨੀ ਕੀਤਾ।
ਜਿਹਦੀ ਮਿਹਨਤ ਸਦਕਾ, ਚਿਮਨੀਆਂ ਚੋਂ ਨਿਕਲਦੇ ਧੂਏਂ ਨੇ,
ਸਨਅਤੀ ਘਰਾਣਿਆਂ ਨੂੰ ਖੁਸ਼ਹਾਲ ਕੀਤਾ।
ਪਰ ਅਕਸਰ ਧੰਨਵਾਨਾਂ ਨੇ ਮੇਰੀ ਮਿਹਨਤ ਦਾ
ਹਰ ਵੇਲੇ ਸੋਸ਼ਣ ਕੀਤਾ।
ਮੈਂ ਮਜ਼ਦੂਰ ਹਾਂ...
ਜਿਨ੍ਹੇ ਚੀਨ ਦੀ ਦੀਵਾਰ ਤੋਂ ਲੈ ਲਾਲ ਕਿਲ੍ਹੇ ਉਸਾਰੇ!
ਜਿਨ੍ਹੇ ਖੁਦ ਦੀ ਮੁਹੱਬਤ ਦਾ ਗਲਾ ਘੁੱਟ
ਸ਼ਾਹਜਹਾਂ ਮੁਮਤਾਜ਼ ਦੇ ਪਿਆਰ ਨੂੰ ਲਾਸਾਨੀ ਕੀਤਾ ।
ਮੈਂ ਮਜ਼ਦੂਰ ਹਾਂ!
ਮੇਰੇ ਕਿੰਨੇ ਹੀ ਰੰਗ ਤੇ ਰੂਪ ਨੇ
ਪਰ ਜਿਹਨੂੰ ਆਖਦੇ ਤਕਦੀਰ ਨੇ ,
ਉਹ ਸਭਨਾਂ ਦੀ ਇਕੋ ਜਿਹੀ ਜਾਪੇ ।
ਮੈਂ ਖੇਤਾਂ, ਫੈਕਟਰੀਆਂ ਉਸਾਰੀ ਅਧੀਨ ਇਮਾਰਤਾਂ 'ਚ ਮੌਜੂਦ ਹਾਂ।
ਮੈਂ ਮਜ਼ਦੂਰ ਹਾਂ...
ਮੈਂ ਅਕਸਰ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿਚ
ਹਾਕਮਾਂ ਅਫ਼ਸਰਾਂ ਦੀਆਂ ਝਿੜਕਾਂ ਖਾਣ ਲਈ ਮਜਬੂਤ ਹਾਂ
ਕੁਦਰਤੀ ਆਫ਼ਤ ਹੋਏ ਜਾਂ ਫਿਰਕੂ ਦੰਗਾ ਕੋਈ,
ਪਲੇਗ ਹੋਏ ਜਾਂ ਵਾਇਰਸ ਕੋਰੋਨਾ ਕੋਈ,
ਮੈਂ ਹਰ ਥਾਂ ਮੁਢਲੀਆਂ ਸਫਾਂ 'ਚ
ਆਪਣੀ ਕੁਰਬਾਨੀ ਦੇਣ ਲਈ ਮਸ਼ਹੂਰ ਹਾਂ!
ਮੈਂ ਮਜ਼ਦੂਰ ਹਾਂ...
ਕਹਿੰਦੇ ਨੇ ਮਨੁੱਖ ਬਹੁਤ ਤਰੱਕੀ ਕਰ ਗਿਆ ਏ।
ਚੰਨ੍ਹ ਤੇ ਫਤਿਹ ਪਾ , ਮੰਗਲ ਵਲ ਵੱਧ ਗਿਆ ਏ।
ਪਰ ਮੇਰੇ ਲਈ ਹਾਲੇ ਵੀ ਰੋਜ਼ੀ ਰੋਟੀ ਦੇ ਮਸਲੇ ਬੜੇ ਨੇ!
ਕਹਿੰਦੇ ਨੇ ਸੰਵਿਧਾਨ 'ਚ ਮਜ਼ਦੂਰਾਂ ਲਈ ਅਧਿਕਾਰ ਬੜੇ ਨੇ।
ਪਰ ਮੇਰੇ ਸਾਹਮਣੇ ਹਾਲੇ ਵੀ ਹਨੇਰੇ ਬੜੇ ਨੇ... !
ਹਨੇਰੇ ਬੜੇ ਨੇ..!! ਹਨੇਰੇ ਬੜੇ ਨੇ...!!!
ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ ਨੰਬਰ 9855259650
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖ਼ਾ ਦੇ ਨਾਲ ਹੀ ਸੜ ਗਈ ਪੰਜਾਬ ਦੀ ਕਿਸਮਤ
NEXT STORY