ਸਖੀਏ ਸਰਬੱਤ ਨੀਂ ਬੀਬੀ
ਗੁਰੂਆਂ ਬਿਨਾਂ ਗੱਤ ਨੀਂ ਬੀਬੀ
ਭਟਕੇਂਗੀ ਰਸਤਾ ਨੀਂ
ਜੇਕਰ ਨਾ ਪਾਇਆ ਮੋਢੇ
ਚਾਨਣ ਦਾ ਬਸਤਾ ਨੀਂ
ਸ਼ੋਰ ਸ਼ਰਾਬੇ ਤੋਂ ਪਾਰ ਦਾ ਠਹਿਰਾ ਅਤੇ ਮਿੱਟੀ ਦੀ ਖੁਸ਼ਬੋ ਨੂੰ ਪ੍ਰਣਾਈ ਆਵਾਜ਼ ਨਿਰੰਤਰ ਇਹ ਸਤਰਾਂ ਗਾ ਰਹੀ ਹੈ।ਇਸ ਮਹਿਫ਼ਲ ਦਾ ਆਨੰਦ ਸੁਣਨ ਵਾਲਿਆਂ ਦੇ ਚਹਿਰੇ 'ਤੇ ਹੈ।ਸਰੋਤਿਆਂ 'ਚੋਂ ਇਸ ਬਜ਼ਮ ਨੂੰ ਫੇਸਬੁੱਕ 'ਤੇ ਲਾਈਵ ਕੀਤਾ ਜਾ ਰਿਹਾ ਹੈ।ਮੇਰੀ ਨੋਟੀਫਿਕੇਸ਼ਨ 'ਚ ਜਦੋਂ ਮੈਨੂੰ ਪਤਾ ਲੱਗਾ ਤਾਂ ਰਾਤ ਦੀ ਸੁਰਖ ਚਾਦਰ ਥੱਲੇ ਮੰਜੇ 'ਤੇ ਆਰਾਮ ਕਰਦਿਆਂ ਇਹਨੂੰ ਮੈਂ ਸੁਣਦਾ ਗਿਆ।ਪੰਜਾਬ ਦੇ ਇਹ ਗਾਇਕ ਆਪਣੀਆਂ ਸਾਦ ਮੁਰਾਦੀਆਂ ਸ਼ਕਲਾਂ ਅਤੇ ਸੁਰੀਲੀ ਆਵਾਜ਼ ਨਾਲ ਜੋ ਸੁਣਾ ਰਹੇ ਸਨ ਉਹ ਬੇਹੱਦ ਕਮਾਲ ਸੀ।ਲੋਕ ਧਾਰਾ ਅਤੇ ਆਧੁਨਿਕਤਾ ਦਾ ਅਜਬ ਸੁਮੇਲ ਸੀ।ਵਾਰਾਂ,ਕਿੱਸੇ ਅਤੇ ਰੂਹਾਨੀ ਸ਼ਬਦਾਂ ਨਾਲ ਪੰਜਾਬ ਦੇ ਸੰਗੀਤ ਦੀ ਜਿਹੜੀ ਵਿਰਾਸਤ ਨੂੰ ਮੈਂ ਸੁਣ ਰਿਹਾ ਸੀ ਇਹਨੂੰ ਬਹੁਤਿਆਂ ਨੇ ਬੇਦਾਵਾ ਦੇ ਦਿੱਤਾ ਹੈ।ਜਿਹੜਾ ਸੰਗੀਤ ਆਰਾਮ ਦੇਣ ਦਾ ਜ਼ਰੀਆ ਸੀ ਉਹ ਹੁਣ ਯੂ ਟਿਊਬ ਦੀ ਨੰਬਰ ਗੇਮ ਹੈ।ਅਜਬ ਪੋਸ਼ਾਕਾਂ,ਬੇਤਰਤੀਬੇ ਵਾਲ ਅਤੇ ਸ਼ਕਲਾਂ ਨਾਲ ਜਿੰਨ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਉਸ ਬਾਰੇ ਨਿਰੰਤਰ ਬਹਿਸ ਹੈ ਕਿ ਇਹ ਤਾਂ ਮੇਰਾ ਪੰਜਾਬ ਨਹੀਂ ਹੈ।ਫਿਰ ਵੀ ਉਹ ਗਾਇਕੀ ਮਸ਼ਹੂਰ ਹੈ।ਆਖਰ ਫਿਰ ਸਵਾਲ ਬਣਦਾ ਹੈ ਕਿ ਜੇ ਉਹਦੀ ਮੰਗ ਹੈ ਤਾਂ ਉਹਦੇ ਬਰਾਬਰ ਇਹੋ ਜਹੀ ਗਾਇਕੀ ਕਿਉਂ ਨਾ ਸੱਥਾਂ 'ਚ ਲਿਆਂਦੀ ਜਾਵੇ ਜੋ ਆਰਾਮ ਵੀ ਦੇਵੇ ਅਤੇ ਪੰਜਾਬ ਨੂੰ 'ਜੀਵੇ ਪੰਜਾਬ' ਦੀ ਦੁਆ ਵੀ ਦਿੰਦੀ ਹੋਵੇ।ਇਹ ਜੋ ਮੈਂ ਸੁਣ ਰਿਹਾ ਸੀ,ਇਹ ਸੀ ਗੀਤ ਸੰਗੀਤ ਦੀ ਪੰਜਾਬ ਦੇ ਪੁਰਖ਼ਿਆਂ ਦੀ ਮੌਸਿਕੀ-ਜੀਵੇ ਪੰਜਾਬ
