ਅਧਿਆਪਕ ਹੀ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਗਿਆਨਵਾਨ ਬਣਾਉਂਦੇ ਹਨ ਪਰ ਅੱਜ ਕੁਝ ਅਧਿਆਪਕ-ਅਧਿਆਪਿਕਾਵਾਂ ਆਪਣੀ ਮਰਿਆਦਾ ਨੂੰ ਭੁੱਲ ਕੇ ਬੱਚਿਆਂ ’ਤੇ ਅਣਮਨੁੱਖੀ ਅੱਤਿਆਚਾਰ ਕਰ ਰਹੇ ਹਨ। ਹੱਦ ਤਾਂ ਇਹ ਹੈ ਕਿ ਕੁਝ ਸਕੂਲਾਂ ’ਚ ਅਧਿਆਪਕ-ਅਧਿਆਪਿਕਾਵਾਂ ਤਲਾਸ਼ੀ ਦੇ ਨਾਂ ’ਤੇ ਵਿਦਿਆਰਥਣਾਂ ਦੇ ਕੱਪੜੇ ਉਤਾਰਨ ਵਰਗੇ ਅਣਮਨੁੱਖੀ ਕਾਰਿਆਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 18 ਮਾਰਚ, 2024 ਨੂੰ ‘ਬੈਂਗਲੁਰੂ’ (ਕਰਨਾਟਕ) ਦੇ ਇਕ ਸਕੂਲ ’ਚ ਇਕ ਅਧਿਆਪਿਕਾ ਦੇ ਪਰਸ ’ਚੋਂ 2000 ਰੁਪਏ ਗਾਇਬ ਹੋ ਗਏ ਤਾਂ ਉਸ ਨੇ ਸ਼ੱਕ ਦੇ ਆਧਾਰ ’ਤੇ ਇਕ ਵਿਦਿਆਰਥਣ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲਈ। ਇਸ ਅਪਮਾਨ ਦੇ ਸਿੱਟੇ ਵਜੋਂ ਵਿਦਿਆਰਥਣ ਸਦਮੇ ’ਚ ਚਲੀ ਗਈ ਅਤੇ ਦੋ ਦਿਨ ਬਾਅਦ ਹੀ ਉਸ ਨੇ ਆਤਮ-ਹੱਤਿਆ ਕਰ ਲਈ।
* 3 ਅਗਸਤ, 2024 ਨੂੰ ‘ਇੰਦੌਰ’ (ਮੱਧ ਪ੍ਰਦੇਸ਼) ਦੇ ਇਕ ਸਕੂਲ ’ਚ ਪ੍ਰੀਖਿਆ ਦੌਰਾਨ ਇਕ ਵਿਦਿਆਰਥਣ ਦੇ ਮੋਬਾਈਲ ਫੋਨ ਦੀ ਘੰਟੀ ਵੱਜਣ ’ਤੇ ਇਕ ਅਧਿਆਪਿਕਾ ਨੇ ਹੋਰਨਾਂ ਸਾਰੀਆਂ ਵਿਦਿਆਰਥਣਾਂ ਨੂੰ ਬਾਥਰੂਮ ’ਚ ਲਿਜਾ ਕੇ ਕੱਪੜੇ ਉਤਾਰ ਕੇ ਤਲਾਸ਼ੀ ਦੇਣ ’ਤੇ ਮਜਬੂਰ ਕੀਤਾ।
ਇਸ ਵਿਰੁੱਧ ਵਿਦਿਆਰਥਣਾਂ ਦੇ ਮਾਤਾ-ਪਿਤਾ ਨੇ ਪੁਲਸ ’ਚ ਰਿਪੋਰਟ ਦਰਜ ਕਰਵਾਈ। ਘਟਨਾ ਦੀ ਜਾਂਚ ਲਈ ਗਠਿਤ ਕਮੇਟੀ ਵਲੋਂ ਸ਼ਿਕਾਇਤ ਸਹੀ ਪਾਏ ਜਾਣ ’ਤੇ ਸੰਬੰਧਤ ਅਧਿਆਪਿਕਾ ਨੂੰ ਸਕੂਲ ’ਚੋਂ ਹਟਾ ਕੇ ਸਿੱਖਿਆ ਵਿਭਾਗ ’ਚ ਅਟੈਚ ਕਰ ਦਿੱਤਾ ਿਗਆ।
