ਇੱਕ ਮਈ ਜਿਸ ਨੂੰ ਕਿ ਹਰ ਸਾਲ ਪੂਰੇ ਸੰਸਾਰ ਵਿੱਚ ਅੰਤਰ-ਰਾਸ਼ਟਰੀ ਮਜ਼ਦੂਰ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਦਰਅਸਲ ਇਸਦੀ ਸ਼ੁਰੂਆਤ ਇੱਕ ਮਈ 1886 ਤੋਂ ਮੰਨੀ ਜਾਂਦੀ ਹੈ, ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ ਅੱਠ ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ। ਇਸ ਦੌਰਾਨ ਸ਼ਿਕਾਗੋ ਦੀ ਹੇਅ ਮਾਰਕਿਟ ਵਿਖੇ ਬੰਬ ਧਮਾਕਾ ਹੋਇਆ। ਇਹ ਬੰਬ ਕਿਸ ਨੇ ਚਲਾਇਆ, ਉਸ ਸਮੇਂ ਇਸਦਾ ਕੋਈ ਪਤਾ ਨਹੀਂ ਸੀ ਲੱਗਾ ਪਰ ਪੁਲਸ ਦੁਆਰਾ ਮਜ਼ਦੂਰਾਂ ’ਤੇ ਬੇ-ਤਹਾਸ਼ਾ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਟੇ ਵਜੋਂ ਸੱਤ ਮਜ਼ਦੂਰ ਮਾਰੇ ਗਏ। ਉਕਤ ਘਟਨਾਵਾਂ ਦੇ ਸੰਬੰਧੀ ਭਾਵੇਂ ਕੋਈ ਤੁਰੰਤ ਰੱਦੇ-ਅਮਲ ਵੇਖਣ ਨੂੰ ਨਹੀਂ ਮਿਲਿਆ ਪਰ ਸਮਾਂ ਬੀਤਣ ਬਾਅਦ ਅਮਰੀਕਾ ਵਿਖੇ ਕੰਮ ਕਰਨ ਦਾ ਵਕਤ 8 ਘੰਟੇ ਨਿਸ਼ਚਿਤ ਕਰ ਦਿੱਤਾ ਗਿਆ। ਇਸ ਪ੍ਰਕਾਰ ਇਹ ਇੱਕ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ।
ਇਕ ਲੰਮੇ ਸਮੇਂ ਤੱਕ ਇਹ ਪ੍ਰੰਪਰਾ ਚਲਦੀ ਰਹੀ ਪਰ ਪਿਛਲੇ ਦਿਨੀਂ ਜਿਸ ਤਰ੍ਹਾਂ ਭਾਰਤ ਅੰਦਰ ਮਜ਼ਦੂਰਾਂ ਨਾਲ ਸੰਬੰਧਤ ਵੱਖ-ਵੱਖ ਕਾਨੂੰਨਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ, ਉਸ ਦੇ ਚਲਦਿਆਂ ਭਾਰਤ ਦੇ ਅਕਸਰ ਮਜ਼ਦੂਰ ਸੰਗਠਨਾਂ ਵਿੱਚ ਅਸੰਤੋਸ਼ ਪਾਇਆ ਜਾ ਰਿਹਾ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਾਲਾਤ ਕਿਸ ਪਾਸੇ ਕਰਵਟ ਲੈਂਦੇ ਹਨ।