ਜੀਵੇ ਪੰਜਾਬ
ਜੀਵੇ ਪੰਜਾਬ ਜਹੀ ਮੌਸਿਕੀ ਦੀ ਮਹਿਫ਼ਲ ਨੂੰ ਵਿਉਂਤਣ ਵਾਲੇ ਕੁਮਾਰ ਸੌਰਵ ਦੱਸਦੇ ਹਨ ਕਿ ਪੰਜਾਬੀ ਗਾਇਕੀ ਦੇ ਅੰਦਰ ਦੀਆਂ ਤਮਾਮ ਆਲੋਚਨਾ ਭਰੀਆਂ ਚਰਚਾਵਾਂ,ਲੱਚਰ ਗਾਇਕੀ,ਡਫੂੰਗਵਾਦ ਬਾਰੇ ਸੋਚਦਿਆਂ ਮਨ 'ਚ ਗਾਇਕੀ ਦੀ ਸਾਫ ਸੁਥਰੀ ਅਤੇ ਅਦਬੀ ਮਹਿਫਲ ਦਾ ਖਿਆਲ ਆਉਂਦਾ ਸੀ।ਇਸ ਤੋਂ ਪਹਿਲਾਂ ਅਸੀਂ ਲੁਧਿਆਣੇ ਬਾਈਸਤ੍ਰੋ 226 ਕੈਫੇ ਦੇ ਵਿਹੜੇ 'ਓਪਨ ਮਾਈਕ' ਮਹਿਫਲ ਰੱਖਦੇ ਸਾਂ।ਇਸ ਦੌਰਾਨ ਹਾਸ ਰਸ ਦੀਆਂ ਪੇਸ਼ਕਾਰੀਆਂ ਤੋਂ ਲੈਕੇ ਕਵਿਤਾ,ਲੋਕ ਗੀਤ,ਕਹਾਣੀਆਂ ਸੁਣੀਆਂ ਸੁਣਾਈਆਂ ਜਾਂਦੀਆਂ ਸਨ।ਇਸੇ ਸਿਲਸਿਲੇ 'ਚ ਸਾਡੇ ਕਈ ਦੋਸਤ ਬਣ ਗਏ।ਲੁਧਿਆਣੇ ਦੇ ਅਦਬੀ ਬੰਦਿਆਂ ਨੇ ਸਾਨੂੰ ਹੁੰਗਾਰਾ ਦਿੱਤਾ।ਬੱਸ ਇਸੇ ਨੂੰ ਹੋਰ ਵੱਡੇ ਪੱਧਰ 'ਤੇ ਸਿਰਜਣ ਦਾ ਮੰਨ ਬਣ ਗਿਆ।ਇਸ ਦੌਰਾਨ ਡਾ ਖੁਸ਼ਵੀਨ ਬਾਠ ਨਾਲ ਮੈਂ ਆਪਣੇ ਜਜ਼ਬਾਤ ਸਾਂਝੇ ਕੀਤੇ ਅਤੇ ਸੁਰਜੀਤ ਪਾਤਰ ਹੁਣਾਂ ਸਾਨੂੰ ਇਸ ਮਹਿਫਲ ਲਈ 'ਜੀਵੇ ਪੰਜਾਬ' ਦਾ ਨਾਮ ਦਿੱਤਾ।ਜੀਵੇ ਪੰਜਾਬ ਪੰਜਾਬ ਦੀ ਚੜ੍ਹਦੀਕਲਾ ਦੀ ਮੌਸਿਕੀ ਜ਼ਰੀਏ,ਕਲਾ ਜ਼ਰੀਏ ਦੁਆ ਹੈ।
ਕੁਮਾਰ ਸੌਰਵ
80 ਵੇਂ ਦਹਾਕਿਆਂ 'ਚ ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਨਾਲ ਦੋਗਾਣਾ ਗਾਇਕੀ ਦੇ ਜੋੜੀਦਾਰ ਰਹੇ ਉਸ਼ਾ ਕਿਰਨ ਕੁਮਾਰ ਸੌਰਵ ਦੇ ਮਾਤਾ ਹਨ।