ਮਾਂ ਦੇ ਦੁੱਧ ਵਿਚ ਜਾਤ-ਪਾਤ ਦੀ, ਗੁੜ੍ਹਤੀ ਮਿਲਦੀ ਨਾ,
ਫਿਰ ਬੰਦਾ ਜਾਤਾਂ-ਪਾਤਾਂ ਦੇ ਵਿਚ, ਵੰਡਿਆ ਕਾਹਦੇ ਲਈ।
ਹਿੰਦੂ, ਮੁਸਲਿਮ, ਸਿੱਖ, ਈਸਾਈ, ਖੂਨ ਕੋਈ ਵੀ ਵੱਖਰਾ ਨਾ,
ਫਿਰ ਅੱਜ ਦਾ ਬੰਦਾ, ਉਲਟੇ ਰੰਗ ਵਿਚ ਰੰਗਿਆ ਕਾਹਦੇ ਲਈ।
ਕੌਣ ਹੈ ਉੱਚਾ, ਕੌਣ ਹੈ ਨੀਵਾਂ, ਪਰਖ ਕੋਈ ਜਾਣੇ ਨਾ,
ਜੇ ਪਤਾ ਹੁੰਦਾ ਫਿਰ ਸੱਚ ਨੂੰ ਸੂਲੀ, ਟੰਗਿਆ ਕਾਹਦੇ ਲਈ।
ਜੇਕਰ ਸਾਰੇ ਮਨੁੱਖ ਬਣ ਗਏ, ਅੱਜ ਇਸ ਦੁਨੀਆ 'ਤੇ,
ਸੱਪ ਬਣ ਕੇ ਫਿਰ ਮਾਨਵਤਾ ਨੂੰ, ਡੰਗਿਆ ਕਾਹਦੇ ਲਈ।
ਮਾਲਕ-ਨੌਕਰ ਦਾ ਦੁਨੀਆ ਉੱਤੇ, ਝਗੜਾ ਪਾ ਬੈਠਾ,
ਘੜੀ ਪਲ ਦਾ ਮਹਿਮਾਨ ਚੌਧਰ ਵਿਚ, ਰੰਗਿਆ ਕਾਹਦੇ ਲਈ।
ਜ਼ਹਿਰ ਵਿਚ ਰਿਹਾ ਹਰ ਕੋਈ, ਅੱਜਕਲ ਵਿਚ ਬਾਜ਼ਾਰਾਂ ਦੇ,
ਪਲ-ਪਲ ਮਰੇ ਮਨੁੱਖਤਾ, ਜੀਵਨ ਮੰਗਿਆ ਕਾਹਦੇ ਲਈ।
ਦੁਨੀਆ ਉੱਤੇ ਅੱਜਕਲ ਸਾਰੇ, ਤੰਦਰੁਸਤ ਜੇ ਹੋ ਗਏ,
ਖ਼ਾਂਸੀ ਨਹੀਂ ਸੀ ਤਾਂ ਕੋਈ ਮੂਰਖ, ਖੰਘਿਆ ਕਾਹਦੇ ਲਈ।
ਕੋਈ ਕਿਸੇ ਦਾ ਸਕਾ ਨਹੀਂ, ਇਸ ਚੰਦਰੀ ਦੁਨੀਆ 'ਤੇ,
ਫਿਰ ਨਾਤਿਆਂ ਦੇ ਮਾਰਗ ਉੱਤੋਂ, ਲੰਘਿਆ ਕਾਹਦੇ ਲਈ।
ਬਚਪਨ ਤੋਂ ਹੀ ਆਪਣਿਆਂ ਤੋਂ, ਡੰਗ ਮੈਂ ਖਾਂਦਾ ਰਿਹਾ,
ਨਾ-ਮਰਦਾਂ ਨੂੰ ਸ਼ਬਦ ਸਿਖਾਉਣੋਂ, ਸੰਗਿਆ ਕਾਹਦੇ ਲਈ।
ਮਾਂ ਦੇ ਦੁੱਧ ਨੂੰ ਜੇ ਕੋਈ ਪੁੱਤਰ, ਲਾਜ ਲਗਾਉਂਦਾ ਏ,
ਸੁੱਖਣਾ ਸੁੱਖ ਕੇ ਰੱਬ ਤੋਂ ਉਸਨੂੰ, ਮੰਗਿਆ ਕਾਹਦੇ ਲਈ ।
ਪਰਸ਼ੋਤਮ ਜੋ ਸੱਚ ਕਹਿੰਦਾ, ਤਾਂਹੀ ਟੰਗਿਆ ਜਾਂਦਾ ਏ,
ਫਿਰ ਵੀ ਪੁੱਛ ਰਹੇ ਇਸਨੂੰ, ਸੂਲੀ ਟੰਗਿਆ ਕਾਹਦੇ ਲਈ।
ਭਗਵਾਨ ਬਣਨ ਦੇ ਚੱਕਰਾਂ ਦੇ ਵਿਚ, ਮੂਰਖ ਘੁੰਮਦਾ ਏ,
ਸਰੋਏ ਨੇ ਇਸ ਦਾ ਭਲਾ ਰੱਬ ਤੋਂ, ਮੰਗਿਆ ਕਾਹਦੇ ਲਈ।
ਪਸ਼ੂ ਬਣਨ ਦੀ ਗੁੜ੍ਹਤੀ, ਹਰ ਕੋਈ ਪੀ ਕੇ ਬੈਠ ਗਿਆ,
ਧਾਲੀਵਾਲੀਆ ਇਨ੍ਹਾਂ ਲਈ ਅੰਮ੍ਰਿਤ, ਮੰਗਿਆ ਕਾਹਦੇ ਲਈ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348