ਅੱਜ ਜਦੋਂ ਅਸੀਂ ਮਜ਼ਦੂਰਾਂ ਦੇ ਹੱਕਾਂ ਜਾਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਮੈਂ ਸਮਝਦਾ ਹਾਂ ਉਕਤ ਅਧਿਕਾਰਾਂ ਵੱਲ ਅੱਜ ਤੋਂ ਕਰੀਬ 1450 ਸੌ ਸਾਲ ਪਹਿਲਾਂ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸ) ਨੇ ਮਜ਼ਦੂਰਾਂ ਦੇ ਨਾ ਸਿਰਫ਼ ਹੱਕਾਂ ਦੀ ਗੱਲ ਕੀਤੀ ਸਗੋਂ ਵਿਸ਼ੇਸ਼ ਰੂਪ ਵਿੱਚ ਦੁਨੀਆਂ ਦੇ ਤਮਾਮ ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਕਿ ਮਜ਼ਦੂਰ ਦੀ ਮਜ਼ਦੂਰੀ ਉਸ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿੱਤੀ ਜਾਵੇ। ਉਨ੍ਹਾਂ ਹੱਜ-ਤੁਲ-ਵਿਦਾ ਮੌਕੇ ’ਤੇ ਆਪਣੇ ਆਖਰੀ ਸੰਬੋਧਨ ਦੌਰਾਨ ਪੂਰੇ ਵਿਸ਼ਵ ਦੇ ਸਰਮਾਏਦਾਰ ਜਾਂ ਕਹਿ ਲਵੋ ਕਿ ਅਮੀਰ ਲੋਕਾਂ ਨੂੰ ਅਪਣੇ ਮਾਤਹਿਤ ਕੰਮ ਕਰਦੇ ਕਾਰਿੰਦਿਆਂ (ਖਾਦਿਮਾਂ, ਗੁਲਾਮਾਂ ) ਜੇਕਰ ਅਜੋਕੇ ਸੰਦਰਭ ਵਿੱਚ ਕਹੀਏ ਤਾਂ ਮਜ਼ਦੂਰਾਂ ਦੇ ਹੱਕਾਂ ਨੂੰ ਪੂਰਾ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਨਾਲ ਹੀ ਉਨ੍ਹਾਂ ਮਜ਼ਦੂਰਾਂ ਦਾ ਸੋਸ਼ਣ ਕਰਨ ਵਾਲਿਆਂ ਨੂੰ ਉਸ ਸੱਚੇ ਰੱਬ ਦੀ ਦਰਗਾਹ ਵਿੱਚ ਆਪਣੇ ਅੰਜਾਮ ਭੁਗਤਣ ਦੀ ਵੀ ਚਿਤਾਵਨੀ ਦਿੱਤੀ।
ਇਸੇ ਸੰਦਰਭ ਜੇਕਰ ਗੱਲ ਭਾਰਤ ਦੀ ਕਰੀਏ ਤਾਂ ਪਹਿਲਾਂ ਪਹਿਲ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ਵਿੱਚ ਉਦੋਂ ਆਵਾਜ਼ ਬੁਲੰਦ ਕੀਤੀ, ਜਦੋਂ ਉਨ੍ਹਾਂ ਨੇ ਉਸ ਸਮੇਂ ਦੇ ਹੰਕਾਰੀ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਤੇ ਇਸ ਦੀ ਥਾਂ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ।
ਹੁਣ ਗੱਲ ਜੇਕਰ ਉਰਦੂ ਸ਼ਾਇਰੀ ਦੇ ਸੰਦਰਭ ਵਿੱਚ ਮਜ਼ਦੂਰ ਤਬਕੇ ਦੇ ਹੱਕਾਂ ਦੀ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਰਦੂ ਦੇ ਸੱਭ ਤਰੱਕੀ ਪਸੰਦ ਸ਼ਾਇਰਾਂ ਨੇ ਮਜ਼ਦੂਰਾਂ ਦੇ ਜੀਵਨ ’ਤੇ ਵੱਖੋ-ਵੱਖਰੇ ਢੰਗ ਨਾਲ ਆਪਣੇ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਇਸ ਵਰਗ ਦੇ ਹੱਕ ਵਿੱਚ ਆਪਣਾ ਹਾਅ ਦਾ ਨਾਅਰਾ ਮਾਰਿਆ।