ਪਿਤਾ ਰਾਮ ਜੀਤ ਮੌਜੀ ਪੰਜਾਬੀ ਗਾਇਕੀ ਦੇ ਅਖਾੜਿਆਂ 'ਚ ਮੰਚ ਸੰਚਾਲਕ ਰਹੇ ਹਨ।ਕੁਮਾਰ ਸੌਰਵ ਨੂੰ ਗਾਇਕੀ ਅਤੇ ਸਾਹਿਤ ਦਾ ਇਹ ਮਾਹੌਲ ਘਰ ਤੋਂ ਹੀ ਮਿਲਿਆ ਹੈ ਜਿਹਦਾ ਪ੍ਰਗਟਾਵਾ ਉਹਨੇ 'ਜੀਵੇ ਪੰਜਾਬ' ਦੇ ਰੂਪ 'ਚ ਕੀਤਾ ਹੈ।ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਤੋਂ ਮੈਕੇਨੀਕਲ ਦੀ ਡਿਗਰੀ ਕਰਨ ਵਾਲਾ ਕੌਮਾਰ ਸੌਰਵ 24 ਸਾਲਾਂ ਨੌਜਵਾਨ ਹੈ ਅਤੇ ਖੁਦ ਕਵਿਤਾਵਾਂ ਵੀ ਲਿਖਦਾ ਹੈ।
ਜੀਵੇ ਪੰਜਾਬ ਦਾ ਵਿਚਾਰ
ਕੁਮਾਰ ਸੌਰਵ ਦੇ ਜੀਵੇ ਪੰਜਾਬ ਦੇ ਪਿਛੇ ਮੂਲ 'ਚ ਪਿਆ ਵਿਚਾਰ ਅੱਜ ਦੇ ਸਮਾਜ 'ਚ ਨਫਰਤੀ ਅਤੇ ਫਿਰਕੂ ਪ੍ਰਗਟਾਵਿਆਂ 'ਚ ਪੰਜਾਬ ਦੀ ਉਹੋ ਆਤਮਾ ਹੈ ਜੋ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਫਲਸਫਾ ਹੈ।ਕੁਮਾਰ ਹਿੰਦੂ ਪਰਿਵਾਰ 'ਚੋਂ ਹਨ।ਪਰ ਉਹਨਾਂ ਦੀ ਵੱਡੀ ਭੈਣ ਮੋਨਿਕਾ ਗੁਰੂ ਅਰਜਨ ਪਾਤਸ਼ਾਹ ਦੇ ਸੁਖਮਣੀ ਸਾਹਿਬ ਤੋਂ ਬਹੁਤ ਪ੍ਰਭਾਵਿਤ ਸੀ।ਇੱਕ ਘਰ 'ਚ ਮੰਤਰਾਂ ਦਾ ਉਚਾਰਣ ਅਤੇ ਗੁਰਬਾਣੀ ਦਾ ਸਾਂਝਾ ਰੂਹਾਨੀ ਮਾਹੌਲ ਸੀ।ਸੌਰਵ ਕਹਿੰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਮੁਹੱਬਤ 'ਚ ਜਿਹੜੀਆਂ ਚਿੱਠੀਆਂ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਨੂੰ ਲਿਖੀਆ ਅਤੇ ਬਾਬਾ ਬੁਲ੍ਹੇ ਸ਼ਾਹ ਨੇ ਆਪਣੇ ਗੁਰੂ ਸ਼ਾਹ ਇਨਾਇਤ ਲਈ ਜੋ ਘਾਲਣਾ ਕੀਤੀ, 'ਜੀਵੇ ਪੰਜਾਬ' ਦਾ ਵਿਚਾਰ ਮੈਨੂੰ ਇਹਨਾਂ ਸਾਖੀਆਂ 'ਚੋਂ ਆਉਂਦਾ ਹੈ।ਇਹੋ ਮੇਰਾ ਪੰਜਾਬ ਹੈ ਜੋ ਮੇਰੀ ਨਜ਼ਰ 'ਚ ਹੈ।
'ਜੀਵੇ ਪੰਜਾਬ' ਮਹਿਫ਼ਲ
