'ਸਾਡੇ ਖ਼ੈਰ ਖੁਆਹ ਬੋਸਤਾਨ ਦੀ ਨਮਕ ਹਲਾਲੀ ਕਰਕੇ ਰੌਲਿਆਂ 'ਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਬਚ ਰਿਹਾ'
ਡਾ: ਸੁਰਜੀਤ ਕੌਰ ਮਾਸਟਰ ਤਾਰਾ ਸਿੰਘ ਜੀ ਦੇ ਵੱਡੇ ਭਾਈ ਬਖਸ਼ੀ ਸੰਤ ਸਿੰਘ ਦੀ ਬੇਟੀ ਬੀਬੀ ਬਲਵੰਤ ਕੌਰ ਦੀ ਧੀ ਹੈ, ਜੋ ਅੱਜਕਲ੍ਹ ਲੁਧਿਆਣਾ ਵਿਖੇ ਰਿਹਾਇਸ਼ ਪੁਜੀਰ ਨੇ। ਰੌਲਿਆਂ ਸਮੇਂ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਪਿੰਡ ਹਰਿਆਲ, ਤਹਿਸੀਲ ਗੁੱਜਰਖਾਨ, ਰਾਵਲਪਿੰਡੀ-ਪੋਠੋਹਾਰ ਤੋਂ ਕਿਵੇਂ ਬਚ ਕੇ ਆਇਆ, ਪੇਸ਼ ਹੈ ਉਨ੍ਹਾਂ ਦੀ ਆਪਣੀ ਜ਼ੁਬਾਨੀ।
"ਪਿੰਡ ਹਰਿਆਲ, ਤਹਿਸੀਲ ਗੁੱਜਰਖਾਨ, ਰਾਵਲਪਿੰਡੀ-ਪੋਠੋਹਾਰ ਚ ਬਖਸ਼ੀ ਗੋਪੀ ਚੰਦ ਮਲਹੋਤਰਾ ਜੋ ਤਦੋਂ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਸਨ, ਦਾ ਸਹਿਜਧਾਰੀ ਪਰਿਵਾਰ ਵਸਦਾ ਸੀ, ਜਿਨ੍ਹਾਂ ਵਿੱਚ ਉਨ੍ਹਾਂ ਦੇ ਬੇਟੇ ਕ੍ਰਮਵਾਰ ਗੰਗਾ ਸਿੰਘ, ਬਖਸ਼ੀ ਸੰਤ ਸਿੰਘ, ਮਾਸਟਰ ਤਾਰਾ ਸਿੰਘ ਅਤੇ ਨਿਰੰਜਣ ਸਿੰਘ ਸ਼ੁਮਾਰ ਸਨ। ਮੈਂ ਬਖਸ਼ੀ ਸੰਤ ਸਿੰਘ ਜੋ ਕਿ ਪਿੰਡ ਵਿੱਚ ਬਜਾਜੀ ਦੀ ਦੁਕਾਨ ਕਰਦੇ ਸਨ, ਦੀ ਬੇਟੀ ਬੀਬੀ ਬਲਵੰਤ ਕੌਰ ਦੀ ਧੀ ਹਾਂ। ਸੋ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ, ਮੇਰਾ ਨਾਨਕਾ ਪਰਿਵਾਰ ਸੀ। ਮੇਰੀ ਮਾਤਾ ਦੀ ਸ਼ਾਦੀ 1933 'ਚ ਟੋਭਾ ਟੇਕ ਸਿੰਘ ਦੇ ਵਾਸੀ ਪ੍ਰੋਫ਼ੈਸਰ ਜਗਜੀਤ ਸਿੰਘ ਪੁੱਤਰ ਸੇਵਾ ਸਿੰਘ ਪੁੱਤਰ ਟਹਿਲ ਸਿੰਘ ਨਾਲ਼ ਹੋਈ। ਜਿਨ੍ਹਾਂ ਦਾ ਉਥੋਂ ਦੀ ਅਨਾਜ ਮੰਡੀ ਵਿੱਚ ਆਪਣਾ ਕੰਮ ਸੀ। ਟਹਿਲ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਵਿੱਚ ਭਾਈ ਸਾਹਿਬ ਦਾ ਖ਼ਿਤਾਬ ਹਾਸਲ ਸੀ।