ਇਸ ਸੰਦਰਭ ਵਿੱਚ ਅੱਜ ਅਸੀਂ ਗੱਲ ਮੁਹੱਬਤ ਦੀ ਨਿਸ਼ਾਨੀ ਭਾਵ “ਤਾਜ ਮਹਿਲ” ਤੋਂ ਸ਼ੁਰੂ ਕਰਦੇ ਹਾਂ, ਜਿਸ ਨੂੰ ਪੂਰੀ ਦੁਨੀਆਂ ਵਿੱਚ ਪਿਆਰ ਦੀ ਨਿਸ਼ਾਨੀ ਵਜੋਂ ਜਾਣਿਆ ਪਹਿਚਾਣਿਆ ਜਾਂਦਾ ਹੈ। ਜਦੋਂ ਕਵੀ ਸਾਹਿਰ ਲੁਧਿਆਣਵੀ ਦਾ ਮਹਿਬੂਬ ਉਸੇ ਤਾਜ ਮਹਿਲ ਵਿੱਚ ਮਿਲਣ ਦੀ ਜ਼ਿੱਦ ਕਰਦਾ ਹੈ ਤਾਂ ਸਾਹਿਰ ਨਜ਼ਮ “ਤਾਜ ਮਹਿਲ” ਵਿੱਚ ਆਪਣੇ ਮਹਿਬੂਬ ਨੂੰ ਮਿਲਣ ਤੋਂ ਗੁਰੇਜ਼ ਕਰਦਾ ਹੋਇਆ ਇਹ ਤਾਕੀਦ ਕਰਦਾ ਹੈ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਨਹੀਂ, ਸਗੋਂ ਇਹ ਸਰਮਾਏਦਾਰਾ ਨਿਜ਼ਾਮ ਵਲੋਂ ਸਾਡੇ ਵਰਗੇ ਹਜ਼ਾਰਾਂ ਗ਼ਰੀਬ, ਮਜ਼ਦੂਰ ਲੋਕਾਂ ਦੀ ਮੁਹੱਬਤਾਂ ਦਾ ਮਜ਼ਾਕ ਉਡਾਉਣ ਦੇ ਸਮਾਣ ਹੈ। ਸਾਹਿਰ ਅਨੁਸਾਰ ਤਾਜ ਮਹਿਲ ਨੂੰ ਇੰਨੀ ਸੁੰਦਰ ਅਤੇ ਬਿਹਤਰੀਨ ਸ਼ਕਲ ਦੇਣ ਵਾਲੇ ਕਾਰੀਗਰ ਜਾਂ ਮਜ਼ਦੂਰਾਂ ਨੂੰ ਵੀ ਆਪਣੀਆਂ ਪਤਨੀਆਂ ਨਾਲ ਜ਼ਰੂਰ ਸ਼ਹਿਨਸ਼ਾਹ ਵਾਂਗ ਪਿਆਰ ਹੋਵੇਗਾ ਪਰ ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਪਾਸ ਅਪਣੀ ਪਤਨੀ ਦੀ ਯਾਦਗਾਰ ਬਣਾਉਣ ਲਈ ਇੰਨਾ ਪੈਸਾ ਜਾਂ ਸੰਸਾਧਨ ਮੌਜੂਦ ਨਹੀਂ ਸਨ, ਕਿਉਂਕਿ ਉਹ ਆਪਣੇ ਵਾਂਗੂੰ ਗਰੀਬ ਸਨ। ਦਰਅਸਲ ਉਨ੍ਹਾਂ ਦੇ ਪੂਰੇ ਦੇ ਪੂਰੇ ਜੀਵਨ ਇੱਕ ਕਦੀ ਨਾ ਖ਼ਤਮ ਹੋਣ ਵਾਲੇ ਅੰਧਕਾਰ ਅਤੇ ਗੁੰਮਨਾਮੀ ਦੀ ਨਜ਼ਰ ਹੋ ਗਏ, ਇਸੇ ਲਈ ਸ਼ਾਹਿਰ ਆਪਣੀ ਮਹਿਬੂਬ ਨੂੰ ਤਾਕੀਦ ਕਰਦਿਆਂ ਆਖਦੇ :
ਤਾਜ ਤੇਰੇ ਲੀਏ ਇੱਕ ਮਜ਼ਹਿਰੇ ਉਲਫਤ ਹੀ ਸਹੀ,
ਤੁਝ ਕੋ ਇਸ ਵਾਦੀਏ ਰੰਗੀਂ ਸੇ ਅਕੀਦਤ ਹੀ ਸਹੀ,