'ਜੀਵੇ ਪੰਜਾਬ' ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਲਿਜਾਵਾਂਗੇ।ਲੁਧਿਆਣੇ ਤੋਂ ਸ਼ੁਰੂ ਹੋਇਆ ਸਿਲਸਿਲਾ ਹੁਣ ਚੰਡੀਗੜ੍ਹ ਨਵੇਂ ਸਾਲ 6 ਜਨਵਰੀ ਨੂੰ ਹੋਣ ਜਾ ਰਿਹਾ ਹੈ।ਅਸੀਂ ਆਪਣੇ ਸ਼ੋਅ 'ਚ ਨਵੇਂ ਗਾਇਕਾਂ ਨੂੰ ਥਾਂ ਤਾਂ ਦਿੰਦੇ ਹੀ ਹਾਂ ਪਰ ਸਾਡੇ ਲਈ ਗਾਇਕੀ ਨਾਲ ਸਬੰਧਤ ਕਵੀ,ਗੀਤਕਾਰ,ਅਦੀਬ,ਗਵੱਈਏ,ਸਾਜ਼ਿੰਦੇ ਹਰ ਕੋਈ ਕੇਂਦਰ 'ਚ ਹੈ।ਸਾਡੇ ਲਈ ਜੀਵੇ ਪੰਜਾਬ 'ਚ ਇਹ ਵੀ ਹੈ ਕਿ ਅਸੀਂ ਇਲੈਕਟ੍ਰਨਿਕ ਸਾਜ਼ ਨਾ ਵਰਤਕੇ ਪੰਜਾਬ ਦੇ ਵਿਰਾਸਤੀ ਸਾਜ਼ਾਂ ਦੀ ਵਰਤੋਂ ਕਰਦੇ ਹਾਂ।ਜੀਵੇ ਪੰਜਾਬ ਸਿਰਫ ਮੌਸਿਕੀ ਦੀ ਮਹਿਫਲ ਨਹੀਂ ਹੈ ਅਸੀਂ ਆਉਣ ਵਾਲੇ ਸਾਲਾਂ 'ਚ ਇਸ 'ਚ ਪੰਜਾਬ ਦੇ ਰਵਾਇਤੀ ਨਾਚ ਜਿਵੇਂ ਝੂਮਰ ਅਤੇ ਪੰਜਾਬ ਦੀ ਹੋਰ ਕਲਾ ਅਤੇ ਸੰਸਕ੍ਰਿਤੀ ਦੀ ਮਹਿਫਲ ਨਾਲੋਂ ਨਾਲ ਰੱਖਿਆ ਕਰਾਂਗੇ।
ਵਿਰਾਸਤ
ਕੁਮਾਰ ਸੌਰਵ ਦੇ ਜੋੜੀਦਾਰ 'ਜੀਵੇ ਪੰਜਾਬ' ਦੀ ਘਾੜਤ ਕਰਨ ਵਾਲਿਆਂ 'ਚ ਹਰਨੂਰ ਸਿੰਘ ਵੀ ਹਨ।ਇਹ ਦੋ ਦੋਸਤਾਂ ਦੀ ਰੂਪ ਰੇਖਾ ਹੈ।ਹਰਨੂਰ ਜੀਵੇ ਪੰਜਾਬ ਨੂੰ ਵੀਡੀਓ ਅਤੇ ਦਸਤਾਵੇਜ਼ੀ ਨਜ਼ਰੀਏ ਤੋਂ ਸਾਂਭਣ ਦਾ ਬੰਦੋਬਸਤ ਕਰਨਾ ਵੀ ਜ਼ਰੂਰੀ ਸਮਝਦਾ ਹੈ।22 ਸਾਲਾਂ ਹਰਨੂਰ ਪੰਜਾਬੀ ਅਦੀਬ ਸਵਰਗੀ ਕਮਲਜੀਤ ਸਿੰਘ ਢੁੱਡੀਕੇ ਦਾ ਪੁੱਤਰ ਹੈ।ਹਰਨੂਰ ਕਹਿੰਦਾ ਹੈ ਕਿ ਜੀਵੇ ਪੰਜਾਬ 'ਚ ਪੰਜਾਬ ਦੇ ਸੂਫ਼ੀ,ਗੁਰਬਾਣੀ ਦੀ ਰੂਹਾਨੀ ਸੁਰ,ਸੱਤਾ ਅਤੇ ਬਲਵੰਡ ਦੀ ਵਿਰਾਸਤ ਇਹ ਸਭ ਜਦੋਂ ਇੱਕੋ ਧਾਗੇ 'ਚ ਪ੍ਰੋਏ ਜਾਣਗੇ ਤਾਂ ਪੰਜਾਬੀ ਅਦਬ ਦੀ ਸੁਰਜ਼ਮੀਨ ਕਿਉਂ ਨਾ ਖੜ੍ਹੀ ਹੋਵੇਗੀ ?