ਪਿਤਾ ਜੀ ਸ਼ਾਦੀ ਉਪਰੰਤ ਖ਼ਾਲਸਾ ਕਾਲਜ ਬੰਬੇ ਵਿੱਚ ਬੌਟਨੀ ਦੇ ਪ੍ਰੋਫ਼ੈਸਰ ਜਾ ਲੱਗੇ। ਮੇਰਾ ਜਨਮ ਉਥੇ ਹੀ 1939 ਵਿੱਚ ਹੋਇਆ। ਮਨਜੀਤ ਕੌਰ ਅਤੇ ਸੁਰਿੰਦਰਜੀਤ ਸਿੰਘ ਮੇਰੇ ਹੋਰ ਭੈਣ ਭਰਾ ਹਨ। ਕੁੱਝ ਅਰਸਾ ਪਿੱਛੋਂ ਮਾਤਾ ਜੀ ਬੀਮਾਰ ਰਹਿਣ ਲੱਗੇ ਡਾਕਟਰਾਂ ਨੇ ਉਨ੍ਹਾਂ ਨੂੰ ਆਬੋ ਹਵਾ ਬਦਲਣ ਵਾਸਤੇ ਕਿਹਾ। ਸੋ ਪਿਤਾ ਜੀ ਹੋਰਾਂ ਬੰਬੇ ਤੋਂ ਬਦਲ ਕੇ ਸਿੱਖ ਨੈਸ਼ਨਲ ਕਾਲਜ ਲਾਹੌਰ ਆਣ ਕਯਾਮ ਕੀਤਾ। ਇਸ ਵਿਚ ਖ਼ਾਸ ਇਹ ਕਿ ਸ.ਪ੍ਰਕਾਸ਼ ਸਿੰਘ ਬਾਦਲ ਵੀ ਉਥੇ ਪਿਤਾ ਜੀ ਪਾਸ ਟਿਊਸ਼ਨ ਪੜ੍ਹਦੇ ਰਹੇ। ਲਾਹੌਰ ਦੇ ਕਨੇਡ ਕਾਨਵੇਂਟ ਸਕੂਲ ਵਿੱਚ ਹੀ ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਛੁੱਟੀਆਂ 'ਚ ਮੈਂ ਅਕਸਰ ਮਾਤਾ ਜੀ ਨਾਲ਼ ਹਰਿਆਲ ਹਫ਼ਤਿਆਂ ਬੱਧੀ ਰਹਿ ਆਉਂਦੀ। ਮੇਰਾ ਨਾਨਕਾ ਪਰਿਵਾਰ ਜੋ ਪਹਿਲਾਂ ਸਹਿਜਧਾਰੀ ਸੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਬ ਜਿਨ੍ਹਾਂ ਪੋਠੋਹਾਰ ਦੇ ਇਲਾਕੇ ਵਿੱਚ ਸਿੱਖ਼ੀ ਅਤੇ ਖਾਲਸਾ ਸਕੂਲਾਂ ਦਾ ਖਾਸਾ ਪਸਾਰਾ ਕੀਤਾ, ਦੇ ਪ੍ਰਭਾਵ ਵਿਚ ਆ ਕੇ ਸਿੱਖ ਬਣਿਆਂ। ਮਾਸਟਰ ਜੀ ਹੋਰਾਂ ਨੇ ਉਨ੍ਹਾਂ ਪਾਸੋਂ ਹੀ ਅੰਮ੍ਰਿਤ ਛੱਕਿਆ।
ਆਜ਼ਾਦੀ ਸੰਘਰਸ਼ ਸਮੇਂ ਮਾਸਟਰ ਜੀ ਹਰਿਆਲ ਕਦੇ ਕਦਾਈਂ ਗੇੜਾ ਮਾਰਦੇ। ਉਹ ਬਹੁਤਾ ਅੰਮ੍ਰਿਤਸਰ ਸਾਬ ਜਾਂ ਲਾਹੌਰ ਹੀ ਰਹਿ ਕੇ ਸਿੱਖ ਸੰਘਰਸ਼ ਜਾਂ 'ਕਾਲੀ ਲਹਿਰ ਦੀ ਅਗਵਾਈ ਕਰਦੇ। 