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ।
ਬਜ਼ਮ-ਏ-ਸ਼ਾਹੀ ਮੇਂ ਗਰੀਬੋਂ ਕਾ ਗੁਜ਼ਰ ਕਿਯਾ ਮਾਅਨੀ,
ਸਬਤ ਜਿਸ ਰਾਹ ਮੇਂ ਹੋਂ ਸਤੂਤੇ-ਸ਼ਾਹੀ ਕੇ ਨਿਸ਼ਾਂ,
ਉਸਪੇ ਉਲਫਤ ਭਰੀ ਰੂਹੋਂ ਕਾ ਸਫਰ ਕਿਯਾ ਮਾਅਨੀ,
ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ।
ਹਮ ਗਰੀਬੋਂ ਕੀ ਮੁਹੱਬਤ ਕਾ ਉਡਾਯਾ ਹੈ ਮਜ਼ਾਕ।
ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁੱਝ ਸੇ।
ਜਿਵੇਂ ਅਸੀਂ ਸਾਰੇ ਅਨੁਭਵ ਕਰਦੇ ਹਾਂ ਕਿ ਅੱਜ ਮਜ਼ਦੂਰ ਦੀ ਅਣਥੱਕ ਮਿਹਨਤ ਦੇ ਬਾਵਜੂਦ ਉਸਦੇ ਰੋਜ਼ਾਨਾ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਵੇਖਣ ਨੂੰ ਨਹੀਂ ਮਿਲਦੀ ਅਤੇ ਕਈ ਵਾਰ ਤਾਂ ਹਾਲਾਤ ਦੀ ਸਿਤਮ-ਜ਼ਰੀਫੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇਨ੍ਹਾਂ ਦੇ ਘਰਾਂ ਦੇ ਚੁੱਲ਼੍ਹੇ ਠੰਢੇ ਪੈ ਜਾਂਦੇ ਹਨ ਅਤੇ ਕਈ ਕਈ ਦਿਨ ਦੇ ਫਾਕੇ ਤੱਕ ਕੱਟਣੇ ਪੈ ਜਾਂਦੇ ਹਨ। ਜਿਵੇਂ ਪਿਛਲੇ ਸਾਲ ਅਸੀਂ ਲਾਕ-ਡਾਊਨ ਦੌਰਾਨ ਮਜਦੂਰਾਂ ਨੂੰ ਜਿਸ ਤਰ੍ਹਾਂ ਸੜਕਾਂ ਅਤੇ ਰੇਲਵੇ ਲਾਈਨਾਂ ਦੇ ਨਾਲ ਨਾਲ ਪੈਦਲ ਆਪਣੇ ਘਰਾਂ ਵੱਲ ਜਾਂਦਿਆਂ ਵੇਖਿਆ। ਇਸ ਦੌਰਾਨ ਕਿੰਨੇ ਮਜਦੂਰਾਂ ਸੜਕਾਂ ਅਤੇ ਟਰੈਨ ਹਾਦਸਿਆਂ ਵਿਚਕਾਰ ਅਜਾਈਂ ਮੌਤ ਦੇ ਮੂੰਹ ਵਿੱਚ ਜਾਂਦਿਆਂ ਵੇਖਿਆ ਅਤੇ ਸੁਣਿਆ ਉਹ ਸੱਭ ਰੂਹ ਨੂੰ ਛਲਨੀ ਕਰਨ ਵਾਲਾ ਸੀ। ਦਰਅਸਲ ਉਸ ਦੁੱਖ ਅਤੇ ਦਰਦ ਨੂੰ ਉਹੋ ਮਹਿਸੂਸ ਕਰ ਸਕਦਾ ਹੈ, ਜੋ ਇਸ ਪੀੜਾ ’ਚੋਂ ਲੰਘਿਆ ਹੋਏ। ਇਕ ਕਵੀ ਅਨੁਸਾਰ :
ਦਰਦ ਏ ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ ।।
