ਬੱਦਲ ਮਹਿਕਾਂ ਦੇ ਸੀ ਉੱਡ ਰਹੇ,ਪੰਛੀਆਂ ਦੀ ਚੀਂ ਚੀਂ ਕੰਨੀਂ ਪੈ ਰਹੀ ਸੀ । ਕੁਝ ਰਸਤੇ ਦਾ ਸ਼ੋਰ ਸੀ ਕਿ ਅਚਾਨਕ,
ਚਰਨਾ ਬੋਲਿਆ,“ਓਏ ਗੁਰਮੀਤ ਸਿਆਂ ਜ਼ਿੰਦਗੀ ਇੰਨੀ ਗੁੰਝਲਦਾਰ ਕਿਉਂ ਏ“ । ਕਿਉਂ ਏਹ ਕੱਚੇ ਪਹੇ ਪੱਕੀਆਂ ਸੜਕਾਂ ਤੋਂ ਹਮੇਸ਼ਾਂ ਨੀਵੇਂ ਹੁੰਦੇ ਨੇ ।
ਗੁਰਮੀਤ ਮੁਸਕਰਾਇਆ,“ਚਰਨਿਆ ਗੁੰਝਲਦਾਰ ਜ਼ਿੰਦਗੀ ਨੀਂ ਅਸੀਂ ਹਾਂ । ਹਵਾਵਾਂ ਬੱਦਲਾਂ ਵਿੱਚ ਦੀ ਲਰਜਦੀਆਂ ਨੇ, ਮਹਿਕਾਂ ਵੰਡਦੀਆਂ ਕਾਲੇ ਬੱਦਲ ਵੀ ਖੋਹ ਲੈ ਜਾਂਦੀਆਂ''। ਗੁਰਮੀਤ ਤਰਕ ਦਿੰਦਾ ਬੋਲਿਆ,“ਚਰਨਿਆ ਉਹ ਬੱਚੇ ਦੇਖ ਜੋ ਹੱਥ ਹਿਲਾ ਰਹੇ ਸਾਨੂੰ ਸਕੂਟਰ 'ਤੇ
ਜਾਂਦੇ ਦੇਖ''। ਚਰਨੇ ਨੇ ਤੱਕਿਆ । “ਖੁਸ਼ ਤਾਂ ਮੀਤਿਆ ਆਪਾਂ ਵੀ ਬਥੇਰੇ ਹੋਈ ਦਾ'',ਚਰਨਾ ਗੇਰ ਬਦਲਦਾ ਬੋਲਿਆ ।
ਏਹ ਖੁਸ਼ੀ ਨੀ ਜ਼ਿੰਦਗੀ ਏ,ਮੋਢੇ ਤੇ ਹੱਥ ਮਾਰਦਾ ਮੀਤਾ ਬੋਲਿਆ । ਮਤਲਬ ਆਪਾਂ ਖੁਸ਼ ਹੁੰਨੇ ਆਂ,ਫਿਰ ਦੁਖੀ ਵੀ ਹੋਈ ਦਾ । ਆਪਾਂ ਮਿਹਨਤ ਕਰਕੇ ਘਰ ਬਣੋਨੇ, ਪੈਸਾ ਬਣੋਨੇ, ਏਹ ਪਦਾਰਥਵਾਦੀ ਖੁਸ਼ੀ਼ਹੈ । ਜੋ ਨਹੀਂ ਮਿਲਦਾ ਉਹਦੇ ਪਿੱਛੇ ਭੱਜਣਾ, ਜੋ ਹੈ ਉਸ ਨੂੰ
ਗਵਾ ਦੇਣਾ । “ਗੱਲ ਤਾਂ ਸਹੀ ਹੈ ਮੀਤਿਆ'', ਚਰਨਾ ਹਾਮੀ ਭਰਦਾ ਬੋਲਿਆ । ਬੱਚੇ ਦਿਲੋਂ-ਜ਼ਿੰਦਗੀ ਜਿਉਂਦੇ ਨੇ, ਕੀ ਰੰਗ ਕੀ ਚਿਹਰੇ,, ਹਰ ਪਲ ਹੱਸ ਖੇਡ ਕੇ ਨੇ ਲਘਾਉਂਦੇ। ਏਹ ਮਾਣਦੇ ਨੇ ਉਹ ਹਵਾਵਾਂ,ਉਹ ਮੀਂਹ ਜੋ ਸਾਡੇ ਕੋਲ ਦੀ ਲੰਘ ਜਾਂਦੇ ਨੇ,ਤੇ ਅਸੀਂ ਵਹੀ-ਖਾਤਿਆਂ 'ਚ ਪਏ ਰਕਮਾਂ ਜੋੜ੍ਹ ਦੇ ਰਹਿ ਜਾਂਦੇ ਹਾਂ । ਕੁਝ ਚਿਰ ਚਿਹਰੇ ਸ਼ਾਂਤ ਰਹੇ, ਦਿਲ ਜਿੱਦਾਂ ਉਹ ਬੱਚਿਆਂ ਨੂੰ ਮੁੜ-ਮੁੜ ਦੇਖ ਰਹੇ ਹੋਣ । ਖਿਆਲਾਂ ਦੇ ਰਸਤੇ ਚਲਦਿਆਂ,ਪੁੱਠੇ ਸਿੱਧੇ ਮੋੜ ਮੁੜਦਿਆਂ ਕਦ ਜੀਰੀ ਵਾਲਾ ਖੇਤ ਆ ਗਿਆ ਪਤਾ ਹੀ ਨੀਂ ਲੱਗਿਆ । “ਚਲ ਵੀ ਚਰਨਿਆ'', ਮਾਰ ਸੈਲਫ ਕਰੀਏ ਕੱਦੂ ।ਤੇ ਅਸੀਂ ਜ਼ਿੰਦਗੀ ਦੀ ਖਿੱਚੋ-ਤਾਣ 'ਚ ਫਿਰ ਪੁੱਠੇ ਪੈਰੀਂ ਚੱਲ ਪਏ ।
ਧੰਨਵਾਦ-ਰਾਜਦੀਪ ਮਹਿਣਾ