3 ਮਾਰਚ 1947 ਨੂੰ ਲਾਹੌਰ ਅਸੰਬਲੀ ਵਿੱਚ ਮੁਸਲਿਮ ਲੀਗ ਵਲੋਂ ਪਾਕਿਸਤਾਨ ਦਾ ਮਤਾ ਪਾਸ ਕਰਨ/ਝੰਡਾ ਝੁਲਾਉਣ ਸਮੇਂ ਮਾਸਟਰ ਜੀ ਨੇ ਵਿਰੋਧ ਜਤਾਉਂਦਿਆਂ ਹਵਾ ਵਿੱਚ ਤਲਵਾਰ ਲਹਿਰਾ ਕੇ ਪਾਕਿਸਤਾਨ ਮੁਰਦਾਬਾਦ ਦਾ ਨਾਅਰਾ ਲਾਇਆ। ਇਹ ਗੱਲ ਝੂਠੀ ਹੈ ਜੋ ਲੋਕਾਂ ਵਲੋਂ ਫ਼ੈਲਾਈ ਗਈ ਕਿ ਮਾਸਟਰ ਜੀ ਨੇ ਪਾਕਿਸਤਾਨ ਦਾ ਝੰਡਾ ਪਾੜਤਾ ਜਾਂ ਡੰਡਾ ਵੱਢਤਾ। ਮੈਂ ਆਜ਼ਾਦੀ ਉਪਰੰਤ ਵੀ ਕਈ ਦਫ਼ਾ ਮਾਸਟਰ ਜੀ ਨੂੰ ਮਿਲੀ ਅਤੇ ਉਨ੍ਹਾਂ ਤਸਲੀਮ ਕੀਤਾ। ਅਫ਼ਸੋਸ ਕਿ ਉਸ ਅਫ਼ਵਾਹ ਕਾਰਨ ਸਿੱਖ-ਮੁਸਲਿਮ ਕਿਆਂ ਦੀ ਵੱਡੀ ਭੀੜ ਆਹਮੋ-ਸਾਹਮਣੇ ਹੋਈ ਅਤੇ ਫ਼ਸਾਦ ਹੁੰਦਾ ਹੁੰਦਾ ਬਚ ਗਿਆ। ਪਰ ਪੰਜਾਬ ਭਰ ਵਿੱਚ ਫ਼ਸਾਦਾਂ/ਕਤਲੇਆਮ ਦੀ ਸ਼ੁਰੂਆਤ ਉਸੇ ਦਿਨ ਤੋਂ ਹੋ ਗਈ।
ਇਹ ਖ਼ਬਰ ਹਰਿਆਲ ਵੀ ਪਹੁੰਚੀ। ਤਦੋਂ ਹਰਿਆਲ ਵਿਚ ਹਿੰਦੂ-ਸਿੱਖਾਂ ਦੀ ਬਹੁ ਗਿਣਤੀ ਸੀ। ਪਿੰਡ ਤੋਂ ਬਾਹਰ ਅਲੱਗ ਬਸਤੀ ਵਿੱਚ ਕੇਵਲ ਕਾਮੇ ਮੁਸਲਮਾਨ ਜਿਨ੍ਹਾਂ ਵਿੱਚ ਤੇਲੀ ਮੁਸਲਮਾਨਾਂ ਦੀ ਗਿਣਤੀ ਜ਼ਯਾਦਾ ਸੀ, ਰਹਿੰਦੇ। ਮੁਸਲਮਾਨਾਂ ਮਸੀਤ ਵਿੱਚ 'ਕੱਠ ਰੱਖਿਆ ਜਿਸ ਵਿਚ ਮਾਸਟਰ ਜੀ ਦੇ ਸਾਰੇ ਕੁਨਬੇ ਨੂੰ ਰਾਤੋ-ਰਾਤ ਕਤਲ ਕਰਨ ਦਾ ਮਤਾ ਪਾਸ ਹੋਇਆ। ਉਸ 'ਕੱਠ ਵਿਚ ਮੇਰੇ ਨਾਨਕੇ ਪਰਿਵਾਰ ਦਾ ਨਮਕ ਹਲਾਲ ਫ਼ਕੀਰ ਮੁਹੰਮਦ ਅਤੇ ਇਕ ਹੋਰ ਬੋਸਤਾਨ ਨਾਮੇ ਮੁਸਲਮਾਨ ਜੋ ਸਾਡਾ ਖ਼ੈਰ ਖੁਆਹ ਸੀ, ਵੀ ਹਾਜ਼ਰ ਸਨ। ਫ਼ਕੀਰ ਦੇ ਬਚਪਨ ਵਿੱਚ ਹੀ ਉਸ ਦੀ ਅੰਮਾਂ ਮਰ ਗਈ। ਸੋ ਫ਼ਕੀਰ ਨੂੰ ਮੇਰੇ ਨਾਨਾ ਜੀ ਦੀ ਮਾਂ ਬੀਬੀ ਮੂਲਾਂ ਦੇਵੀ ਨੇ ਬਖਸ਼ੀ ਸੰਤ ਸਿੰਘ ਜੀ ਦੇ ਨਾਲ ਹੀ ਆਪਣਾ ਦੁੱਧ ਪਿਆ ਕੇ ਪਾਲ਼ਿਆ ।