* 12 ਜਨਵਰੀ, 2025 ਨੂੰ ‘ਧਨਬਾਦ’ (ਝਾਰਖੰਡ) ਦੇ ਇਕ ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ’ਚ ਇਕ ਸਮਾਰੋਹ ਦੌਰਾਨ 10ਵੀਂ ਕਲਾਸ ਦੀਆਂ 80 ਵਿਦਿਆਰਥਣਾਂ ਨੂੰ ਆਪਣੀ ਸ਼ਰਟ ਉਤਾਰ ਕੇ ਸਿਰਫ ‘ਬਲੇਜ਼ਰ’ ’ਚ ਘਰ ਜਾਣ ਲਈ ਮਜਬੂਰ ਕੀਤਾ ਜਿਸ ’ਤੇ ਵਿਦਿਆਰਥਣਾਂ ਦੇ ਮਾਪਿਆਂ ਨੇ ਸਕੂਲ ’ਚ ਆ ਕੇ ਭਾਰੀ ਹੰਗਾਮਾ ਕੀਤਾ
* 12 ਮਾਰਚ, 2025 ਨੂੰ ‘ਰਾਏਸੇਨ’ (ਮੱਧ ਪ੍ਰਦੇਸ਼) ਦੇ ਉਦੈਪੁਰਾ ’ਚ ਇਕ ਅਧਿਆਪਿਕਾ ਨੇ ਦਸਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੇਣ ਆਈ ਇਕ ਵਿਦਿਆਰਥਣ ਦੀ ਤਲਾਸ਼ੀ ਦੇ ਨਾਂ ’ਤੇ ਭਰੀ ਕਲਾਸ ’ਚ ਉਸ ਦੇ ਕੱਪੜੇ ਉਤਰਵਾ ਦਿੱਤੇ ਅਤੇ ਵਿਦਿਆਰਥਣ ਦੇ ਵਿਰੋਧ ਕਰਨ ’ਤੇ ਉਸ ਨੂੰ ਕਲਾਸ ’ਚੋਂ ਬਾਹਰ ਕੱਢ ਦਿੱਤਾ। ਘਟਨਾ ਤੋਂ ਦੁਖੀ ਵਿਦਿਆਰਥਣ ਸਕੂਲ ਦੇ ਕੰਪਲੈਕਸ ’ਚ ਹੀ ਡਿੱਗ ਪਈ ਅਤੇ ਆਪਣੇ ਪਿਤਾ ਅਤੇ ਭਰਾ ਨੂੰ ਫੋਨ ਕਰ ਕੇ ਸੂਚਿਤ ਕੀਤਾ।
* 30 ਮਾਰਚ, 2025 ਨੂੰ ‘ਅਮੇਠੀ’ (ਉੱਤਰ ਪ੍ਰਦੇਸ਼) ’ਚ ‘ਬਹਾਦੁਰਪੁਰ’ ਸਥਿਤ ਇਕ ਸਕੂਲ ’ਚ ਇਕ ਵਿਦਿਆਰਥਣ ਦੇ 30 ਰੁਪਏ ਗੁੰਮ ਹੋ ਜਾਣ ਦੀ ਸ਼ਿਕਾਇਤ ਮਿਲਣ ’ਤੇ ਇਕ ਅਧਿਆਪਿਕਾ ਵਲੋਂ 7ਵੀਂ ਕਲਾਸ ਦੀ ਇਕ ਵਿਦਿਆਰਥਣ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲੈਣ ਅਤੇ ਪੈਸੇ ਨਾ ਮਿਲਣ ’ਤੇ ਜਾਤੀ ਸੂਚਕ ਗਾਲ੍ਹਾਂ ਕੱਢ ਕੇ ਧਮਕਾਉਣ ਨਾਲ ਦੁਖੀ ਪੀੜਤਾ ਡਿਪਰੈਸ਼ਨ ’ਚ ਆ ਗਈ ਅਤੇ 2 ਦਿਨਾਂ ਤੱਕ ਡਰੀ-ਸਹਿਮੀ ਰਹੀ।
ਕਿਸੇ ਤਰ੍ਹਾਂ ਬੱਚੀ ਦੀ ਮਾਂ ਨੇ ਉਸ ਨੂੰ ਦਿਲਾਸਾ ਦੇ ਕੇ ਉਸ ਦੀ ਖਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ, ਜਿਸ ’ਤੇ ਬੱਚੀ ਦੀ ਮਾਂ ਨੇ ਪੁਲਸ ’ਚ ਸਕੂਲ ਮੈਨੇਜਮੈਂਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ।