ਮਜਦੂਰ ਵਰਗ ਨੂੰ ਇੱਟਾਂ ਢੋਣ ਜਾਂ ਵੱਖ-ਵੱਖ ਫੈਕਟਰੀਆਂ ਜਾਂ ਮਿੱਲਾਂ ਵਿੱਚ ਕੰਮ ਕਰਨ ਵਾਲਿਆਂ ਤੱਕ ਸੀਮਤ ਕਰਨਾ ਸਹੀ ਨਹੀਂ ਹੋਵੇਗਾ। ਦਰਅਸਲ ਵੱਖ-ਵੱਖ ਦਫ਼ਤਰਾਂ ਵਿੱਚ ਜੋ ਮੁਲਾਜ਼ਮ (ਮਜਦੂਰ) ਵਧੇਰੇ ਕਰਕੇ ਪ੍ਰਾਈਵੇਟ ਸੰਸਥਾਵਾਂ ਵਿੱਚ ਕੰਮ ਕਰਨ ਵਾਲਿਆਂ ਦੇ ਜੋ ਹਾਲਾਤ ਹਨ, ਉਹ ਬੇਹੱਦ ਤਰਸਯੋਗ ਹਨ ਉਨ੍ਹਾਂ ਨਾਲ ਜੋ ਸੋਸ਼ਣ ਤੇ ਅੱਤਿਆਚਾਰ ਹੁੰਦਾ ਹੈ, ਉਸਦੀ ਤਸਵੀਰ ਇੱਕ ਆਧੁਨਿਕ ਸ਼ਾਇਰ ਨੇ ਕੁੱਝ ਇਸ ਤਰ੍ਹਾਂ ਪੇਸ਼ ਕੀਤੀ ਕਿ:
ਵੋਹ ਮੁਲਾਜ਼ਿਮ ਹੈ ਉਸੇ ਹੁਕਮ ਹੈ ਘਰ ਜਾਏ ਨਾ,
ਮੁੱਝ ਕੋ ਡਰ ਹੈ ਕਿ ਵੋਹ ਦਫ਼ਤਰ ਹੀ ਮੇਂ ਮਰ ਜਾਏ ਨਾ।
ਇਸੇ ਤਰ੍ਹਾਂ ਇਕ ਹੋਰ ਥਾਂ ਇਕ ਕਵੀ ਆਖਦੇ ਹਨ ਕਿ:
ਆਜ ਭੀ ਦੌਰ-ਏ-ਹਕੂਮਤ ਵਹੀ ਪਹਿਲੇ ਸਾ ਹੈ
ਆਜ ਭੀ ਗੁਜ਼ਰੇ ਹੂਏ ਵਕਤ ਕਾ ਖਾਦਿਮ ਹੂੰ ਮੇਂ।
ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇਕ ਮਜ਼ਦੂਰ ਅਪਣੇ ਬੱਚਿਆਂ ਦੇ ਦਿਲੀ ਅਰਮਾਨ ਪੂਰੇ ਕਰਨ ਜੋਗੇ ਪੈਸੇ ਨਹੀਂ ਜੁਟਾ ਪਾਉਂਦਾ ਤਾਂ ਅਜਿਹੇ ਹਾਲਾਤ ਵਿੱਚ ਇੱਕ ਬੱਚਾ ਜਦ ਆਪਣੇ ਗ਼ਰੀਬ ਮਜ਼ਦੂਰ ਪਿਤਾ ਨਾਲ ਬਾਜ਼ਾਰ ਜਾਂਦਾ ਹੈ ਤਾਂ ਬੱਚੇ ਅਤੇ ਪਿਤਾ ਦੀ ਮਨੋਵਿਰਤੀ ਦੀ ਤਸਵੀਰ ਇੱਕ ਕਵੀ ਨੇ ਇਸ ਪਰਕਾਰ ਪੇਸ਼ ਕੀਤੀ ਹੈ ਕਿ:
ਉਸੇ ਭੀ ਮੇਰੀ ਮੁਆਸ਼ੀ ਹੈਸੀਅਤ ਕਾ ਇਲਮ ਹੈ ਸ਼ਾਇਦ,
ਮੇਰਾ ਬੱਚਾ ਅੱਬ ਮਹਿੰਗੇ ਖਿਲੌਣੇ ਛੋੜ ਜਾਤਾ ਹੈ।
ਇੱਕ ਹੋਰ ਕਵੀ ਅਪਣੇ ਭਾਵ ਕੁੱਝ ਇਸ ਪ੍ਰਕਾਰ ਪੇਸ਼ ਕਰਦਾ ਹੈ ਕਿ:
ਮੁੱਝ ਕੋ ਥਕਨੇ ਨਹੀਂ ਦੇਤੇ ਹੈਂ ਜ਼ਰੂਰਤ ਕੇ ਪਹਾੜ,
ਮੇਰੇ ਬੱਚੇ, ਮੁਝੇ ਬੂੜ੍ਹਾ ਨਹੀਂ ਹੋਣੇ ਦੇਤੇ।
ਇੱਕ ਮਜ਼ਦੂਰ ਦੇ ਮਿਹਨਤ ਸਦਕਾ ਜੋ ਉਸ ਦੇ ਹੱਥਾਂ ਤੇ ਅੱਟਣ ਪੈ ਜਾਂਦੇ ਹਨ, ਉਸ ਸੰਬੰਧੀ ਕਵੀ ਜਾਂ-ਨਿਸਾਰ ਅਖਤਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੁੱਝ ਇਸ ਪਰਕਾਰ ਕਰਦਾ ਹੈ ਕਿ:
ਔਰ ਤੋ ਮੁੱਝ ਕੋ ਮਿਲਾ ਕਿਯਾ ਮੇਰੀ ਮਿਹਨਤ ਕਾ ਸਿਲਾ
ਚੰਦ ਸਿੱਕੇ ਹੈਂ, ਮੇਰੇ ਹਾਥ ਮੇਂ ਛਾਲੋਂ ਕੀ ਤਰਹਾਂ।
ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ।
ਪਰੰਤੂ ਅੱਜ ਜਿਸ ਤਰ੍ਹਾਂ ਨਾਲ ਕਿਸਾਨ ਵਰਗ ਆਪਣੀ ਹੱਕੀ ਮੰਗਾਂ ਲਈ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ਅਤੇ ਉਸ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਜੇਕਰ ਦੇਸ਼ ਅੰਦਰ ਹਰੀ ਕ੍ਰਾਂਤੀ ਲਿਆਉਣ ਵਾਲੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਇਹ ਯਕੀਨਨ ਅਜੋਕੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ।
ਦਰਅਸਲ ਅੱਜ ਜੋ ਕਿਸਾਨਾਂ ਅਤੇ ਕਾਮਿਆਂ ਦੀ ਹਾਲਤ ਹੈ, ਉਹ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ। ਹਾਲਾਤ ਇਹ ਹਨ ਕਿ ਦਿਨ ਰਾਤ ਦੀ ਵਧਦੀ ਮਹਿੰਗਾਈ ਨੇ ਜਿੱਥੇ ਸਾਧਾਰਨ ਮੱਧ ਵਰਗ ਦੀ ਕਮਰ ਤੋੜ ਰੱਖੀ ਹੈ, ਉੱਥੇ ਹੀ ਮਜ਼ਦੂਰ ਤਬਕੇ ਲਈ ਅਪਣੇ ਜੀਵਨ ਦਾ ਇੱਕ ਇੱਕ ਦਿਨ ਕੱਟਣਾ ਮੁਹਾਲ ਜਾਪਦਾ ਹੈ ਜਦੋਂ ਕਿ ਮਜ਼ਦੂਰ ਕਿਸਾਨਾਂ ਵਿੱਚ ਆਪਣੇ ਭਵਿਖ ਨੂੰ ਲੈ ਕੇ ਵਧੇਰੇ ਨਿਰਾਸ਼ਾ ਪਾਈ ਜਾ ਰਹੀ ਹੈ। ਇੱਥੋਂ ਤੱਕ ਕਿ ਕਈ ਤਾਂ ਖੁਦਕਸ਼ੀਆਂ ਕਰਕੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਰਹੇ ਹਨ। ਸ਼ਾਇਦ ਇਸੇ ਸੰਦਰਭ ਵਿਚ ਕਦੀ ਇਕਬਾਲ ਨੇ ਕਿਹਾ ਸੀ ਕਿ:
ਉੱਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗਾ ਦੋ।
ਕਾਖ-ਏ-ਉਮਰਾ ਕੇ ਦਰ-ਉ-ਦੀਵਾਰ ਹਿਲਾ ਦੋ।
ਜਿਸ ਖੇਤ ਸੇ ਦਹਿਕਾਨ ਕੋ ਮੁਯੱਸਰ ਨਹੀਂ ਰੋਜ਼ੀ।
ਉਸ ਖੇਤ ਹਰ ਖੂਸ਼ਾ-ਏ-ਗੰਦੁਮ ਕੋ ਜਲਾਦੋ।