ਉਹ ਬਾਹਰ ਜਾ ਕੇ ਗੱਲ ਲੀਕ ਕਰੇਗਾ ਇਸ ਬਿਨਾਂ ਤੇ ਉਸ ਨੂੰ ਮਸੀਤ ਦੇ ਅੰਦਰ ਹੀ ਡੱਕੀ ਰੱਖਿਆ। ਦੂਸਰੇ ਲਿਹਾਜ਼ੀ ਬੋਸਤਾਨ ਨੇ ਸਾਰੀ ਕਹਾਣੀ ਬਖਸ਼ੀ ਸੰਤ ਸਿੰਘ ਨੂੰ ਕਹਿ ਸੁਣਾਈ। ਸੋ ਉਸੇ ਰਾਤ ਮਾਸਟਰ ਜੀ ਦਾ ਸਾਰਾ ਕੁਨਬਾ ਤੁਰਕੇ ਮੰਦਰਾ ਸਟੇਸ਼ਨ ਪਹੁੰਚਾ ਜਿਥੋਂ ਉਨ੍ਹਾਂ ਗੁੱਜਰਖਾਨ ਲਈ ਰੇਲ ਗੱਡੀ ਫੜੀ ਅਤੇ ਰਾਵਲਪਿੰਡੀ-ਲਾਹੌਰ ਹੁੰਦੇ ਹੋਏ ਅੰਮ੍ਰਿਤਸਰ ਸਾਬ ਜਾ ਪਹੁੰਚੇ, ਜਿਥੇ ਮਾਸਟਰ ਤਾਰਾ ਸਿੰਘ ਦਾ ਭਤੀਜਾ ਅਵਤਾਰ ਸਿੰਘ ਪੁੱਤਰ ਗੰਗਾ ਸਿੰਘ ਕਾਰੋਬਾਰ ਦੇ ਸਿਲਸਿਲੇ ਵਿੱਚ ਪਹਿਲਾਂ ਹੀ ਰਹਿ ਰਿਹਾ ਸੀ।
ਰੌਲਿਆਂ ਵੇਲੇ ਮੇਰਾ ਦਾਦਕਾ ਪਰਿਵਾਰ ਲਾਇਲਪੁਰ ਵਿੱਚ ਸੈਟਲਡ ਸੀ।ਪਿਤਾ ਜੀ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਹੀ ਪ੍ਰੋਫੈਸਰ ਸਨ। ਚੜ੍ਹਦੇ ਅਗਸਤ ਉਹ ਲਾਇਲਪੁਰ ਆਏ। ਮੈਂ ਜ਼ਿਦ ਕੀਤੀ ਕਿ ਮੈਨੂੰ ਅੰਮ੍ਰਿਤਸਰ ਛੱਡ ਕੇ ਆਓ। ਘਰੋਂ ਸਟੇਸ਼ਨ ਲਈ ਤਾਂਗਾ ਕੀਤਾ। ਰਸਤੇ 'ਚ ਮੈਂ ਪਿਤਾ ਕੋਲ਼ ਬੱਤਾ ਪੀਣ ਲਈ ਜ਼ਿਦ ਕੀਤੀ।ਪਰ ਪਿਤਾ ਜੀ ਹਾਮੀ ਨਾ ਭਰਨ, ਕਹਿੰਦੇ ਗੱਡੀ ਨਿਕਲ ਜਾਏਗੀ। ਮੈਂ ਜ਼ਿਦ ਬਰਕ਼ਰਾਰ ਰੱਖੀ।ਪਿਤਾ ਜੀ ਨੇ ਬੱਤਾ ਪਿਆਇਆ। ਕਰਦਿਆਂ ਕਰਾਉਂਦਿਆਂ ਪਹਿਲੀ ਗੱਡੀ ਨਿਕਲ ਗਈ। ਦੂਜੇ ਦਰਜੇ ਦੀ ਟਿਕਟ ਲਈ।ਕਾਫ਼ੀ ਇੰਤਜ਼ਾਰ ਤੋਂ ਬਾਅਦ ਦੂਜੀ ਗੱਡੀ ਫੜੀ। ਲਾਹੌਰ ਤੋਂ ਗੱਡੀ ਬਦਲਣੀ ਸੀ।ਪਿਤਾ ਜੀ ਮੈਨੂੰ ਸਟੇਸ਼ਨ ਤੇ ਇਕ ਪਾਸੇ ਛੱਡ ਕੇ ਫਿਰ ਦੂਜੇ ਦਰਜੇ ਦੀ ਟਿਕਟ ਲੈਣ ਚਲੇ ਗਏ।