* ਅਤੇ ਹੁਣ 9 ਜੁਲਾਈ, 2025 ਨੂੰ ‘ਠਾਣੇ’ (ਮਹਾਰਾਸ਼ਟਰ) ਸਥਿਤ ਇਕ ਨਿੱਜੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਾਹਵਾਰੀ ਆ ਰਹੀ ਹੈ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ 10 ਲੜਕੀਆਂ ਦੇ ਕੱਪੜੇ ਉਤਰਵਾਉਣ ਦੇ ਦੋਸ਼ ’ਚ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਹੋਰ ਕਰਮਚਾਰੀ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 4 ਅਧਿਆਪਿਕਾਵਾਂ ਅਤੇ 2 ਟਰੱਸਟੀਆਂ ਵਿਰੁੱਧ ‘ਪੋਕਸੋ ਕਾਨੂੰਨ’ ਤਹਿਤ ਕੇਸ ਦਰਜ ਕੀਤਾ ਹੈ।
ਵਰਣਨਯੋਗ ਹੈ ਕਿ ਸਕੂਲ ਦੇ ਕਰਮਚਾਰੀਆਂ ਨੇ 8 ਜੁਲਾਈ ਨੂੰ ਟਾਇਲਟ ’ਚ ਖੂਨ ਦੇ ਧੱਬੇ ਦੇਖ ਕੇ ਇਸ ਦੀ ਸੂਚਨਾ ਅਧਿਆਪਿਕਾਵਾਂ ਅਤੇ ਪ੍ਰਿੰਸੀਪਲ ਨੂੰ ਦਿੱਤੀ ਸੀ। ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ, ਇਹ ਜਾਣਨ ਲਈ 5ਵੀਂ ਤੋਂ 10ਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਕਿਸ-ਕਿਸ ਨੂੰ ਮਾਹਵਾਰੀ ਅਾ ਰਹੀ ਹੈ।
ਅਧਿਆਪਿਕਾਵਾਂ ਨੇ ਹੱਥ ਉਠਾਉਣ ਵਾਲੀਆਂ ਵਿਦਿਆਰਥਣਾਂ ਦੇ ਅੰਗੂਠੇ ਦੇ ਨਿਸ਼ਾਨ ਸਮੇਤ ਸਾਰੇ ਵੇਰਵੇ ਦਰਜ ਕੀਤੇ ਅਤੇ ਹੋਰਨਾਂ ਲੜਕੀਆਂ ਨੂੰ ਟਾਇਲਟ ’ਚ ਲਿਜਾ ਕੇ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਜਾਂਚ ਕੀਤੀ।
ਤਲਾਸ਼ੀ ਦੇ ਨਾਂ ’ਤੇ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਸ਼ਰਮਸਾਰ ਕਰਨ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੋ ਅਧਿਆਪਕ-ਅਧਿਆਪਿਕਾਵਾਂ ਦੇ ਇਕ ਵਰਗ ’ਚ ਘਰ ਕਰ ਗਈ ਸੰਵੇਦਨਹੀਣਤਾ ਦਾ ਨਤੀਜਾ ਹੈ। ਇਸ ਤਰ੍ਹਾਂ ਦੇ ਵਿਵਹਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
ਐਂਟੀ ਏਜਿੰਗ ਡਰੱਗਜ਼ ਅਤੇ ਜੀਵਨ
NEXT STORY