ਪੰਜਾਬ ਨੂੰ ਮਿਲਦੀ ਜੀਵੇ ਪੰਜਾਬ ਦੀ ਦੁਆ ਸਾਡਾ ਸਭਨਾਂ ਪੰਜਾਬੀਆਂ ਦੀ ਅਰਦਾਸ ਹੀ ਹੈ।ਇਸੇ ਅਰਦਾਸ 'ਚ ਪੰਜਾਬ ਦੀ ਉਮੀਦ ਹੈ ਜਿਹਨੂੰ ਕਲਾ ਰਾਹੀਂ ਇਹ ਬੱਚੇ ਪੇਸ਼ ਕਰਦੇ ਹਨ।”
ਸੁਰਜੀਤ ਪਾਤਰ, ਪੰਜਾਬੀ ਕਵੀ
ਜੀਵੇ ਪੰਜਾਬ ਦੀ ਉਮੀਦ ਇਹ ਹੈ ਕਿ ਇਹਨੂੰ ਕਰਨ ਵਾਲੇ ਨੌਜਵਾਨ ਹਨ।ਸੋ ਪੰਜਾਬ ਦੀ ਕਲਾ ਅਤੇ ਸੰਗੀਤ ਨੂੰ ਸਹੇਜਣ ਵਾਲੇ ਹੱਥ ਜਵਾਨ ਹਨ।ਇਹਨਾਂ ਹੱਥਾਂ ਕੋਲ ਪੰਜਾਬ ਦੀ ਬਾਣੀ,ਸੂਫੀ ਤੋਂ ਲੈਕੇ ਲੋਕ ਧਾਰਾ ਦੀ ਸੁਰ ਨੂੰ ਛੂਹਣ ਦਾ ਇਸ਼ਕ ਹੈ।”

ਜਸਵੰਤ ਜ਼ਫ਼ਰ, ਪੰਜਾਬੀ ਕਵੀ
ਜੀਵੇ ਪੰਜਾਬ ਪੁੱਲ ਹੈ ਜਿਹਨੇ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬੀ ਅਦਬ ਨਾਲ ਜੋੜਿਆ ਹੈ।ਹਿੱਪ ਹੋਪ,ਪੋਪ ਦੇ ਦੌਰ 'ਚ ਪਹਿਲੀ ਵਾਰ ਮਹਿਸੂਸ ਹੁੰਦਾ ਕਿ ਇੱਕ ਗਾਇਕੀ ਸਾਡੀ ਮਿੱਟੀ ਦੀ ਵੀ ਹੈ।ਮੈਂ ਜੀਵੇ ਪੰਜਾਬ 'ਚ ਕਈ ਵਾਰ ਗਾ ਚੁੱਕੀ ਹਾਂ।ਬੀ.ਐੱਸ ਦੀ ਪੜ੍ਹਾਈ ਕਰਦਿਆਂ ਇਹ ਤਜਰਬਾ ਬਹੁਤ ਸ਼ਾਨਦਾਰ ਹੈ।ਇਹ ਲੱਚਰ ਗਾਇਕੀ ਦਾ ਬਦਲ ਵੀ ਹੈ। ਅਰਪਨ ਕੌਰ ਸੰਧੂ,ਜੀਵੇ ਪੰਜਾਬ 'ਚ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨ ਤੋਂ ਬਾਅਦ ਦੇ ਤਜਰਬੇ ਨਾਲਾਫ਼

ਹਰਪ੍ਰੀਤ ਸਿੰਘ ਕਾਹਲੋਂ
ਪੀ.ਏ.ਯੂ. ਨੇ ਮਿਰਚਾਂ ਅਤੇ ਪਿਆਜ਼ ਦੀਆਂ ਕਿਸਮਾਂ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ
NEXT STORY