ਭੀੜ ਬਹੁਤੀ ਹੋਣ ਕਾਰਨ ਪਿਤਾ ਜੀ ਨੂੰ ਕਾਫ਼ੀ ਚਿਰ ਲੱਗ ਗਿਆ। ਮੈਂ ਓਨਾ ਚਿਰ ਇਕ ਖੰਭੇ ਨਾਲ ਜੱਫੀ ਪਾਈ ਸਲਵਾਰਾਂ ਪਹਿਨੀਂ ਓਪਰੇ ਯਾਤਰੂਆਂ ਦੀ ਆਮਦੋ-ਰਫਦ ਨੂੰ ਡਰ ਨਾਲ਼ ਵੇਂਹਦੀ ਰਹੀ। ਸ਼ੈਦ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਕਿਓਂ ਜੋਂ ਪਹਿਲੀ ਗੱਡੀ ਵਾਹਗੇ ਤੋਂ ਲਾਹੌਰ ਵੰਨੀ,ਰੋਕ ਕੇ ਦੰਗੱਈਆਂ ਵਲੋਂ ਲੁੱਟ ਪੁੱਟ ਕੇ ਹਿੰਦੂ -ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ।ਮੇਰਾ ਨਾਨਕਾ ਪਰਿਵਾਰ (ਮਾਸਟਰ ਕੇ) ਪਹਿਲਾਂ ਹੀ ਮਾਰਚ ਮਹੀਨੇ ਅੰਮ੍ਰਿਤਸਰ ਪਹੁੰਚ ਚੁੱਕਾ ਸੀ। ਮੇਰਾ ਦਾਦਕਾ ਪਰਿਵਾਰ ਅਗਸਤ ਮਹੀਨੇ ਪਹੁੰਚ ਗਿਆ।ਫਿਰ ਸਾਨੂੰ ਸ਼ਰੀਫਪੁਰਾ ਰੇਲਵੇ ਲਾਈਨ ਨੇੜੇ ਇਕ ਮੁਸਲਿਮ ਰਈਸ ਦੀ ਵੱਡੀ ਹਵੇਲੀ ਅਲਾਟ ਹੋ ਗਈ।ਉਹ ਮੁਸਲਿਮ ਆਪਣੀ ਹਵੇਲੀ ਸਾਹਮਣੇ ਇਕ ਸਿਨਮਾ ਹਾਲ ਵੀ ਬਣਵਾ ਰਿਹਾ ਸੀ।ਪਰ ਬਟਵਾਰੇ ਦੀ ਵਜ੍ਹਾ ਵਿੱਚ ਹੀ ਰਹਿ ਗਿਆ ਮਗਰੋਂ ਉਥੇ ਪਿੰਗਲਵਾੜਾ ਬਣਿਆਂ।
ਮਾਸਟਰ ਤਾਰਾ ਸਿੰਘ ਜੀ ਦੇ ਘਰ ਜਸਵੰਤ ਸਿੰਘ, ਮੋਹਣ ਸਿੰਘ, ਰਜਿੰਦਰ ਕੌਰ ਅਤੇ ਸਤਵੰਤ ਕੌਰ ਧੀਆਂ-ਪੁੱਤਰ ਪੈਦਾ ਹੋਏ। ਅਫ਼ਸੋਸ ਕਿ ਜਿਥੇ ਸਤਵੰਤ ਕੌਰ ਸ਼ਾਦੀ ਤੋਂ ਪਹਿਲਾਂ ਹੀ ਫੌਤ ਹੋ ਗਈ ਉਥੇ ਦੋਹੇਂ ਬੇਟਿਆਂ ਦੇ ਘਰ ਕੋਈ ਔਲਾਦ ਨਾ ਹੋਈ। ਬੀਬੀ ਰਜਿੰਦਰ ਕੌਰ ਪਟਿਆਲਾ ਵਿਆਹੇ ਗਏ। MP ਬਣੇ, ਸਿਖ ਸਿਆਸਤ ਵਿੱਚ ਸਰਗਰਮ ਰਹੇ। ਅੱਗੋਂ ਉਨ੍ਹਾਂ ਦੀ ਬੇਟੀ ਬੀਬੀ ਕਿਰਨਜੋਤ ਕੌਰ ਅੰਮ੍ਰਿਤਸਰ ਸਾਬ ਵਿਖੇ ਸਿੱਖ ਹਲਕਿਆਂ ਵਿੱਚ ਸਰਗਰਮ ਨੇ।
ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ 1961 ਵਿੱਚ MBBS ਕਰੀ।ਮੇਰੀ ਸ਼ਾਦੀ ਸ.