ਆਖਰ ਵਿਚ ਜਿਥੇ ਮੈਂ ਮਜਦੂਰਾਂ ਦੇ ਹੱਕਾਂ ਅਤੇ ਹੋ ਰਹੇ ਸੋਸ਼ਣ ਦੀ ਗੱਲ ਕੀਤੀ ਹੈ ਉਥੇ ਹੀ ਮਜਦੂਰ ਵਰਗ ਵਿਚ ਕੁਝ ਅਜਿਹੇ ਵੀ ਲੋਕ ਸਾਹਮਣੇ ਆਉਂਦੇ ਹਨ ਜੋ ਕਿ ਆਪਣੀ ਮਜਦੂਰੀ ਤਾਂ ਪੂਰੀ ਲੈਂਦੇ ਹਨ ਪਰ ਆਪਣੇ ਮਾਲਕ ਦਾ ਬਣਦਾ ਹੱਕ ਅਦਾ ਨਹੀਂ ਕਰਦੇ ਸਗੋਂ ਕੰਮ ਤੋਂ ਜੀਅ ਚੁਰਾਉਂਦੇ ਹਨ ਜਾਂ ਮਾਲਕ ਦੀ ਗੈਰ ਹਾਜ਼ਰੀ ਵਿੱਚ ਅਕਸਰ ਮਿੱਟੀ ਘੱਟਾ ਪਾਉਂਦੇ ਹਨ ਅਤੇ ਕਈ ਵਾਰ ਥੋੜ੍ਹੇ ਜਿਹੇ ਕੰਮ ਲਈ ਵਧੇਰੇ ਮਿਹਨਤਾਨਾ ਵਸੂਲਣ ਦੀ ਕੋਸ਼ਿਸ਼ ਕਰਦੇ ਹਨ ਮਜਦੂਰ ਵਰਗ ਦੇ ਕੁੱਝ ਕੁ ਲੋਕਾਂ ਵਿਚ ਪਾਈ ਜਾਂਦੀ ਇਸ ਭਾਵਨਾ ਨੂੰ ਵੀ ਕਦਾਚਿਤ ਉਚਿਤ ਨਹੀਂ ਠਹਿਰਾਇਆ ਜਾ ਸਕਦਾ ਯਕੀਨਨ ਅਜਿਹੇ ਲੋਕਾਂ ਦੀ ਮੰਦੀ ਭਾਵਨਾ ਕਾਰਨ ਪੂਰਾ ਮਜਦੂਰ ਵਰਗ ਬਦਨਾਮ ਹੁੰਦਾ ਹੈ।
ਇਸਲਾਮ ਧਰਮ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹੈ ਜੋ ਹਲਾਲ ਤਰੀਕੇ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਇਸ ਦੇ ਬਰ ਖਿਲਾਫ ਬਿਨਾਂ ਵਜ੍ਹਾ ਭੀਖ ਮੰਗਣ ਵਾਲਿਆਂ ਨੂੰ ਨਾ-ਪਸੰਦ ਕੀਤਾ ਗਿਆ ਹੈ ਸਗੋਂ ਇਸ ਤਰ੍ਹਾਂ ਦੇ ਲੋਕਾਂ ਨੂੰ ਦਰਦਨਾਕ ਅਜਾਬ ਦੀ ਤਾੜਨਾ ਤੱਕ ਕੀਤੀ ਗਈ ਹੈ ਆਖਿਆ ਇਹ ਵੀ ਜਾਂਦਾ ਹੈ ਕਿ ਜਿਸ ਮਜਦੂਰ ਨੇ ਆਪਣੇ ਮਾਲਕ ਨੂੰ ਖੁਸ਼ ਕੀਤਾ ਉਸ ਨੇ ਇਕ ਤਰ੍ਹਾਂ ਨਾਲ ਆਪਣੇ ਰੱਬ ਨੂੰ ਰਾਜ਼ੀ ਕਰ ਲਿਆ ਤੇ ਜਿਸ ਬੰਦੇ ਤੋਂ ਉਸ ਦਾ ਰੱਬ ਰਾਜ਼ੀ ਹੋ ਗਿਆ ਤਾਂ ਸਮਝੋ ਉਹ ਬੰਦਾ ਤਾਂ ਦੁਨੀਆ ਤੇ ਆਖਰਿਤ ਦੋਵੇਂ ਜਹਾਨਾਂ ਵਿੱਚ ਕਾਮਯਾਬ ਹੋ ਗਿਆ।
ਲੇਖਕ :ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ ਨੰਬਰ 9855259650
Abbasdhaliwal72@gmail.com
ਕ੍ਰਿਸਟੀਆ ਫ੍ਰੀਲੈਂਡ ਹਵਾਲੇ ਸਰਕਾਰ ਕਰ ਕੇ ਟਰੂਡੋ ਰਚ ਸਕਦੇ ਹਨ ਨਵਾਂ ਇਤਿਹਾਸ
NEXT STORY