ਅਜੀਤ ਸਿੰਘ ਜੋ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਤੋਂ ਸੀ ਨਾਲ਼ 1963 ਵਿੱਚ ਹੋਈ। ਉਹ ਵੀ ਇਧਰ ਫ਼ੌਜ 'ਚ ਡਾਕਟਰ ਸਨ ਜੋ 1993 ਵਿੱਚੋਂ ਮੇਜਰ ਜਨਰਲ (ਡਾ:) ਊਧਮਪੁਰ ਤੋਂ ਰੀਟਾਇਰਡ ਹੋਏ। ਮੈਂ ਵੀ ਆਰਮਡ ਫੋਰਸ ਮੈਡੀਕਲ ਕਾਲਜ ਪੂਨਾ ਤੋਂ ਰੀਟਾਇਰਡ ਹੋਈ। ਮੇਰੇ ਪਿਤਾ ਪ੍ਰੋਫ਼ੈਸਰ ਜਗਜੀਤ ਸਿੰਘ ਜੀ ਸਰਕਾਰੀ ਕਾਲਜ ਲੁਧਿਆਣਾ ਤੋਂ HoD ਬੌਟਨੀ ਦੇ ਅਹੁਦੇ ਤੋਂ1967 ਵਿੱਚ ਰੀਟਾਇਰਡ ਹੋਏ। ਮਸ਼ਹੂਰ ਸਿੱਖ ਰਈਸ ਸ.ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ ਮੇਰੀ ਨਣਦ ਦਮਯੰਤੀ ਦੇ ਘਰੋਂ ਸਨ। ਮੈਂ ਇਸ ਵਕ਼ਤ ਆਪਣੇ ਨੇਕ ਬਖ਼ਤ ਅਤੇ ਤਾਲੀਮ ਯਾਫ਼ਤਾ ਬੱਚਿਆਂ ਪਾਸ ਰਹਿ ਕੇ ਮਾਡਲ ਟਾਊਨ ਲੁਧਿਆਣਾ ਵਿਖੇ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਹੀ ਹਾਂ। ਵਾਹਿਗੁਰੂ ਦੀ ਕਿਰਪਾ,ਘਰੇਲੂ ਇਤਫ਼ਾਕ ਅਤੇ ਸੇਵਾ ਕਰਕੇ ਹੀ ਅੱਜ ਛਿਆਸੀਆਂ ਵਿਚ ਵੀ ਪੂਰੀ ਤੰਦਰੁਸਤ ਅਤੇ ਚੁਸਤ ਦਰੁਸਤ ਹਾਂ। ਆਜ਼ਾਦੀ ਬਹੁਤ ਮਹਿੰਗੇ ਮੁੱਲ ਮਿਲ਼ੀ।ਜਿਥੇ ਆਜ਼ਾਦੀ ਦੇ ਪਰਵਾਨਿਆਂ ਲੱਖ ਮੁਸੀਬਤਾਂ ਝੱਲਦਿਆਂ ਮੌਤ ਲਾੜੀ ਵਿਆਹੀ ਉਥੇ ਫ਼ਿਰਕੂ ਜਾਨੂੰਨੀਆਂ ਨੇ ਲੁੱਟ-ਖੋਹ ਅਤੇ ਕਤਲੇਆਮ ਮਚਾ ਕੇ ਇਤਿਹਾਸ ਨੂੰ ਕਲੰਕਤ ਕਰ ਦਿੱਤਾ।ਉਹ ਭਿਆਨਕ ਦੌਰ ਯਾਦ ਆਉਂਦਿਆਂ ਅੱਜ ਵੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ।
(ਇਹ ਮੁਲਾਕਾਤ ਬੀਬੀ ਕਿਰਨਜੋਤ ਕੌਰ ਅੰਮ੍ਰਿਤਸਰ ਹੋਰਾਂ ਦੇ ਸਹਿਯੋਗ ਨਾਲ ਸੰਭਵ ਹੋਈ। ਸੋ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ)
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526
1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
NEXT STORY